*ਪਲਾਸਟਿਕ ਦੀ ਥਾਂ ’ਤੇ ਕੇਵਲ ਕੱਪੜੇ ਦੇ ਥੈਲੇ ਦੀ ਹੀ ਵਰਤੋਂ ਕੀਤੀ ਜਾਵੇ-ਡਿਪਟੀ ਕਮਿਸ਼ਨਰ*

0
68

ਮਾਨਸਾ, 13 ਜੁਲਾਈ : (ਸਾਰਾ ਯਹਾਂ/ਮੁੱਖ ਸੰਪਾਦਕ )
ਸਿੰਗਲ ਯੂਜ਼ ਪਲਾਸਟਿਕ ਅਤੇ ਲਿਫਾਫਿਆਂ ਨੂੰ ਖ਼ਤਮ ਕਰਨ ਲਈ ਮਾਨਸਾ ਵਿਖੇ ਵੱਖ ਵੱਖ ਦੁਕਾਨਾਂ ਅਤੇ ਰੇਹੜ੍ਹੀਆਂ ’ਤੇ ਕੀਤੀ ਚੈਕਿੰਗ ਦੌਰਾਨ 70 ਕਿੱਲੋਂ ਦੇ ਕਰੀਬ ਸਿੰਗਲ ਯੂਜ਼ ਪਲਾਸਟਿਕ ਦੇ ਲਿਫਾਫੇ ਜ਼ਬਤ ਕੀਤੇ ਗਏ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਰਿਸ਼ੀਪਾਲ ਸਿੰਘ ਨੇ ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰ ਵੱਲੋਂ ਸਿੰਗਲ ਯੂਜ਼ ਪਲਾਸਟਿਕ ਅਤੇ ਲਿਫ਼ਾਫਿਆਂ ਨੂੰ ਬੰਦ ਕੀਤਾ ਹੋਇਆ ਹੈ ਪਰ ਫਿਰ ਵੀ ਕੁਝ ਦੁਕਾਨਦਾਰਾਂ ਅਤੇ ਰੇਹੜੀਆਂ ਵਾਲਿਆਂ ਵੱਲੋਂ ਪਲਾਸਟਿਕ ਦੇ ਲਿਫਾਫੇ ਵਰਤੇ ਜਾ ਰਹੇ ਹਨ, ਜਿਸ ਦੇ ਲਈ ਅਧਿਕਾਰੀਆਂ ਨੂੰ ਅਚਨਚੇਤ ਚੈਕਿੰਗ ਦੇ ਨਿਰਦੇਸ਼ ਦਿੱਤੇ ਗਏ। ਇਸ ਉਪਰੰਤ ਅੱਜ ਐਸ.ਡੀ.ਓ. ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਹਰਸਿਮਰਨ ਸਿੰਘ ਅਤੇ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਮਾਨਸਾ ਬਿਪਨ ਕੁਮਾਰ ਵੱਲੋਂ ਟੀਮ ਸਮੇਤ ਮਾਨਸਾ ਵਿਖੇ ਵੱਖ-ਵੱਖ ਦੁਕਾਨਾਂ ਅਤੇ ਰੇਹੜੀਆਂ ਦੀ ਚੈਕਿੰਗ ਕੀਤੀ ਗਈ।


ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਲਾਸਟਿਕ ਦੀ ਵਰਤੋਂ ਵਾਤਾਵਰਣ ਅਤੇ ਮਨੁੱਖੀ ਜੀਵਨ ਲਈ ਬਹੁਤ ਹੀ ਜ਼ਿਆਦਾ ਘਾਤਕ ਹੈ ਅਤੇ ਸਿੰਗਲ ਯੂਜ਼ ਪਲਾਸਟਿਕ ਦਾ ਪ੍ਰਦੂਸ਼ਨ ਫੈਲਾਉਣ ਵਿੱਚ ਕਾਫ਼ੀ ਵੱਡਾ ਹੱਥ ਹੈ। ਉਨ੍ਹਾਂ ਕਿਹਾ ਕਿ ਇਹ ਸਿੰਗਲ ਯੂਜ਼ ਪਲਾਸਟਿਕ ਹੀ ਸੀਵਰੇਜ਼ ਬਲਾਕ ਦੀ ਸਮੱਸਿਆ ਦਾ ਕਾਰਨ ਬਣਦੇ ਹਨ। ਉਨ੍ਹਾਂ ਕਿਹਾ ਕਿ ਪਲਾਸਟਿਕ ਦੇ ਲਿਫ਼ਾਫ਼ੇ ਪੂਰਨ ਤੌਰ ’ਤੇ ਬੰਦ ਹਨ ਅਤੇ ਕੇਵਲ ਕੱਪੜੇ ਤੋਂ ਬਣੇ ਹੋਏ ਥੈਲੇ ਹੀ ਵਰਤੋਂ ਵਿੱਚ ਲਿਆਂਦੇ ਜਾਣ।
ਇਸ ਮੌਕੇ ਸੈਨੇਟਰੀ ਇੰਸਪੈਕਟਰ ਰੁਸਤਮ ਸ਼ੇਰ ਸੋਢੀ, ਸੈਨੇਟਰੀ ਸੁਪਰਵਾਈਜ਼ਰ ਤਰਸੇਮ ਸਿੰਘ, ਸੀ.ਐਫ. ਜਸਵਿੰਦਰ ਸਿੰਘ, ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਵੱਲੋਂ ਮਨਦੀਪ ਗੋਇਲ, ਏ.ਐਸ.ਆਈ. ਵੈਦ ਸਿੰਘ ਅਤੇ ਹੌਲਦਾਰ ਬਲਜਿੰਦਰ ਸਿੰਘ ਤੋਂ ਇਲਾਵਾ ਨਗਰ ਕੌਂਸਲ ਦੇ ਮੁਲਾਜ਼ਮ ਮੌਜੂਦ ਸਨ।   

NO COMMENTS