ਪਰਵਾਸੀ ਮਜ਼ਦੂਰ ਵਲੋਂ ਔਰਤ ਨਾਲ ਜ਼ਬਰਦਸਤੀ ਦੀ ਕੋਸ਼ਿਸ਼, ਵਿਰੋਧ ਕਰਨ ‘ਤੇ ਚਾਕੂ ਮਾਰ ਕੇ ਕੀਤਾ ਕਤਲ

0
137

ਮੋਗਾ: ਮੋਗਾ ਵਿੱਚ ਇੱਕ ਪਰਵਾਸੀ ਮਜ਼ਦੂਰ ਵੱਲੋਂ ਦਿਲ ਕੰਬਾ ਦੇਣ ਵਾਲੀ ਇੱਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪਰਵਾਸੀ ਵਲੋਂ  ਇੱਕ ਕਿਰਾਏ ਦੇ ਮਕਾਨ ‘ਤੇ 4 ਸਾਲ ਦੀ ਧੀ ਨਾਲ ਰਹਿ ਰਹੀ 24 ਸਾਲ ਦੀ ਤਲਾਕਸ਼ੁਦਾ ਔਰਤ ਨੂੰ ਹਵਸ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਜਦ ਔਰਤ ਨੇ ਉਸ ਦਾ ਵਿਰੋਧ ਕੀਤਾ ਤਾਂ ਉਸ ਨੇ ਔਰਤ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ।  ਪੁਲਿਸ ਨੇ ਆਰੋਪੀ ਨੂੰ ਗ੍ਰਿਫਤਾਰ ਕਰਕੇ ਉਸ ‘ਤੇ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੀ ਮਾਂ ਨੇ ਦੱਸਿਆ ਕਿ 6 ਮਹੀਨੇ ਪਹਿਲਾਂ ਉਸ ਦੀ ਧੀ ਦਾ ਤਲਾਕ ਹੋਇਆ ਸੀ।

ਉਨ੍ਹਾਂ ਦੱਸਿਆ ਕਿ ਉਸ ਦੀ ਧੀ ਮੋਗੇ ਦੇ ਇੱਕ ਸੈਲੂਨ ਵਿੱਚ ਕੰਮ ਕਰਦੀ ਸੀ। ਉਹ ਇੱਥੇ ਇੱਕ ਕਿਰਾਏ  ਦੇ ਮਕਾਨ ‘ਤੇ ਆਪਣੀ 4 ਸਾਲ ਦੀ ਧੀ ਨਾਲ ਰਹਿੰਦੀ ਸੀ। ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਉਹ ਕੱਲ ਹੀ ਉਹ ਉਸ ਨੂੰ ਮਿਲਣ ਲਈ ਮੋਗਾ ਆਈ ਸੀ। ਅੱਜ ਸਵੇਰੇ 4:00 ਵਜੇ ਦੇ ਕਰੀਬ ਜਦੋਂ ਉਹ ਬਾਥਰੂਮ ਗਈ ਹੋਈ ਸੀ ਤਾਂ ਉਥੇ ਹੀ ਮਾਕਨ ‘ਤੇ ਰਹਿ ਰਹੇ ਇੱਕ ਪਰਵਾਸੀ ਮਜ਼ਦੂਰ ਵੱਲੋਂ ਉਸ ਦੀ ਧੀ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਗਈ।

ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਜਦੋਂ ਉਸ ਨੇ ਆਪਣੀ ਧੀ ਦੇ ਚੀਖਣ ਦੀ ਆਵਾਜ਼ ਸੁਣੀ ਤਾਂ ਉਹ ਭੱਜਦੀ ਹੋਈ ਉਸ ਦੇ ਦਰਵਾਜ਼ੇ ਤੱਕ ਪਹੁੰਚੀ, ਪਰ ਮੁਲਜ਼ਮ ਵੱਲੋਂ ਦਰਵਾਜ਼ਾ ਅੰਦਰੋਂ ਹੀ ਬੰਦ ਕਰ ਲਿਆ ਗਿਆ ਸੀ। ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਉਸਨੇ ਦਰਵਾਜ਼ੇ ‘ਚ ਥੋੜ੍ਹੀ ਜਿਹੀ ਜਗ੍ਹਾ ‘ਚੋਂ ਵੇਖਿਆ ਤਾਂ ਪਰਵਾਸੀ ਉਸ ਦਾ ਗਲਾ ਦਬਾ ਰਿਹਾ ਸੀ ਅਤੇ ਵੇਖਦੇ ਹੀ ਵੇਖਦੇ ਉਸ ਨੇ ਚਾਕੂ ਨਾਲ ਉਸ ‘ਤੇ ਵਾਰ ਕਰ ਦਿੱਤਾ। ਮਾਂ ਨੇ ਦੱਸਿਆ ਕਿ ਉਸ ਨੇ ਆਪਣੀ ਧੀ ਦਾ ਕਤਲ ਹੁੰਦੇ ਹੋਏ ਵੇਖਿਆ ਪਰ ਦਰਵਾਜ਼ਾ ਬੰਦ ਹੋਣ ਕਾਰਨ ਕੁੱਝ ਨਹੀਂ ਕਰ ਪਾਈ। ਫਿਲਹਾਲ ਪੁਲਿਸ ਵਲੋਂ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

NO COMMENTS