*ਪਨਗ੍ਰੇਨ ਨੂੰ 25.34 ਲੱਖ ਰੁਪਏ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਮਾਨਸਾ ਦਾ ਖੁਰਾਕ ਤੇ ਜਨਤਕ ਵੰਡ ਅਧਿਕਾਰੀ ਵਿਜੀਲੈਂਸ ਵੱਲੋਂ ਕਾਬੂ*

0
8

ਚੰਡੀਗੜ੍ਹ 12 ਮਾਰਚ: (ਸਾਰਾ ਯਹਾਂ/ਬਿਊਰੋ ਨਿਊਜ਼)

ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਦੀ ਖਰੀਦ ਏਜੰਸੀ ਪਨਗ੍ਰੇਨ ਨੂੰ 25.34 ਲੱਖ ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਮਾਨਸਾ ਵਿਖੇ ਤਾਇਨਾਤ ਖੁਰਾਕ ਤੇ ਜਨਤਕ ਵੰਡ ਅਧਿਕਾਰੀ ਬਲਦੇਵ ਰਾਜ ਵਰਮਾ, ਜੋ ਹੁਣ ਜ਼ਿਲ੍ਹਾ ਖੁਰਾਕ ਅਤੇ ਸਿਵਲ ਸਪਲਾਈ ਕੰਟਰੋਲਰ ਵਜੋਂ ਸੇਵਾ ਨਿਭਾਅ ਰਹੇ ਹਨ, ਨੂੰ ਗ੍ਰਿਫ਼ਤਾਰ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਕਤ ਅਧਿਕਾਰੀ ਵਿਰੁੱਧ ਦਰਜ ਦੋ ਸ਼ਿਕਾਇਤਾਂ ਦੀ ਪੜਤਾਲ ਕਰਨ ਉਪਰੰਤ ਇਹ ਮਾਮਲਾ ਦਰਜ ਕੀਤਾ ਗਿਆ ਹੈ।

ਵਧੇਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਸਾਉਣੀ ਸੀਜ਼ਨ 2017-18 ਦੌਰਾਨ ਸੂਬਾ ਸਰਕਾਰ ਨੇ ਕਸਟਮ ਮਿਲਿੰਗ ਨੀਤੀ ਲਾਗੂ ਕੀਤੀ ਸੀ, ਜਿਸ ਅਨੁਸਾਰ ਖਰੀਦ ਕੇਂਦਰਾਂ ਜਾਂ ਅਨਾਜ ਮੰਡੀਆਂ ਦੇ ਅਧਿਕਾਰ ਖੇਤਰ ਵਿੱਚ ਸਥਿਤ ਪ੍ਰਵਾਨਿਤ ਰਾਈਸ ਮਿੱਲਾਂ ਨੂੰ ਇਹਨਾਂ ਅਨਾਜ ਮੰਡੀਆਂ ਨਾਲ ਜੋੜਿਆ ਜਾਣਾ ਸੀ ਅਤੇ ਝੋਨੇ ਦੇ ਭੰਡਾਰਨ ਜਾਂ ਰਾਈਸ ਸ਼ੈੱਲਿੰਗ ਲਈ ਵਰਤਿਆ ਜਾਣਾ ਚਾਹੀਦਾ ਹੈ। ਜੇਕਰ ਕਿਸੇ ਵੀ ਰਾਈਸ ਮਿੱਲਰ ਵੱਲੋਂ ਕਿਸੇ ਨੇੜਲੇ ਖਰੀਦ ਕੇਂਦਰ ਜਾਂ ਅਨਾਜ ਮੰਡੀ ਨਾਲ ਲਿੰਕ ਕਰਨ ਦਾ ਦਾਅਵਾ ਕੀਤਾ ਜਾਂਦਾ ਹੈ, ਤਾਂ ਇਸ ਸਬੰਧੀ ਫੀਲਡ ਸਟਾਫ ਤੋਂ ਰਿਪੋਰਟ ਲੈਣੀ ਸੀ ਅਤੇ ਲਿੰਕਡ ਰਾਈਸ ਮਿੱਲ ਨੂੰ ਵਾਧੂ ਟਰਾਂਸਪੋਰਟੇਸ਼ਨ ਖਰਚੇ ਦੇਣੇ ਸੀ।

ਬੁਲਾਰੇ ਨੇ ਅੱਗੇ ਦੱਸਿਆ ਕਿ ਜਾਂਚ ਦੌਰਾਨ ਮਾਨਸਾ ਵਿਖੇ ਪਨਗ੍ਰੇਨ ਨੂੰ ਅਲਾਟ ਕੀਤੇ ਗਏ ਰਾਈਸ ਸ਼ੈਲਰਾਂ ਵਿੱਚ ਝੋਨੇ ਦੇ ਭੰਡਾਰਨ ਸਬੰਧੀ ਪ੍ਰਾਪਤ ਵੇਰਵਿਆਂ ਤੋਂ ਪਤਾ ਲੱਗਾ ਹੈ ਕਿ ਗੁਰੂ ਰਾਈਸ ਮਿੱਲ ਨੂੰ 4500 ਮੀਟ੍ਰਿਕ ਟਨ ਝੋਨਾ ਅਲਾਟ ਕੀਤਾ ਗਿਆ ਸੀ ਪਰ ਇਸ ਵਿੱਚ ਸਿਰਫ 3824 ਮੀਟ੍ਰਿਕ ਟਨ ਝੋਨਾ ਹੀ ਸਟੋਰ ਕੀਤਾ ਗਿਆ ਸੀ। ਸ਼ੁਰੂਆਤੀ ਖਰੀਦ ਦੌਰਾਨ ਸਥਾਨਕ ਰਾਈਸ ਮਿੱਲਾਂ ਦੀ ਝੋਨੇ ਦੀ ਲੋੜੀਂਦੀ ਸਟੋਰੇਜ ਸਮਰੱਥਾ ਪੂਰੀ ਨਹੀਂ ਹੋ ਸਕੀ ਕਿਉਂਕਿ ਝੋਨਾ ਜੋਗਾ ਖਰੀਦ ਕੇਂਦਰ ਤੋਂ ਦੂਰ ਸਥਿਤ ਰਾਈਸ ਮਿੱਲਾਂ ਵਿੱਚ ਪਹੁੰਚਾਇਆ ਗਿਆ ਸੀ। ਇਸ ਤਰ੍ਹਾਂ ਸਰਕਾਰ ਨੂੰ ਟਰਾਂਸਪੋਰਟੇਸ਼ਨ ਖਰਚਿਆਂ ਕਾਰਨ ਵਿੱਤੀ ਨੁਕਸਾਨ ਝੱਲਣਾ ਪਿਆ ਸੀ।

ਉਨ੍ਹਾਂ ਅੱਗੇ ਦੱਸਿਆ ਕਿ ਉਕਤ ਬਲਦੇਵ ਰਾਜ ਵਰਮਾ, ਕਾਰਜਕਾਰੀ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਮਾਨਸਾ ਨੇ ਆਪਣੇ ਪਸੰਦੀਦਾ ਰਾਈਸ ਸ਼ੈਲਰ ਮਾਲਕਾਂ ਨੂੰ ਦੂਰ-ਦੁਰਾਡੇ ਦੀਆਂ ਮੰਡੀਆਂ ਤੋਂ ਵੀ ਝੋਨਾ ਸਟੋਰ ਕਰਨ ਦੀ ਸਹੂਲਤ ਦਿੱਤੀ ਸੀ, ਜਦਕਿ ਅਨਾਜ ਮੰਡੀਆਂ ਦੇ ਨੇੜੇ ਸਥਿਤ ਸ਼ੈਲਰਾਂ ਨੂੰ ਉਨ੍ਹਾਂ ਦੀ ਸਮਰੱਥਾ ਅਨੁਸਾਰ ਝੋਨਾ ਅਲਾਟ ਨਹੀਂ ਕੀਤਾ।

ਉਨ੍ਹਾਂ ਅੱਗੇ ਦੱਸਿਆ ਕਿ ਪ੍ਰਮੁੱਖ ਸਕੱਤਰ ਖੁਰਾਕ ਤੇ ਜਨਤਕ ਵੰਡ ਅਤੇ ਖਪਤਕਾਰ ਮਾਮਲੇ, ਪੰਜਾਬ ਨੇ ਉਕਤ ਮੁਲਜ਼ਮ ਬਲਦੇਵ ਰਾਜ ਵਰਮਾ ਵਿਰੁੱਧ ਪੰਜ ਸ਼ੈਲਰ ਮਾਲਕਾਂ ਵੱਲੋਂ ਝੋਨੇ ਦੀ ਢੋਆ-ਢੁਆਈ ਕਰਕੇ ਪਨਗ੍ਰੇਨ ਏਜੰਸੀ ਨੂੰ 25.34 ਲੱਖ ਰੁਪਏ ਦਾ ਨੁਕਸਾਨ ਪਹੁੰਚਾਉਣ ਲਈ ਚਾਰਜਸ਼ੀਟ ਵੀ ਕੀਤਾ ਹੈ। ਇਸ ਚਾਰਜਸ਼ੀਟ ਤੋਂ ਪਤਾ ਲੱਗਦਾ ਹੈ ਕਿ ਬਲਦੇਵ ਰਾਜ ਵਰਮਾ ਨੇ ਸ਼ੈਲਰ ਮਾਲਕਾਂ ਨਾਲ ਗਲਤ ਸਥਾਨਕ ਅਨਾਜ ਮੰਡੀਆਂ ਲਿੰਕ ਕਰਕੇ ਪੰਜਾਬ ਸਰਕਾਰ ਨੂੰ ਭਾਰੀ ਵਿੱਤੀ ਨੁਕਸਾਨ ਪਹੁੰਚਾਇਆ ਸੀ।

ਇਸ ਸਬੰਧੀ ਬਲਦੇਵ ਰਾਜ ਵਰਮਾ ਦੇ ਖ਼ਿਲਾਫ਼ ਵਿਜੀਲੈਂਸ ਬਿਊਰੋ ਬਠਿੰਡਾ ਰੇਂਜ ਥਾਣਾ ਵਿੱਚ ਆਈ.ਪੀ.ਸੀ. ਦੀ ਧਾਰਾ 409 ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (1) ਦੇ ਨਾਲ 13 (2) ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

NO COMMENTS