ਪਟਿਆਲਾ 15 ,ਜੁਲਾਈ (ਸਾਰਾ ਯਹਾਂ/ਬਿਊਰੋ ਨਿਊਜ਼ ): ਪੰਜਾਬ ਅੰਦਰ ਖ਼ਾਲਿਸਤਾਨ ਦੇ ਪੋਸਟਰ ਤੇ ਨਾਅਰੇ ਪੁਲਿਸ ਤੇ ਏਜੰਸੀਆਂ ਲਈ ਵੱਡੀ ਚੁਣੌਤੀ ਬਣ ਗਏ ਹਨ। ਪਟਿਆਲਾ ਦੇ ਮਾਲ ਰੋਡ ’ਤੇ ਕਾਲੀ ਮਾਤਾ ਮੰਦਰ ਨੇੜੇ ਬੀਤੀ ਰਾਤ ਕਿਸੇ ਨੇ ਖ਼ਾਲਿਸਤਾਨ ਦੇ ਪੋਸਟਰ ਲਾ ਦਿੱਤੇ। ਪਤਾ ਲੱਗਣ ਮਗਰੋਂ ਪੁਲਿਸ ਨੇ ਇਹ ਪੋਸਟਰ ਹਟਾ ਦਿੱਤੇ ਪਰ ਇਸ ਸਬੰਧੀ ਵਿਦੇਸ਼ ਵਿੱਚ ਬੈਠੇ ਗਰਮ ਖਿਆਲੀ ਆਗੂ ਗੁਰਪਤਵੰਤ ਸਿੰਘ ਪਨੂੰ ਨੇ ਇਸ ਦੀ ਜ਼ਿੰਮੇਵਾਰੀ ਲੈ ਲਈ ਹੈ।
ਹੈਰਾਨੀ ਦੀ ਗੱਲ ਹੈ ਕਿ ਇਸ ਇਲਾਕੇ ’ਚ ਥਾਂ-ਥਾਂ ’ਤੇ ਪੁਲੀਸ ਤਾਇਨਾਤ ਹੈ ਤੇ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ। ਪੁਲਿਸ ਵੱਲੋਂ ਥਾਣਾ ਕੋਤਵਾਲੀ ਪਟਿਆਲਾ ਵਿਖੇ ਇਸ ਸਬੰਧੀ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਜਾ ਰਿਹਾ ਹੈ। ਹਾਲ ਹੀ ਵਿੱਚ ਜੇਲ੍ਹ ਵਿੱਚੋਂ ਰਿਹਾਅ ਹੋ ਕੇ ਆਏ ਸ਼ਿਵ ਸੈਨਾ (ਬਾਲ ਠਾਕਰੇ) ਦੇ ਸੂਬਾ ਮੀਤ ਪ੍ਰਧਾਨ ਹਰੀਸ਼ ਸਿੰਗਲਾ ਨੇ ਪ੍ਰੈੱਸ ਕਾਨਫਰੰਸ ਸੱਦੀ ਹੈ। ਦੂਜੇ ਪਾਸੇ ਇਹਤਿਆਤ ਦੇ ਤੌਰ ‘ਤੇ ਪੁਲਿਸ ਨੇ ਖੇਤਰ ਵਿੱਚ ਸੁਰੱਖਿਆ ਪ੍ਰਬੰਧ ਮਜ਼ਬੂਤ ਕਰ ਦਿੱਤੇ ਹਨ।