ਚੰਡੀਗੜ੍ਹ, 23 ਫਰਵਰੀ: (ਸਾਰਾ ਯਹਾਂ/ਬਿਊਰੋ ਨਿਊਜ਼)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੇ ਮੱਦੇਨਜ਼ਰ ਚਲਾਈ ਜਾ ਰਹੀ ਮੁਹਿੰਮ ਤਹਿਤ ਸਰਹੱਦ ਪਾਰੋਂ ਚੱਲ ਰਹੇ ਅੱਤਵਾਦੀ ਨੈੱਟਵਰਕਾਂ ਨੂੰ ਵੱਡਾ ਝਟਕਾ ਦਿੰਦੇ ਹੋਏ, ਪੰਜਾਬ ਪੁਲਿਸ ਨੇ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਦੇ ਦੋ ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਵਿੱਚ ਨਾਂਦੇੜ ਕਤਲ ਕੇਸ ਦਾ ਮੁੱਖ ਸ਼ੂਟਰ ਵੀ ਸ਼ਾਮਲ ਹੈ। ਇਨ੍ਹਾਂ ਦੋਸ਼ੀਆਂ ਦੇ ਕਬਜ਼ੇ ਚੋਂ ਦੋ .32 ਬੋਰ ਪਿਸਤੌਲ ਅਤੇ ਪੰਜ ਕਾਰਤੂਸ ਬਰਾਮਦ ਹੋਏ ਹਨ । ਇਹ ਜਾਣਕਾਰੀ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਐਤਵਾਰ ਨੂੰ ਦਿੱਤੀ ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਤਰਨਤਾਰਨ ਦੇ ਹਰੀਕੇ ਪੱਤਣ ਦੇ ਰਹਿਣ ਵਾਲੇ ਜਗਦੀਸ਼ ਸਿੰਘ ਉਰਫ਼ ਜੱਗਾ ( ਮੁੱਖ ਸ਼ੂਟਰ) ਅਤੇ ਉਸ ਦਾ ਸਾਥੀ ਸ਼ੁਭਦੀਪ ਸਿੰਘ ਉਰਫ਼ ਸ਼ੁਭ, ਜੋ ਤਰਨਤਾਰਨ ਦੇ ਪਿੰਡ ਜੋਨੇਕੇ ਦਾ ਰਹਿਣ ਵਾਲਾ ਹੈ, ਵਜੋਂ ਹੋਈ ਹੈ। ਇਹ ਕਾਰਵਾਈ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸ.ਐਸ.ਓ.ਸੀ.), ਐਸ.ਏ.ਐਸ. ਨਗਰ ਨੇ ਭਰੋਸੇਯੋਗ ਸੂਤਰਾਂ ਦੀ ਖੁਫੀਆ ਇਤਲਾਹ ਦੇ ਆਧਾਰ ’ਤੇ ਅਮਲ ਵਿੱਚ ਲਿਆਂਦੀ ਹੈ।
ਜਾਣਕਾਰੀ ਅਨੁਸਾਰ, 10 ਫਰਵਰੀ,2025 ਨੂੰ ਨਾਂਦੇੜ ਵਿੱਖ ਸਿੱਖ ਕਲੋਨੀ ਦੇ ਬਾਹਰ ਗੁਰਦੁਆਰਾ ਗੇਟ ਨੰਬਰ 6 ਦੇ ਨੇੜੇ ਇੱਕ ਵਾਰਦਾਤ ਵਾਪਰੀ ਸੀ, ਜਿਸ ਦੌਰਾਨ ਪੈਰੋਲ ’ਤੇ ਬਾਹਰ ਆਏ ਸਥਾਨਕ ਨਿਵਾਸੀ ਗੁਰਮੀਤ ਸਿੰਘ ਨੂੰ ਨਿਸ਼ਾਨਾ ਬਣਾਇਆ ਗਿਆ ਸੀ । ਜ਼ਿਕਰਯੋਗ ਹੈ ਕਿ ਗੁਰਮੀਤ, ਜੋ 2016 ਵਿੱਚ ਅੱਤਵਾਦੀ ਰਿੰਦਾ ਦੇ ਭਰਾ ਦੇ ਕਤਲ ਦਾ ਦੋਸ਼ੀ ਹੈ, ਨੂੰ ਸੱਟਾਂ ਲੱਗੀਆਂ ਸਨ ,ਪਰ ਉਹ ਬਚ ਗਿਆ ਸੀ। ਜਦਕਿ ਉਸ ਦਾ ਸਾਥੀ, ਰਵਿੰਦਰ ਰਾਠੌੜ, ਹਮਲੇ ਤੋਂ ਬਾਅਦ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਕਾਰਨ ਦਮ ਤੋੜ ਗਿਆ ਸੀ। ਹਮਲੇ ਨੂੰ ਅੰਜਾਮ ਦੇਣ ਤੋਂ ਬਾਅਦ, ਦੋਸ਼ੀ ਜੱਗਾ ਪੰਜਾਬ ਵਾਪਸ ਪਰਤ ਆਇਆ ਸੀ ਅਤੇ ਇੱਥੇ ਸ਼ੁਭਦੀਪ ਉਰਫ਼ ਸ਼ੁਭ ਨੇ ਉਸ ਨੂੰ ਛੁਪਣਗਾਹ ਉਪਲਬਧ ਕਰਵਾਈ ਸੀ ਅਤੇ ਵਿੱਤੀ ਸਹਾਇਤਾ ਵੀ ਦਿੱਤੀ ਸੀ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਵਿਅਕਤੀ ਪਾਕਿਸਤਾਨ ਸਥਿਤ ਬੀ.ਕੇ.ਆਈ. ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਅਤੇ ਅਮਰੀਕਾ ਸਥਿਤ ਹੈਪੀ ਪਾਸੀਅਨ ਨਾਲ ਸਿੱਧੇ ਸੰਪਰਕ ਵਿੱਚ ਸਨ।
ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੇ ਸ਼ੁਰੂਆਤੀ ਖੁਲਾਸੇ ਅਨੁਸਾਰ, ਮੁਲਜ਼ਮ ਜੱਗਾ ਨੇ ਕਬੂਲਿਆ ਕਿ ਉਸਨੇ ਹਰਵਿੰਦਰ ਰਿੰਦਾ ਦੇ ਨਿਰਦੇਸ਼ਾਂ ’ਤੇ ਮਹਾਰਾਸ਼ਟਰ ਦੇ ਨੰਦੇੜ ਵਿੱਚ ਇੱਕ ਕਤਲ ਕੀਤਾ ਅਤੇ ਇੱਕ ਹੋਰ ਵਿਅਕਤੀ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕੀਤਾ । ਉਨ੍ਹਾਂ ਅੱਗੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮਾਂ ਨੂੰ ਉਨ੍ਹਾਂ ਦੇ ਵਿਦੇਸ਼ੀ ਹੈਂਡਲਰਾਂ ਨੇ ਇੱਕ ਵੱਡੇ ਅੱਤਵਾਦੀ ਆਪ੍ਰੇਸ਼ਨ ਦੇ ਹਿੱਸੇ ਵਜੋਂ ਰਾਜ ਵਿੱਚ ਮਿੱਥ ਕੇ ਕਤਲ ਕਰਨ ਲਈ ਵੀ ਨਿਰਦੇਸ਼ ਦਿੱਤੇ ਸਨ।
ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇਰੇ-ਪਿਛਲੇਰੇ ਸਬੰਧ ਸਥਾਪਤ ਕਰਨ ਅਤੇ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ।
ਇਸ ਆਪ੍ਰੇਸ਼ਨ ਸਬੰਧੀ ਵੇਰਵੇ ਸਾਂਝੇ ਕਰਦੇ ਹੋਏ ਏ.ਆਈ.ਜੀ. ਐਸ.ਐਸ.ਓ.ਸੀ., ਐਸਏਐਸ ਨਗਰ ਡਾ: ਸਿਮਰਤ ਕੌਰ ਨੇ ਕਿਹਾ ਕਿ ਪੁਖ਼ਤਾ ਸੂਹ ’ਤੇ ਕੀਤੀ ਖੁਫੀਆ ਕਾਰਵਾਈ ਵਿੱਚ, ਪੁਲਿਸ ਟੀਮਾਂ ਨੇ ਸ਼ੁੱਕਰਵਾਰ ਨੂੰ ਖਰੜ ਦੇ ਸੰਨੀ ਐਨਕਲੇਵ ਤੋਂ ਸ਼ੁਭਦੀਪ ਸਿੰਘ ਉਰਫ਼ ਸ਼ੁਭ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਦੇ ਕਬਜ਼ੇ ਵਿੱਚੋਂ ਇੱਕ .32 ਬੋਰ ਪਿਸਤੌਲ ਅਤੇ ਦੋ ਕਾਰਤੂਸ ਬਰਾਮਦ ਕੀਤੇ ਸਨ।
ਪੁੱਛਗਿੱਛ ਦੌਰਾਨ, ਦੋਸ਼ੀ ਸ਼ੁਭਦੀਪ ਨੇ ਨੰਦੇੜ ਕਤਲ ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਵਿੱਚ ਜਗਦੀਸ਼ ਸਿੰਘ ਉਰਫ਼ ਜੱਗਾ ਨੂੰ ਛੁਪਣਗਾਹਾਂ ਅਤੇ ਲੌਜਿਸਟਿਕ ਸਹਾਇਤਾ ਪ੍ਰਦਾਨ ਕਰਨ ਵਿੱਚ ਆਪਣੀ ਭੂਮਿਕਾ ਦੀ ਗੱਲ ਕਬੂਲੀ ਹੈ। ਉਨ੍ਹਾਂ ਕਿਹਾ ਕਿ ਇਹਨਾਂ ਸੁਰਾਗਾਂ ’ਤੇ ਕਾਰਵਾਈ ਕਰਦੇ ਹੋਏ, ਐਸ.ਐਸ.ਓ.ਸੀ. ਟੀਮ ਨੇ ਮੋਹਾਲੀ ਦੇ ਫੇਜ਼ 1 ਤੋਂ ਜਗਦੀਸ਼ ਸਿੰਘ ਉਰਫ਼ ਜੱਗਾ ਨੂੰ ਮੁਸਤੈਦੀ ਨਾਲ ਗ੍ਰਿਫ਼ਤਾਰ ਕਰ ਲਿਆ। ਪੁਲਿਸ ਟੀਮਾਂ ਨੇ ਉਸਦੇ ਕਬਜ਼ੇ ਵਿੱਚੋਂ ਇੱਕ .32 ਬੋਰ ਪਿਸਤੌਲ ਅਤੇ ਤਿੰਨ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਇਸ ਸਬੰਧ ਵਿੱਚ, ਪੁਲਿਸ ਥਾਣਾ ਐਸ.ਐਸ.ਓ.ਸੀ., ਐਸਏਐਸ ਨਗਰ ਵਿਖੇ ਆਰਮਜ਼ ਐਕਟ ਦੀ ਧਾਰਾ 25(1) ਬੀ ਅਤੇ ਬੀ.ਐਨ.ਐਸ. ਦੀ ਧਾਰਾ 249 ਅਤੇ 61(2) ਦੇ ਤਹਿਤ ਐਫਆਈਆਰ ਨੰਬਰ 1 ਮਿਤੀ 21.02.2025 ਦਰਜ ਕੀਤੀ ਗਈ ਹੈ।