*ਨੌਜਵਾਨ ਖੇਡਾਂ ਨਾਲ ਜੁੜ ਕੇ ਵਿਸ਼ਵ ਪੱਧਰ ਤੱਕ ਬਣਾ ਸਕਦੇ ਨੇ ਆਪਣੀ ਪਹਿਚਾਣ-ਵਿਧਾਇਕ ਵਿਜੈ ਸਿੰਗਲਾ*

0
55

ਮਾਨਸਾ, 14 ਸਤੰਬਰ:(ਸਾਰਾ ਯਹਾਂ/ਮੁੱਖ ਸੰਪਾਦਕ)

  ਨੌਜਵਾਨ ਖੇਡਾਂ ਨਾਲ ਜੁੜ ਕੇ ਵਿਸ਼ਵ ਪੱਧਰ ‘ਤੇ ਆਪਣੀ ਪਹਿਚਾਣ ਬਣਾ ਸਕਦੇ ਨੇ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ ਨੇ ਸਥਾਨਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਦੇ ਬਹੁਮੰਤਵੀ ਖੇਡ ਸਟੇਡੀਅਮ ਵਿਚ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਕਰਵਾਏ ਗਏ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੌਰਾਨ ਕੀਤਾ।

   ਵਿਧਾਇਕ ਵਿਜੈ ਸਿੰਗਲਾ ਨੇ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਉਪਰਾਲਾ ਹੈ। ਹਰ ਇਕ ਨੌਜਵਾਨ ਨੂੰ ਇਸ ਦਾ ਲਾਹਾ ਲੈਂਦਿਆਂ ਖੇਡਾਂ ਵਿਚ ਭਾਗ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਨਾਲ ਜੁੜ ਕੇ ਨੌਜਵਾਨ ਜਿੱਥੇ ਨਸ਼ਿਆਂ ਵਰਗੀਆਂ ਬੁਰਾਈਆਂ ਤੋਂ ਦੂਰ ਰਹਿੰਦੇ ਹਨ ਓਥੇ ਹੀ ਉਹ ਸਮਾਜ ਵਿਚ ਇਕ ਚੰਗੇ ਨਾਗਰਿਕ ਦੇ ਤੌਰ ‘ਤੇ ਆਪਣੀ ਪਹਿਚਾਣ ਬਣਾ ਸਕਦੇ ਹਨ।

  ਇਸ ਦੌਰਾਨ ਵਿਧਾਇਕ ਸਰਦੂਲਗੜ੍ਹ ਸ੍ਰ. ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਨਰੋਈ ਸਿਹਤ ਅਤੇ ਨਾਮਣੇ ਲਈ ਨੌਜਵਾਨਾਂ ਦਾ ਖੇਡ ਮੈਦਾਨਾਂ ਨਾਲ ਜੁੜਨਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਤੰਦਰੁਸਤ ਸਰੀਰ ਸਭ ਤੋਂ ਵੱਡੀ ਕਮਾਈ ਹੈ ਅਤੇ ਖੇਡਾਂ ਸਰੀਰਿਕ ਤੰਦਰੁਸਤੀ ਦਾ ਰਾਜ਼ ਹਨ। ਖੇਡਾਂ ਵਤਨ ਪੰਜਾਬ ਦੀਆਂ ਤਹਿਤ ਖੇਡ ਮੈਦਾਨਾਂ ਵਿਚ ਆਈਆਂ ਰੌਣਕਾਂ ਰੰਗਲੇ ਪੰਜਾਬ ਦੀ ਤਰਜਮਾਨੀ ਕਰਦੀਆਂ ਹਨ।

   ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਨੇ ਜ਼ਿਲ੍ਹਾ ਪੱਧਰੀ ਖੇਡਾਂ ਦੀ ਰਸਮੀ ਤੌਰ ‘ਤੇ ਸ਼ੁਰੂਆਤ ਕਰਨ ਦੌਰਾਨ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਉਨ੍ਹਾਂ ਨੂੰ ਜਜ਼ਬੇ ਅਤੇ ਫੁਰਤੀ ਨਾਲ ਖੇਡ ਮੁਕਾਬਲਿਆਂ ਵਿਚ ਜੌਹਰ ਵਿਖਾਉਣ ਲਈ ਪ੍ਰੇਰਿਤ ਕੀਤਾ। 

    ਸ੍ਰ. ਕੁਲਵੰਤ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਦੇ ਨੌਜਵਾਨ ਵਧ ਚੜ੍ਹ ਕੇ ਖੇਡਾਂ ਵਿਚ ਹਿੱਸਾ ਲੈ ਰਹੇ ਨੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖਿਡਾਰੀਆਂ ਲਈ ਇੱਥੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕਿਸੇ ਨੂੰ ਵੀ ਕੋਈ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਜ਼ਿਲ੍ਹੇ ਦੇ ਨੌਜਵਾਨ ਲੜਕੇ ਤੇ ਲੜਕੀਆਂ ਨੂੰ ਅਪੀਲ ਕੀਤੀ ਕਿ ਉਹ ਵਧ ਚੜ੍ਹ ਕੇ ਇਨ੍ਹਾਂ ਖੇਡਾਂ ਵਿਚ ਭਾਗ ਲੈਣ।

   ਅੱਜ ਦੇ ਖੇਡ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਨਵਜੋਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਟੇਬਲ ਟੈਨਿਸ ਅੰਡਰ 21 ਲੜਕਿਆਂ ਵਿਚ ਰੋਮਨ ਸਿੰਗਲਾ ਪਹਿਲੇ ਅਤੇ ਅਰਸ਼ਿਤ ਗੋਇਲ ਦੂਜੇ ਸਥਾਨ ਤੇ ਰਿਹਾ। 600 ਮੀਟਰ ਰੇਸ ਲੜਕੀਆਂ ਵਿੱਚ ਗਗਨਦੀਪ ਕੌਰ ਪਹਿਲੇ ਅਤੇ ਸਿਮਰਨਜੀਤ ਕੌਰ ਦੂਜੇ ਸਥਾਨ ‘ਤੇ ਰਹੀ। 600 ਮੀਟਰ ਲੜਕੇ ਰੇਸ ਵਿੱਚ ਸਵਰਨਜੀਤ ਸਿੰਘ ਪਹਿਲੇ ਅਤੇ ਦਲਜੀਤ ਸਿੰਘ ਦੂਜੇ ਸਥਾਨ ‘ਤੇ ਰਿਹਾ। ਇਸੇ ਤਰ੍ਹਾਂ 60 ਮੀਟਰ ਰੇਸ ਲੜਕੇ ਵਿੱਚ ਹਰਮਨਦੀਪ ਸਿੰਘ ਨੇ ਪਹਿਲਾ ਅਤੇ ਯੋਗੇਸ਼ ਕੁਮਾਰ ਨੇ ਦੂਜਾ ਸਥਾਨ ਹਾਸਲ ਕੀਤਾ।

   ਇਸ ਮੌਕੇ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਚਰਨਜੀਤ ਸਿੰਘ ਅੱਕਾਂਵਾਲੀ, ਚੇਅਰਮੈਨ ਮਾਰਕਿਟ ਕਮੇਟੀ ਮਾਨਸਾ ਗੁਰਪ੍ਰੀਤ ਸਿੰਘ ਭੁੱਚਰ, ਆਪ ਆਗੂ ਚੁਸ਼ਪਿੰਦਰਬੀਰ ਚਹਿਲ, ਜ਼ਿਲ੍ਹਾ ਖੇਡ ਅਫ਼ਸਰ ਨਵਜੋਤ ਸਿੰਘ ਧਾਲੀਵਾਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਪਰਮਜੀਤ ਸਿੰਘ,  ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਦਨ ਲਾਲ ਕਟਾਰੀਆ, ਸਪੋਰਟਸ ਕੋਆਰਡੀਨੇਟਰ ਅਮ੍ਰਿਤਪਾਲ ਸਿੰਘ, ਮਨਪ੍ਰੀਤ ਸਿੰਘ, ਵਾਲੀਬਾਲ ਕੋਚ ਗੁਰਪ੍ਰੀਤ ਸਿੰਘ , ਭੁਪਿੰਦਰ ਸਿੰਘ, ਸੰਗਰਾਮਜੀਤ ਸਿੰਘ, ਸ਼ਾਲੂ, ਦੀਦਾਰ ਸਿੰਘ, ਗੁਰਮੀਤ ਸਿੰਘ,ਸ਼ਹਿਬਾਜ ਸਿੰਘ, ਦੀਪੰਕਰ ਭੰਮੇ, ਗੁਰਦੀਪ ਸਿੰਘ, ਰਾਜਦੀਪ ਸਿੰਘ,ਸਿਮਰਜੀਤ ਸਿੰਘ, ਹਰਪ੍ਰੀਤ ਸਿੰਘ ਤੋਂ ਇਲਾਵਾ ਹੋਰ ਮੋਹਤਬਰ ਵਿਅਕਤੀ ਅਤੇ ਆਮ ਲੋਕ ਹਾਜ਼ਰ ਸਨ।

NO COMMENTS