*ਨੌਜਵਾਨਾਂ ਦੀਆਂ ਜ਼ਿੰਦਗੀਆਂ ਰੌਸ਼ਨ ਕਰ ਰਹੀ ਹੈ ਸਰਕਾਰ ! ਹੁਣ ਤੱਕ 37683 ਨੌਜਵਾਨਾਂ ਨੂੰ ਦਿੱਤੀਆਂ ਨੌਕਰੀਆਂ*

0
11

(ਸਾਰਾ ਯਹਾਂ/ਬਿਊਰੋ ਨਿਊਜ਼): ਮੁੱਖ ਮੰਤਰੀ ਨੇ ਕਿਹਾ ਕਿ ਉਹ ਇਹ ਐਲਾਨ ਕਰਦਿਆਂ ਬਹੁਤ ਮਾਣ ਅਤੇ ਤਸੱਲੀ ਮਹਿਸੂਸ ਕਰ ਰਹੇ ਹਨ ਕਿ ਸੂਬਾ ਸਰਕਾਰ ਨੇ ਕੱਚੇ ਮੁਲਾਜ਼ਮਾਂ ਅੱਗਿਓਂ ਠੇਕਾ ਸ਼ਬਦ ਹਟਾ ਕੇ ਸਾਰੀਆਂ ਕਾਨੂੰਨੀ ਅਤੇ ਪ੍ਰਸ਼ਾਸਕੀ ਅੜਚਣਾਂ ਨੂੰ ਪਾਰ ਕਰਦਿਆਂ 12710 ਅਧਿਆਪਕਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕੀਤਾ ਹੈ।

ਨੌਜਵਾਨਾਂ ਦੇ ਜੀਵਨ ਨੂੰ ਰੁਸ਼ਨਾਉਣ ਲਈ ਆਪਣੀ ਮੁਹਿੰਮ ਨੂੰ ਜਾਰੀ ਰੱਖਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 583 ਨੌਜਵਾਨਾਂ ਨੂੰ ਵੱਖ-ਵੱਖ ਵਿਭਾਗਾਂ ਵਿੱਚ ਨੌਕਰੀ ਦੇ ਨਿਯੁਕਤੀ ਪੱਤਰ ਸੌਂਪ ਕੇ ਦੀਵਾਲੀ ਦਾ ਤੋਹਫਾ ਦਿੱਤਾ। ਦੱਸਣਯੋਗ ਹੈ ਸੂਬਾ ਸਰਕਾਰ ਵੱਲੋਂ ਨੌਜਵਾਨਾਂ ਨੂੰ ਹੁਣ ਤੱਕ ਕੁੱਲ 37683 ਨੌਕਰੀਆਂ ਪ੍ਰਦਾਨ ਕੀਤੀਆਂ ਜਾ ਚੁੱਕੀਆਂ ਹਨ। ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪਣ ਉਪਰੰਤ ਇੱਥੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਪੰਜਾਬ ਦੇ ਪੁਨਰ ਉਥਾਨ ਦਾ ਇਤਿਹਾਸ ਲਿਖਿਆ ਜਾਵੇਗਾ ਤਾਂ ਉਸ ਵਿੱਚ ਇਨ੍ਹਾਂ ਨੌਜਵਾਨਾਂ ਦਾ ਨਾਂ ਸੁਨਹਿਰੀ ਸ਼ਬਦਾਂ ‘ਚ ਦਰਜ ਹੋਵੇਗਾ।

ਉਨ੍ਹਾਂ ਕਿਹਾ ਕਿ ਇਹ ਨੌਜਵਾਨ ਹੁਣ ‘ਟੀਮ ਪੰਜਾਬ’ ਦਾ ਹਿੱਸਾ ਹਨ ਅਤੇ ਸੂਬੇ ਦੀ ਭਲਾਈ ਲਈ ਕੰਮ ਕਰਨਾ ਹਰੇਕ ਨੌਜਵਾਨ ਦੀ ਜ਼ਿੰਮੇਵਾਰੀ ਬਣਦੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਤਾਲਮੇਲ ਨਾਲ ਕੰਮ ਕਰਨਾ (ਟੀਮ ਵਰਕ) ਬਹੁਤ ਜ਼ਰੂਰੀ ਹੈ, ਜਿਸ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਜਿਨ੍ਹਾਂ ਨੇ ਕ੍ਰਿਕਟ ਖੇਡ ਸ਼ੁਰੂ ਕੀਤੀ ਸੀ, ਉਹ ਅੱਜ ਇੱਕ ਨਵੀਂ ਟੀਮ ਤੋਂ ਹਾਰ ਗਏ ਹਨ ਕਿਉਂਕਿ ਉਸ ਨਵੀਂ ਟੀਮ ਨੇ ਟੀਮ ਵਰਕ ਨਾਲ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ।

ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਲਾਪਰਵਾਹੀ ਕਾਰਨ ਸੂਬੇ ਦੇ ਨੌਜਵਾਨਾਂ ਲਈ ਸਰਕਾਰੀ ਨੌਕਰੀਆਂ ਪਹਿਲਾਂ ਇੱਕ ‘ਦੂਰ ਦੇ ਸੁਪਨਾ’ ਵਾਂਗ ਸਨ ਜਦਕਿ ਉਨ੍ਹਾਂ ਦੀ ਸਰਕਾਰ ਨੇ ਨੌਜਵਾਨਾਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਨੌਕਰੀਆਂ ਮਿਲਣ ਨੂੰ ਯਕੀਨੀ ਬਣਾਇਆ ਹੈ ਜਿਸ ਲਈ ਪਾਰਦਰਸ਼ੀ ਨੀਤੀ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵਿੱਚ ਜਨਤਾ ਦੀ ਸਹੀ ਅਰਥਾਂ ਵਿੱਚ ਸੇਵਾ ਕਰਨ ਸਬੰਧੀ ਵਚਨਬੱਧਤਾ ਅਤੇ ਜਜ਼ਬੇ ਦੀ ਘਾਟ ਸੀ, ਜਿਸ ਕਾਰਨ ਇਹ ਨੌਕਰੀਆਂ ਨੌਜਵਾਨਾਂ ਲਈ ਲਈ ਦੂਰ ਦੀ ਗੱਲ ਸਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਣਨ ਦੇ ਇੱਕ ਸਾਲ ਦੇ ਅੰਦਰ ਹੀ ਯੋਗਤਾ ਦੇ ਆਧਾਰ ‘ਤੇ ਨੌਜਵਾਨਾਂ ਨੂੰ 37683 ਨੌਕਰੀਆਂ ਦਿੱਤੀਆਂ ਗਈਆਂ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਉਹ ਭਲੀ-ਭਾਂਤ ਜਾਣਦੇ ਹਨ ਕਿ ‘ਵਿਹਲਾ ਦਿਮਾਗ ਸ਼ੈਤਾਨ ਦਾ ਘਰ ਹੁੰਦਾ ਹੈ, ਇਸ ਲਈ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਉਹ ਕੰਮ ਵਿੱਚ ਲੱਗੇ ਰਹਿਣ। ਉਨ੍ਹਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਨੂੰ ਉਦਯੋਗਿਕ ਖੇਤਰ ਵਿੱਚ ਮੋਹਰੀ ਸੂਬਾ ਬਣਾਉਣ ਲਈ ਠੋਸ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੇ ਠੋਸ ਯਤਨਾਂ ਸਦਕਾ ਸੂਬੇ ਵਿੱਚ 57,796 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ ਜਿਸ ਨਾਲ 2.98 ਲੱਖ ਨੌਜਵਾਨਾਂ ਨੂੰ ਨੌਕਰੀਆਂ ਮਿਲਣਗੀਆਂ।

ਮੁੱਖ ਮੰਤਰੀ ਨੇ ਕਿਹਾ ਕਿ ਉਹ ਇਹ ਐਲਾਨ ਕਰਦਿਆਂ ਬਹੁਤ ਮਾਣ ਅਤੇ ਤਸੱਲੀ ਮਹਿਸੂਸ ਕਰ ਰਹੇ ਹਨ ਕਿ ਸੂਬਾ ਸਰਕਾਰ ਨੇ ਕੱਚੇ ਮੁਲਾਜ਼ਮਾਂ ਅੱਗਿਓਂ ਠੇਕਾ ਸ਼ਬਦ ਹਟਾ ਕੇ ਸਾਰੀਆਂ ਕਾਨੂੰਨੀ ਅਤੇ ਪ੍ਰਸ਼ਾਸਕੀ ਅੜਚਣਾਂ ਨੂੰ ਪਾਰ ਕਰਦਿਆਂ 12710 ਅਧਿਆਪਕਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕੀਤਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੇਵਾਵਾਂ ਦੇ ਰੈਗੂਲਰ ਹੋਣ ਨਾਲ ਇਨ੍ਹਾਂ ਅਧਿਆਪਕਾਂ ਨੂੰ ਛੁੱਟੀਆਂ ਸਮੇਤ ਹੋਰ ਲਾਭਾਂ ਦੇ ਨਾਲ-ਨਾਲ ਤਨਖਾਹਾਂ ਵਿੱਚ ਹਰ ਸਾਲ 5 ਫੀਸਦ ਸਾਲਾਨਾ ਵਾਧਾ ਮਿਲੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਅਜਿਹੇ ਹੋਰ ਵੀ ਬਹੁਤ ਸਾਰੇ ਮੁਲਾਜ਼ਮਾਂ ਦੀਆਂ ਸੇਵਾਵਾਂ ਵੀ ਰੈਗੂਲਰ ਕੀਤੀਆਂ ਜਾਣਗੀਆਂ, ਜਿਸ ਦੀ ਪ੍ਰਕਿਰਿਆ ਪਹਿਲਾਂ ਹੀ ਜਾਰੀ ਹੈ।

ਮੁੱਖ ਮੰਤਰੀ ਨੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ.ਅਬਦੁਲ ਕਲਾਮ ਦਾ ਹਵਾਲਾ ਦਿੰਦਿਆਂ ਕਿਹਾ ਕਿ ਦੂਰਅੰਦੇਸ਼ੀ ਸੋਚ ਵਾਲੇ ਉਸ ਨੇਤਾ ਨੇ ਕਿਹਾ ਸੀ ਕਿ ਸੁਪਨੇ ਉਹ ਹੁੰਦੇ ਹਨ ਜੋ ਵਿਅਕਤੀ ਨੂੰ ਸੌਣ ਨਹੀਂ ਦਿੰਦੇ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਰੰਗਲਾ ਪੰਜਾਬ ਬਣਾਉਣ, ਨੌਜਵਾਨਾਂ ਨੂੰ ਨੌਕਰੀਆਂ ਦੇਣ, ਉਦਯੋਗ ਨੂੰ ਹੁਲਾਰਾ ਦੇਣ ਅਤੇ ਹੋਰ ਬਹੁਤ ਸਾਰੇ ਸੁਪਨੇ ਉਨ੍ਹਾਂ ਨੂੰ ਸੌਣ ਨਹੀਂ ਦਿੰਦੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਉਦੋਂ ਤੱਕ ਚੈਨ ਨਾਲ ਨਹੀਂ ਬੈਠਣਗੇ, ਜਦੋਂ ਤੱਕ ਉਨ੍ਹਾਂ ਦੇ ਸਾਰੇ ਸੁਪਨੇ ਪੂਰੇ ਨਹੀਂ ਹੋ ਜਾਂਦੇ ਅਤੇ ਪੰਜਾਬ ਦੇਸ਼ ਦਾ ਨੰਬਰ ਇੱਕ ਸੂਬਾ ਨਹੀਂ ਬਣ ਜਾਂਦਾ।

NO COMMENTS