-ਨੈਸ਼ਨਲ ਗਰੀਨ ਟ੍ਰਿਬਿਊਨਲ ਦੀ ਟੀਮ ਨੇ ਮਾਨਸਾ ਵਿਖੇ ਠੋਸ ਕੂੜਾ ਪ੍ਰਬੰਧਨ ਦਾ ਲਿਆ ਜਾਇਜ਼ਾ, ਪ੍ਰਗਟਾਈ ਸੰਤੁਸ਼ਟੀ

0
21

ਮਾਨਸਾ, 11 ਮਾਰਚ(ਸਾਰਾ ਯਹਾ, ਬਲਜੀਤ ਸ਼ਰਮਾ): ਨੈਸ਼ਨਲ ਗਰੀਨ ਟ੍ਰਿਬਿਊਨਲ ਦੀ ਟੀਮ ਵੱਲੋਂ ਮਾਨਸਾ ਵਿਖੇ ਅੱਜ ਠੋਸ ਕੂੜਾ ਪ੍ਰਬੰਧਨ ਦਾ ਜ਼ਮੀਨੀ ਪੱਧਰ ਤੇ ਜਾਇਜ਼ਾ ਲਿਆ ਗਿਆ।
    ਸੀਨੀਅਰ ਮੈਂਬਰ ਨੈਸ਼ਨਲ ਗਰੀਨ ਟ੍ਰਿਬਿਊਨਲ ਅਤੇ ਸਾਬਕਾ ਮੁੱਖ ਸਕੱਤਰ ਪੰਜਾਬ ਸ੍ਰੀ ਐਸ.ਸੀ. ਅੱਗਰਵਾਲ, ਤਕਨੀਕੀ ਮਾਹਰ ਡਾ. ਬਾਬੂ ਰਾਮ  ਅਤੇ ਮਿਸ਼ਨ ਡਾਇਰੈਕਟਰ ਪੰਜਾਬ ਮਿਊਂਸਪਲ ਬੁਨਿਆਦੀ ਵਿਕਾਸ ਕਾਊਂਸਲ ਡਾ. ਪੂਰਨ ਸਿੰਘ ਨੇ ਇਕ ਮੀਟਿੰਗ ਕੀਤੀ ਅਤੇ ਮਾਨਸਾ ਵਿਖੇ ਕੂੜਾ ਪ੍ਰਬੰਧਨ ਦੀਆਂ ਵੱਖ ਵੱਖ ਥਾਵਾਂ ਦਾ ਜਾਇਜ਼ਾ ਲਿਆ।
    ਜ਼ਿਲ੍ਹਾ ਮਾਨਸਾ ਦੇ ਸਰਕਾਰੀ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਉਨ੍ਹਾਂ ਠੋਸ ਰਹਿੰਦ ਖੂੰਹਦ ਨੂੰ ਸੰਭਾਲਣ ਲਈ ਮਾਨਸਾ ਦੇ ਯਤਨਾਂ ਦੀ ਸ਼ਲਾਘਾ ਕੀਤੀ। ਨਗਰ ਕੌਂਸਲ ਮਾਨਸਾ ਦੁਆਰਾ ਦੱਸਿਆ ਗਿਆ ਕਿ ਨਗਰ ਕੌਂਸਲ ਮਾਨਸਾ ਵਿਚ 97 ਫੀਸਦੀ ਘਰਾਂ ਤੋਂ ਕੂੜਾ ਚੁੱਕਿਆ ਜਾ ਰਿਹਾ ਹੈ, ਜਦੋਂ ਕਿ ਮਿਊਂਸਪਲ ਕੌਂਸਲਾਂ ਅਤੇ ਨਗਰ ਪੰਚਾਇਤਾਂ ਨੇ ਇਹ ਅੰਕੜਾ 60 ਤੋਂ 80 ਫ਼ੀਸਦੀ ਦੱਸਿਆ ਹੈ। ਉਨ੍ਹਾਂ ਨੂੰ ਹਦਾਇਤ ਕੀਤੀ ਗਈ ਸੀ ਕਿ 31 ਮਾਰਚ ਤੱਕ ਹਰ ਘਰ ਤੋਂ ਕੂੜਾ ਚੁਕਵਾਉਣ ਦੀ ਪ੍ਰਕਿਰਿਆ ਨੂੰ ਯਕੀਨੀ ਬਣਾਇਆ ਜਾਵੇ।
    ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਗੁਰਪਾਲ ਸਿੰਘ ਚਾਹਲ ਨੇ ਦੱਸਿਆ ਕਿ ਮਾਨਸਾ ਵਿਚ ਤਿੰਨ ਐਮ.ਆਰ.ਐਫ. ਸ਼ੈੱਡ ਕੰਮ ਕਰ ਰਹੇ ਹਨ ਜਿਸ ਵਿਚ ਇਕੱਠੀ ਕੀਤੀ ਗਈ ਠੋਸ ਰਹਿੰਦ ਖੂੰਹਦ ਨੂੰ ਇਕੱਤਰ ਕਰਕੇ ਗਲਣਯੋਗ ਅਤੇ ਨਾ ਗਲਣਯੋਗ ਪਦਾਰਥਾਂ ਵਿਚ ਵੰਡਿਆ ਜਾਂਦਾ ਹੈ। ਗਲਣਯੋਗ ਕੂੜੇ ਨੂੰ ਟੋਇਆਂ ਵਿਚ ਇਕੱਠਾ ਕੀਤਾ ਜਾਂਦਾ ਹੈ ਅਤੇ ਇਸ ਤੋਂ ਵਰਮੀ ਕੰਪੋਸਟ ਤਿਆਰ ਕੀਤੀ ਜਾਂਦੀ ਹੈ। ਨਾ ਗਲਣਯੋਗ ਕੂੜੇ ਨੂੰ ਹੋਰ ਪ੍ਰਕਿਰਿਆ ਦੁਆਰਾ ਖਪਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਚੌਥੇ ਐਮ.ਆਰ.ਐਫ਼. ਸ਼ੈੱਡ ਦਾ 90 ਫ਼ੀਸਦੀ ਕੰਮ ਪੂਰਾ ਹੋ ਗਿਆ ਹੈ ਜਦਕਿ ਪੰਜਵੇਂ ਸ਼ੈੱਡ ਲੲਂ ਟੈਂਡਰ ਜਾਰੀ ਕੀਤੇ ਗਏ ਹਨ।
    ਜ਼ਿਲ੍ਹੇ ਵਿਚ ਬਾਇਓ ਮੈਡੀਕਲ ਕੂੜੇ ਦੇ ਪ੍ਰਬੰਧਨ ਬਾਰੇ ਵਿਸਥਾਰਪੂਰਵਕ ਵਿਚਾਰ ਵਟਾਂਦਰੇ ਕੀਤੇ ਗਏ। ਟੀਮ ਨੂੰ ਜਾਣੂ ਕਰਵਾਇਆ ਗਿਆ ਹੈ ਜ਼ਿਲ੍ਹੇ ਵਿਚ 87 ਯੂਨਿਟ ਹਨ ਜੋ ਹਰ ਮਹੀਨੇ 5 ਟਨ ਬਾਇਓ ਮੈਡੀਕਲ ਰਹਿੰਦ ਖੂੰਹਦ ਪੈਦਾ ਕਰਦੀਆਂ ਹਨ, ਜੋ ਕਿ ਨਿਯਮਾ ਅਨੁਸਾਰ ਸਹੀ ਤਰੀਕੇ ਨਾਲ ਖਪਾਈ ਜਾ ਰਹੀ ਹੈ। ਇਸ ਤੋਂ ਇਲਾਵਾ ਪਿਛਲੇ ਕਈ ਸਾਲਾਂ ਤੋਂ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿਚ ਪਏ ਕੂੜੇ ਦੇ ਢੇਰ ਜਿਸ ਨੂੰ ਪੁਰਾਤਨ ਕੂੜੇਦਾਨਾਂ ਵਜੋਂ ਜਾਣਿਆ ਜਾਂਦਾ ਹੈ, ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਪੰਜਾਬ ਸਰਕਾਰ ਇਨ੍ਹਾਂ ਕੂੜੇਦਾਨਾਂ ਨਾਲ ਨਜਿੱਠਣ ਲਈ ਮਿਊਂਸਪਲ ਨੂੰ ਤਕਨੀਕੀ ਸਹਾਇਤਾ ਅਤੇ ਉਪਕਰਣ ਮੁਹੱਈਆ ਕਰਵਾ ਰਿਹਾ ਹੈ।
    ਟੀਮ ਨੂੰ ਦੱਸਿਆ ਗਿਆ ਕਿ 2 ਅਕਤੂਬਰ 2019 ਨੂੰ ਮਾਨਸਾ ਪ੍ਰਸ਼ਾਸ਼ਨ ਨੇ ਲੋਕਾਂ ਨੂੰ ਇਕ ਵਾਰ ਵਰਤੋਂ ਵਿਚ ਆਉਣ ਵਾਲੇ ਪਲਾਸਟਿਕ ਬੈਗ ਦੀ ਵਰਤੋਂ ਨਾ ਕਰਨ ਦਾ ਸੰਦੇਸ਼ ਦੇਣ ਲਈ ਪਲਾਸਟਿਕ ਦੇ ਲਿਫਾਫੇ ਘਰ ਘਰ ਜਾ ਕੇ ਇਕੱਠੇ ਕੀਤੇ। ਇਸ ਮੁਹਿੰਮ ਤਹਿਤ ਮਾਨਸਾ ਦੇ 27 ਵਾਰਡਾਂ ਵਿਚੋਂ ਦੋ ਟਨ ਪਲਾਸਟਿਕ ਬੈਗ ਇਕੱਠੇ ਕੀਤੇ ਗਏ। ਇਸ ਤੋਂ ਇਲਾਵਾ ਨਗਰ ਕੌਂਸਲ ਮਾਨਸਾ ਵੱਲੋਂ ਵੀ ਵੱਖ ਵੱਖ ਇਲਾਕਿਆਂ ਦੀ ਸਫਾਈ ਕੀਤੀ ਜਾ ਰਹੀ ਹੈ। ਟੀਮ ਨੇ ਤਿੰਨੋ ਐਮ.ਆਰ.ਐਫ. ਸ਼ੈੱਡ, ਸੀਵਰੇਜ ਟਰੀਟਮੈਂਟ ਪਲਾਂਟ ਅਤੇ ਭੀਖੀ ਕੂੜਾ ਡੰਪ ਦਾ ਦੌਰਾ ਕੀਤਾ।
    ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਜਦੀਪ ਸਿੰਘ ਬਰਾੜ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਗੁਰਮੀਤ ਸਿੰਘ ਸਿੱਧੂ, ਸਹਾਇਕ ਕਮਿਸ਼ਨਰ ਸ੍ਰੀ ਨਵਦੀਪ ਕੁਮਾਰ, ਐਸ.ਡੀ.ਐਮ. ਮਾਨਸਾ ਸ੍ਰੀਮਤੀ ਸਰਬਜੀਤ ਕੌਰ, ਐਸ.ਡੀ.ਐਮ. ਬੁਢਲਾਡਾ ਸ੍ਰੀ ਆਦਿੱਤਯ ਡੇਚਲਵਾਲ, ਐਸ.ਡੀ.ਐਮ. ਸਰਦੂਲਗੜ੍ਹ ਸ੍ਰੀ ਰਾਜਪਾਲ ਸਿੰਘ, ਡੀ.ਐਸ.ਪੀ. ਸ੍ਰੀ ਸਰਬਜੀਤ ਸਿੰਘ, ਸੀਨੀਅਰ ਵਾਤਾਵਰਣ ਅਫ਼ਸਰ ਸ੍ਰੀ ਤੇਜਿੰਦਰ ਕੁਮਾਰ, ਕਾਰਜਸਾਧਕ ਅਫ਼ਸਰ ਸ੍ਰੀ ਰਾਜਪਾਲ ਮੱਕੜ, ਸ੍ਰੀ ਵਿਸ਼ਾਲਦੀਪ ਅਤੇ ਰਵੀ ਕੁਮਾਰ ਤੋਂ ਇਲਾਵਾ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।   

NO COMMENTS