ਨੈਸ਼ਨਲ ਐਨੀਮਲ ਡਜੀਜ਼ ਕੰਟਰੋਲ ਪ੍ਰੋਗਰਾਮ ਦੀ ਮੋਨੀਟਰਿੰਗ ਲਈ ਤਹਿਸੀਲ ਪੱਧਰੀ ਕਮੇਟੀ ਦੀ ਮੀਟਿੰਗ

0
8

ਮਾਨਸਾ, 23 ਨਵੰਬਰ (ਸਾਰਾ ਯਹਾ /ਹੀਰਾ ਸਿੰਘ ਮਿੱਤਲ) : ਐਨ.ਏ.ਡੀ.ਸੀ.ਪੀ. (ਨੈਸ਼ਨਲ ਐਨੀਮਲ ਡਜੀਜ਼ ਕੰਟਰੋਲ ਪ੍ਰੋਗਰਾਮ) ਦੀ ਮੋਨੀਟਰਿੰਗ ਲਈ ਤਹਿਸੀਲ ਪੱਧਰੀ ਕਮੇਟੀ ਦੀ ਮੀਟਿੰਗ ਐਸ.ਡੀ.ਐਮ. ਬੁਢਲਾਡਾ ਸ਼੍ਰੀ ਸਾਗਰ ਸੇਤੀਆ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਨਾਇਬ ਤਹਿਸੀਲਦਾਰ ਬੁਢਲਾਡਾ, ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਬੁਢਲਾਡਾ, ਸਕੱਤਰ ਮਾਰਕਿਟ ਕਮੇਟੀ ਬੁਢਲਾਡਾ ਅਤੇ ਪੁਲਿਸ ਵਿਭਾਗ ਦੇ ਨੁਮਾਇੰਦੇ ਨੇ ਭਾਗ ਲਿਆ। ਐਸ.ਡੀ.ਐਮ ਬੁਢਲਾਡਾ ਸ਼੍ਰੀ ਸਾਗਰ ਸੇਤੀਆ ਨੇ ਇਸ ਪ੍ਰੋਗਰਾਮ  ਦੀ ਮਹੱਤਤਾ ਨੂੰ ਦੇਖਦੇ ਹੋਏ ਪੰਚਾਇਤ ਅਫ਼ਸਰ ਬੁਢਲਾਡਾ ਨੂੰ ਹਦਾਇਤ ਕੀਤੀ ਕਿ ਸਮੂਹ ਪੰਚਾਇਤਾਂ ਨੂੰ ਇਸ ਪ੍ਰੋਗਰਾਮ ਵਿੱਚ ਪਸ਼ੂ ਪਾਲਣ ਵਿਭਾਗ ਨੂੰ ਸਹਿਯੋਗ ਦੇਣ ਲਈ ਕਾਰਵਾਈ ਕਰਨ। ਇਸ ਮੌਕੇ ਕਮੇਟੀ ਦੇ ਕਨਵੀਨਰ-ਕਮ-ਸੀਨੀਅਰ ਵੈਟਰਨਰੀ ਅਫ਼ਸਰ ਬੁਢਲਾਡਾ ਨੇ ਨੈਸ਼ਨਲ ਐਨੀਮਲ ਡਜੀਜ਼ ਕੰਟਰੋਲ ਪ੍ਰੋਗਰਾਮ ਤਹਿਤ ਪਸ਼ੂਆਂ ਵਿੱਚ ਮੂੰਹ ਖੁਰ ਦੀ ਬਿਮਾਰੀ ਦੀ ਰੋਕਥਾਮ ਲਈ ਪਸ਼ੂ ਪਾਲਣ ਵਿਭਾਗ ਪੰਜਾਬ ਦੁਆਰਾ ਚਲਾਈ ਜਾ ਰਹੀ ਵੈਕਸੀਨੇਸ਼ਨ ਮੁਹਿੰਮ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਮੂੰਹ-ਖੁਰ ਦੀ ਬਿਮਾਰੀ ਨਾਲ ਪਸ਼ੂਆਂ ਵਿੱਚ ਤੇਜ਼ ਬੁਖ਼ਾਰ, ਲੰਗੜਾਪਣ, ਮੂੰਹ ਵਿੱਚ ਜਖ਼ਮ ਹੋ ਜਾਂਦੇ ਹਨ ਅਤੇ ਕਈ ਵਾਰ ਪਸ਼ੂਆਂ ਦੀ ਮੌਤ ਵੀ ਹੋ ਜਾਂਦੀ ਹੈ, ਜਿਸ ਨਾਲ ਪਸ਼ੂ ਪਾਲਕਾਂ ਨੂੰ ਬਹੁਤ ਘਾਟਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਪ੍ਰਭਾਵਤ ਪਸ਼ੂ ਠੀਕ ਹੋਣ ਉਪਰੰਤ ਵੀ ਸਾਰੀ ਉਮਰ ਲਈ ਆਪਣੀ ਸਮਰੱਥਾ ਅਨੁਸਾਰ ਦੁੱਧ ਦੀ ਪੈਦਾਵਾਰ ਨਹੀਂ ਦਿੰਦਾ। ਉਨ੍ਹਾਂ ਦੱਸਿਆ ਕਿ ਜਿਸ ਖਿੱਤੇ ਵਿੱਚ ਇਹ ਬਿਮਾਰੀ ਹੋਵੇ ਉਸ ਖਿੱਤੇ ਦੇ ਪਸ਼ੂਆਂ ਦੇ ਉਤਪਾਦ ਜਿਵੇਂ ਦੁੱਧ, ਮੀਟ ਆਦਿ ਅੰਤਰਰਾਸ਼ਟਰੀ ਮੰਡੀ ਵਿੱਚ ਨਹੀਂ ਵਿਕਦੇ, ਜਿਸ ਨਾਲ ਪਸ਼ੂ ਪਾਲਕਾਂ ਨੂੰ ਆਪਣੇ ਉਤਪਾਦ ਦਾ ਪੂਰਾ ਮੁੱਲ ਨਹੀਂ ਮਿਲਦਾ। ਇਸ ਲਈ ਮੂੰਹ-ਖੁਰ ਦਾ ਟੀਕਾਕਰਨ ਦਾ ਮਹੱਤਵ ਹੋਰ ਵੀ ਵੱਧ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਸਾਲ 2020 ਤੋਂ 2025 ਤੱਕ ਦੇਸ਼ ਭਰ ਵਿੱਚ ਪਸ਼ੂਆਂ ਦਾ ਮੂੰਹ-ਖੁਰ ਟੀਕਾਕਰਨ ਨਾਲ ਬਿਮਾਰੀ ਦੀ ਰੋਕਥਾਮ ਅਤੇ ਸਾਲ 2030 ਤੱਕ ਇਸ ਬਿਮਾਰੀ ਨੂੰ ਮੁਕੰਮਲ ਰੂਪ ਵਿੱਚ ਖ਼ਤਮ ਕਰਨ ਦਾ ਟੀਚਾ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਮੁਹਿੰਮ ਦੇ ਤੌਰ ’ਤੇ ਪੰਜਾਬ ਭਰ ਵਿੱਚ ਸਾਰੇ ਪਸ਼ੂਆਂ ਦਾ ਟੀਕਾਕਰਨ 30 ਨਵੰਬਰ 2020 ਤੱਕ ਪੂਰਾ ਕੀਤਾ ਜਾਣਾ ਹੈ। ਉਨ੍ਹਾਂ ਦੱਸਿਆ ਕਿ ਟੀਕਾਕਰਨ ਕਰਨ ਤੋਂ ਪਹਿਲਾਂ ਪਸ਼ੂਆਂ ਦੇ ਕੰਨ ਵਿੱਚ ਇੱਕ 12 ਅੰਕਾਂ ਦਾ ਈਅਰ ਟੈਗ ਪਾਇਆ ਜਾਂਦਾ ਹੈ, ਜੋ ਪਸ਼ੂ ਦੇ ਅਧਾਰ ਕਾਰਡ ਦੀ ਤਰ੍ਹਾਂ ਕੰਮ ਕਰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਕਾਰਡ ਦਾ ਇੰਦਰਾਜ ਭਾਰਤ ਸਰਕਾਰ ਦੇ ਇਨਾਫ਼ (INAPH) ਪੋਰਟਲ ’ਤੇ ਦਰਜ ਕੀਤਾ ਜਾਂਦਾ ਹੈ, ਜਿਸ ਵਿੱਚ ਪਸ਼ੂ ਪਾਲਕ ਦਾ ਨਾਮ, ਮੋਬਾਇਲ ਨੰਬਰ ਅਤੇ ਅਧਾਰ ਕਾਰਡ ਨੰਬਰ ਵੀ ਦਰਜ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਦਾ ਫਾਇਦਾ ਪਸ਼ੂ ਪਾਲਕਾਂ ਨੂੰ ਇਹ ਹੈ ਕਿ ਸੈਂਟਰਲ ਕੰਟਰੋਲ ਰੂਮ ਤੋਂ ਪਸ਼ੂ ਪਾਲਕ ਤੋਂ ਫੋਨ ਰਾਹੀਂ ਉਸ ਦੇ ਪਸ਼ੂ ਨੂੰ ਮਿਲ ਰਹੀਆਂ ਸਰਕਾਰੀ ਸਹੂਲਤਾਂ ਜਿਵੇਂ ਕਿ ਟੀਕਾਕਰਨ, ਬਨਾਵਟੀ ਗਰਭਦਾਨ ਆਦਿ ਸਕੀਮਾਂ ਦਾ ਲਾਭ ਮੁਫ਼ਤ ਵਿੱਚ ਮਿਲ ਰਿਹਾ ਹੈ ਜਾਂ ਨਹੀਂ ਬਾਰੇ ਪਤਾ ਲਗਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਜਿੱਥੇ ਪਸ਼ੂ ਪਾਲਣ ਵਿਭਾਗ ਦੀ ਪਾਰਦਰਸ਼ਤਾ ਅਤੇ ਜ਼ਿੰਮੇਵਾਰੀ ਵੱਧ ਜਾਂਦੀ ਹੈ, ਉਥੇ ਪਸ਼ੂ ਪਾਲਕ ਨੂੰ ਵੀ ਆਪਣੇ ਪਸ਼ੂਆਂ ਦਾ ਰਿਕਾਰਡ ਜਿਵੇਂ ਪਸ਼ੂ ਦਾ ਬਨਾਉਟੀ ਗਰਭਦਾਨ ਦੀ ਮਿਤੀ, ਗੱਭਣ ਚੈਕ ਕਰਨ ਦੀ ਮਿਤੀ, ਸੂਣ ਦੀ ਅੰਦਾਜਨ ਮਿਤੀ ਆਦਿ ਰੱਖਣ ਵਿੱਚ ਅਸਾਨੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਪਸ਼ੂ ਪਾਲਕ ਆਪਣੇ ਪਸ਼ੂਆਂ ਤੋਂ ਵਧੇਰੇ ਆਮਦਨ ਲੈ ਸਕਦਾ ਹੈ। ਉਨ੍ਹਾਂ ਦੱਸਿਆ ਕਿ ਭਵਿੱਖ ਵਿੱਚ ਹੋਣ ਵਾਲੇ ਦੁੱਧ ਚੁਆਈ ਮੁਕਾਬਲੇ ਅਤੇ ਪਸ਼ੂ ਮੇਲਿਆਂ ਵਿੱਚ ਭਾਗ ਲੈਣ ਲਈ ਇਹ ਈਅਰ ਟੈਗ ਜ਼ਰੂਰੀ ਹੋਵੇਗਾ। ਇਸ ਲਈ ਪਸ਼ੂ ਪਾਲਕਾਂ ਨੂੰ ਇਸ ਪ੍ਰੋਗਰਾਮ ਵਿੱਚ ਸਹਿਯੋਗ ਕਰਨ ਲਈ ਅਪੀਲ ਕੀਤੀ ਜਾਂਦੀ ਹੈ।

NO COMMENTS