ਨੇਕੀ ਫਾਊਂਡੇਸ਼ਨ ਵੱਲੋਂ ਲਗਾਇਆ ਹੱਡੀਆਂ ਦਾ ਚੈੱਕਅਪ ਕੈਂਪ

0
30

ਬੁਢਲਾਡਾ 10,ਮਾਰਚ (ਸਾਰਾ ਯਹਾਂ /ਅਮਨ ਮਹਿਤਾ):ਸ਼ਹਿਰ ਦੀ ਸਮਾਜ ਸੇਵੀ ਸੰਸਥਾ ਨੇਕੀ ਫਾਉਂਡੇਸ਼ਨ ਵੱਲੋਂ ਸਿਹਤ ਵਿਭਾਗ ਅਤੇ ਸਿਵਲ ਹਸਪਤਾਲ ਬੁਢਲਾਡਾ ਦੇ ਸਹਿਯੋਗ ਨਾਲ ਹੱਡੀਆਂ ਦਾ ਚੈੱਕਅਪ ਕੈੰਪ ਲਗਾਇਆ ਗਿਆ। ਜਿਸ ਵਿੱਚ 345 ਦੇ ਕਰੀਬ ਮਰੀਜਾਂ ਦੀ ਮੁਫ਼ਤ ਓ ਪੀ ਡੀ ਕੀਤੀ ਗਈ। ਸਾਰੇ ਮਰੀਜਾਂ ਨੂੰ ਡਾ. ਦੀਪਕ ਗਰਗ ਐੱਮ ਐਸ ਆਰਥੋ ਵਲੋਂ ਚੈੱਕ ਕੀਤਾ ਗਿਆ। ਇਸਤੋਂ ਇਲਾਵਾ ਡਾ. ਸੁਮਿਤ ਸ਼ਰਮਾ ਐੱਮ ਡੀ ਮੈਡੀਸਨ ਅਤੇ ਡਾ. ਕਪਿਲ ਦੁਆਰਾ ਵੀ ਮਰੀਜਾਂ ਨੂੰ ਦੇਖਿਆ ਗਿਆ। ਡਾ. ਦੀਪਕ ਗਰਗ ਨੇ ਦੱਸਿਆ ਕਿ ਮਰੀਜਾਂ ਦੀ ਗਿਣਤੀ ਵੱਡੀ ਹੋਣ ਕਰਕੇ ਇਸ ਕੈੰਪ ਨੂੰ ਉਹਨਾਂ ਨੇ ਨਿਰਧਾਰਤ ਸਮੇਂ ਤੋਂ ਦੋ ਘੰਟੇ ਹੋਰ ਵਧਾ ਦਿੱਤਾ ਤਾਂ ਜੋ ਕਿਸੇ ਮਰੀਜ਼ ਨੂੰ ਨਿਰਾਸ਼ ਹੋਕੇ ਨਾ ਮੁੜਨਾ ਪਵੇ। ਇਸ ਕੈੰਪ ਵਿੱਚ ਮਾਨਸਾ ਜ਼ਿਲ੍ਹੇ ਦੇ ਪਿੰਡਾਂ ਤੋਂ ਇਲਾਵਾ, ਨੇੜੇ ਦੇ ਹਰਿਆਣਾ, ਬਠਿੰਡਾ, ਸੰਗਰੂਰ ਜ਼ਿਲਿਆਂ ਦੇ ਲੋਕ ਵੀ ਪਹੁੰਚੇ ਹੋਏ ਸਨ। ਇਸ ਕੈੰਪ ਦੀ ਵਿਸ਼ੇਸ਼ਤਾ ਇਹ ਰਹੀ ਕਿ ਮਰੀਜਾਂ ਦਾ ਡਿਜੀਟਲ ਐਕਸਰੇ ਵੀ ਗਾਮਾ ਡਾਇਗਨੋਸਟਿਕਸ ਬੁਢਲਾਡਾ ਵੱਲੋਂ ਬਿਲਕੁੱਲ ਮੁਫ਼ਤ ਕੀਤਾ ਜਾ ਰਿਹਾ ਸੀ। ਰੇਡੀਓ ਟੈਕਨੀਸ਼ੀਅਨ ਅਵਤਾਰ ਸਿੰਘ ਨੇ ਗੱਲਬਾਤ ਕਰਦੇ ਦੱਸਿਆ ਕਿ 110 ਮਰੀਜਾਂ ਦੇ ਐਕਸਰੇ ਕੀਤੇ ਗਏ, ਜਿਸ ਦੌਰਾਨ ਲੱਗਭਗ 250 ਐਕਸਰੇ ਹੋਏ। ਇਹਨਾਂ ਐਕਸਰਿਆਂ ਨੂੰ ਡਿਜੀਟਲ ਰੂਪ ਵਿੱਚ ਡਾਕਟਰਾਂ ਕੋਲ ਲੈਪਟਾਪ ਉੱਤੇ ਅਤੇ ਮਰੀਜਾਂ ਨੂੰ ਵਹਟਸਐਪ ਰਾਹੀਂ ਭੇਜਿਆ ਜਾ ਰਿਹਾ ਸੀ। ਇਹ ਸਾਡੇ ਲਈ ਇੱਕ ਨਿਵੇਕਲਾ ਤਜ਼ਰਬਾ ਸੀ, ਜੋ ਨੇਕੀ ਫਾਉਂਡੇਸ਼ਨ ਵੱਲੋਂ ਦਿੱਤਾ ਗਿਆ। ਉਹਨਾਂ ਕਿਹਾ ਕਿ ਉਹ ਸੰਸਥਾ ਦੇ ਹਰ ਮੈਡੀਕਲ ਕੈੰਪ ਵਿੱਚ ਸਹਿਯੋਗ ਲਈ ਹਮੇਸ਼ਾ ਨਾਲ ਰਹਿਣਗੇ। ਇਸ ਕੈੰਪ ਵਿੱਚ ਮਰੀਜਾਂ ਨੂੰ ਦਵਾਈਆਂ ਦੇਣ ਦੀ ਡਿਊਟੀ ਆਰ ਐਮ ਪੀ ਲੱਖਾ ਸਿੰਘ ਹਸਨਪੁਰ ਅਤੇ ਹਰਜਿੰਦਰ ਸਿੰਘ ਕੁਲੈਹਿਰੀ ਦੁਆਰਾ ਨਿਭਾਈ ਗਈ। ਇਸ ਤੋਂ ਇਲਾਵਾ ਨੇਕੀ ਜੀ ਓ ਜੀ ਟੀਮ ਨੇ ਅਨੁਸ਼ਾਸ਼ਨਮਈ ਤਰੀਕੇ ਨਾਲ ਇਸ ਕੈੰਪ ਵਿੱਚ ਭੀੜ, ਕਤਾਰਾਂ, ਟ੍ਰੈਫਿਕ ਅਤੇ ਹੋਰ ਸਾਰੇ ਪ੍ਰਬੰਧਾਂ ਉੱਤੇ ਬੜੇ ਹੀ ਸੁਚੱਜੇ ਢੰਗ ਨਾਲ ਕੰਟਰੋਲ ਕੀਤਾ। ਐਨ ਪੀ ਐਸ ਬਛੋਆਣਾ ਵੱਲੋਂ ਮਰੀਜਾਂ ਨੂੰ ਐਕਸਰੇ ਲਈ ਲਿਜਾਣ ਅਤੇ ਲਿਆਉਣ ਲਈ ਵੈਨ ਸਰਵਿਸ ਪ੍ਰਦਾਨ ਕੀਤੀ ਗਈ। ਇਸ ਸਾਰੇ ਕੈੰਪ ਨੂੰ ਸਪੌਂਸਰ ਕਰਨ ਵਾਲੇ ਅਰੋੜਾ ਆਪਟੀਕਲਜ਼ ਦੇ ਮਾਲਕ ਵਿਕਰਮ ਅਰੋੜਾ ਨੇ ਕਿਹਾ ਕਿ ਉਹ ਪਹਿਲਾਂ ਵੀ ਸੰਸਥਾ ਨਾਲ ਮਿਲਕੇ ਹਮੇਸ਼ਾ ਕੰਮ ਕਰਦੇ ਰਹੇ ਹਨ ਅਤੇ ਅੱਗੇ ਵੀ ਸੰਸਥਾ ਨਾਲ ਮਿਲਕੇ ਸ਼ਹਿਰ ਵਿੱਚ ਅੱਖਾਂ ਦਾ ਕੈੰਪ ਅਤੇ ਮੈਰਾਥਨ ਕਰਵਾਉਣਾ ਚਾਹੁੰਦੇ ਹਨ। ਅਖੀਰ ਨੇਕੀ ਟੀਮ ਵੱਲੋਂ ਸਾਰੇ ਹੀ ਪਹੁੰਚੇ ਡਾਕਟਰਾਂ, ਐਸ ਐਮ ਓ ਬੁਢਲਾਡਾ, ਸਪੌਂਸਰਾਂ, ਸਹਿਯੋਗੀਆਂ ਅਤੇ ਸੇਵਾਵਾਂ ਦੇਣ ਵਾਲਿਆਂ ਦਾ ਧੰਨਵਾਦ ਕੀਤਾ। ਉਹਨਾਂ ਦੱਸਿਆ ਕਿ ਇਹ ਕੈੰਪ ਬਹੁਤ ਹੀ ਸੋਹਣੇ ਤਰੀਕੇ ਨਾਲ ਸਫ਼ਲ ਹੋਇਆ ਅਤੇ ਅਨੇਕਾਂ ਹੀ ਉਹਨਾਂ ਲੋੜਵੰਦ ਮਰੀਜਾਂ ਲਈ ਲਾਭਦਾਇਕ ਸਿੱਧ ਹੋਇਆ, ਜਿਹਨਾਂ ਕੋਲ ਐਕਸਰੇ ਅਤੇ ਦਵਾਈ ਦੇ ਪੈਸੇ ਵੀ ਨਹੀਂ ਹੁੰਦੇ।

NO COMMENTS