*ਨੀਟ ਦੀ ਪ੍ਰੀਖਿਆ ਚ 500 ਤੋਂ ਘੱਟ ਰੈਂਕ ਲੈਣ ਵਾਲੀਆਂ ਮਾਨਸਾ ਦੀਆਂ ਧੀਆਂ ਦਾ ਕੀਤਾ ਸਨਮਾਨ*

0
221

ਮਾਨਸਾ07,ਨਵੰਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ):: ਮਾਨਸਾ ਸਾਇਕਲ ਗਰੁੱਪ ਵਲੋਂ ਦੇਸ਼ ਭਰ ਦੇ ਮੈਡੀਕਲ ਕਾਲਜਾਂ ਵਿੱਚ ਐਮ.ਬੀ.ਬੀ.ਐਸ. ਦੇ ਦਾਖਲੇ ਲਈ ਕਰਵਾਈ ਜਾਂਦੀ ਨੀਟ ਦੀ ਪ੍ਰੀਖਿਆ ਵਿੱਚੋ‌ ਪੰਜ ਸੋ ਤੋਂ ਘੱਟ ਰੈਂਕ ਹਾਸਲ ਕਰਕੇ ਮੁਹਰਲੀ ਕਤਾਰ ਦੇ ਮੈਡੀਕਲ ਕਾਲਜਾਂ ਚ ਸੀਟ ਪੱਕੀ ਕਰਨ ਵਾਲੀਆਂ ਦੋ ਧੀਆਂ ਦਾ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਨਮਾਨ ਕੀਤਾ ਗਿਆ।
ਇਹ ਜਾਣਕਾਰੀ ਦਿੰਦਿਆਂ ਗਰੁੱਪ ਦੇ ਮੈਂਬਰ ਸੰਜੀਵ ਪਿੰਕਾ ਨੇ ਦੱਸਿਆ ਕਿ ਭਾਰਤ ਦੇ ਕਈ ਲੱਖ ਵਿਦਿਆਰਥੀਆਂ ਵਲੋਂ ਦਿੱਤੀ ਗਈ ਨੀਟ ਦੀ ਪ੍ਰੀਖਿਆ ਵਿੱਚੋਂ ਮਾਨਸਾ ਜ਼ਿਲ੍ਹੇ ਦੇ ਪਿੰਡ ਤਾਮਕੋਟ ਦੇ ਜਸਵਿੰਦਰ ਸਿੰਘ ਦੀ ਧੀ ਸ਼ਰਮਨਪ੍ਰੀਤ ਕੋਰ ਨੇ 696/720 ਅੰਕ ਪ੍ਰਾਪਤ ਕਰਕੇ 221 ਰੈਂਕ ਹਾਸਲ ਕੀਤਾ ਅਤੇ ਕੋਪਰੇਟਿਵ ਵਿਭਾਗ ਵਿੱਚ ਨੌਕਰੀ ਕਰ ਰਹੇ ਗਰੀਸ਼ ਗਰਗ ਦੀ ਧੀ ਸੁਹਾਨੀ ਨੇ 690/720 ਅੰਕ ਪ੍ਰਾਪਤ ਕਰਕੇ 495 ਰੈਂਕ ਹਾਸਲ ਕੀਤਾ ਹੈ ਜੋ ਕਿ ਪਰਿਵਾਰਕ ਮੈਂਬਰਾਂ ਦੇ ਨਾਲ ਨਾਲ ਮਾਨਸਾ ਵਾਸੀਆਂ ਲਈ ਵੀ ਮਾਣ ਵਾਲੀ ਗੱਲ ਹੈ।
ਇਸ ਮੌਕੇ ਬੋਲਦਿਆਂ ਡਾਕਟਰ ਜਨਕ ਰਾਜ ਸਿੰਗਲਾ ਨੇ ਕਿਹਾ ਕਿ ਇਹਨਾਂ ਬੱਚੀਆਂ ਦੀ ਇਸ ਵੱਡੀ ਪ੍ਰਾਪਤੀ ਨਾਲ ਮਾਨਸਾ ਜ਼ਿਲ੍ਹੇ ਦਾ ਨਾਂ ਰੌਸ਼ਨ ਹੋਇਆ ਹੈ ਉਹਨਾਂ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਪੜਾਈ ਦੇ ਪੁਖਤਾ ਸਾਧਨ ਨਹੀਂ ਹੁੰਦੇ ਫਿਰ ਵੀ ਅਜਿਹੇ ਬੱਚੇ ਲਗਨ ਅਤੇ ਮਿਹਨਤ ਨਾਲ ਮੱਲਾਂ ਮਾਰਦੇ ਹਨ।
ਡਾਕਟਰ ਵਿਜੇ ਸਿੰਗਲਾ ਨੇ ਵਧਾਈ ਦਿੰਦਿਆਂ ਕਿਹਾ ਕਿ ਚੰਗੇ ਮੈਡੀਕਲ ਕਾਲਜ ਤੋਂ ਗ੍ਰੈਜੂਏਸ਼ਨ ਕਰਨ ਉਪਰੰਤ ਵਧੀਆ ਕਾਲਜ ਤੋਂ ਪੋਸਟ ਗ੍ਰੈਜੂਏਸ਼ਨ ਤੱਕ ਦਾ ਸਫ਼ਰ ਲੰਬਾ ਜ਼ਰੂਰ ਹੈ ਪਰ ਮਨੁੱਖਤਾ ਦੀ ਸੇਵਾ ਦਾ ਕਾਰਜ ਕਰਨ ਦਾ ਸੱਭ ਤੋਂ ਵੱਧ ਮੌਕਾ ਡਾਕਟਰੀ ਪੇਸ਼ੇ ਦੇ ਲੋਕਾਂ ਨੂੰ ਮਿਲਦਾ ਹੈ।
ਨਰਿੰਦਰ ਗੁਪਤਾ ਅਤੇ ਸੁਰਿੰਦਰ ਬਾਂਸਲ ਨੇ ਦੱਸਿਆ ਕਿ ਮਾਨਸਾ ਸਾਇਕਲ ਗਰੁੱਪ ਮਾਣ ਮਹਿਸੂਸ ਕਰਦਾ ਹੈ ਕਿ ਅੱਜ ਉਹਨਾਂ ਨੂੰ ਇਹਨਾਂ ਬੱਚੀਆਂ ਨੂੰ ਸਨਮਾਨਿਤ ਕਰਨ ਦਾ ਮੌਕਾ ਮਿਲਿਆ ਹੈ ਅੱਗੇ ਤੋਂ ਵੀ ਅਜਿਹੇ ਵਧੀਆ ਪ੍ਰਾਪਤੀਆਂ ਕਰਨ ਵਾਲੇ ਬੱਚਿਆਂ ਅਤੇ ਸਮਾਜ ਵਿੱਚ ਸ਼ਲਾਘਾਯੋਗ ਕੰਮ ਕਰਨ ਵਾਲੇ ਲੋਕਾਂ ਦਾ ਸਨਮਾਨ ਕੀਤਾ ਜਾਵੇਗਾ।
ਇਸ ਮੌਕੇ ਰਮਨ ਗੁਪਤਾ, ਪ੍ਰਮੋਦ ਬਾਗਲਾ, ਸੰਜੀਵ ਮਾਸਟਰ, ਬਿੰਨੂ ਗਰਗ, ਵਿਕਾਸ ਗੁਪਤਾ, ਮੋਹਿਤ ਗਰਗ,ਵਿੱਕੀ, ਬਲਵੀਰ ਅਗਰੋਈਆ, ਧੰਨਦੇਵ ਗਰਗ, ਵਿਕਾਸ ਸ਼ਰਮਾ, ਪਰਵੀਨ ਟੋਨੀ, ਰਮੇਸ਼ ਕੁਮਾਰ ਸਮੇਤ ਮੈਂਬਰ ਹਾਜ਼ਰ ਸਨ।

NO COMMENTS