ਬਰੇਟਾ 03,ਅਪ੍ਰੈਲ (ਸਾਰਾ ਯਹਾਂ/ਰੀਤਵਾਲ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨਿੱਜੀ ਸਕੂਲਾਂ ਨੂੰ ਇਹ ਹਦਾਇਤਾਂ
ਜਾਰੀ ਕੀਤੀਆਂ ਗਈਆਂ ਹਨ ਕਿ ਕੋਈ ਵੀ ਨਿੱਜੀ ਸਕੂਲ ਇਸ ਸ਼ੈਸਨ ਦੌਰਾਨ ਕਿਸੇ ਵੀ ਕਲਾਸ ਦੀ ਫੀਸ ਵਿੱਚ ਵਾਧਾ
ਨਹੀਂ ਕਰੇਗਾ ਅਤੇ ਆਪਣੇ ਵਿਦਿਆਰਥੀਆਂ ਨੂੰ ਸਟੇਸਨਰੀ, ਵਰਦੀਆਂ ਅਤੇ ਹੋਰ ਸਮਾਨ ਲਈ ਕਿਸੇ ਖਾਸ
ਦੁਕਾਨ ਜਾਂ ਫਰਮ ਤੋਂ ਖਰੀਦਣ ਲਈ ਮਜਬੂਰ ਨਹੀਂ ਕਰ ਸਕੇਗਾ । ਇਸ ਫੈਸਲੇ ਨਾਲ ਜਿੱਥੇ ਮਾਪਿਆਂ ਨੇ ਇੱਕ ਵਾਰ
ਤਾਂ ਸੁੱਖ ਦਾ ਸਾਹ ਲਿਆ ਹੈ , ਉੱਥੇ ਹੀ ਮੁੜ ਤੋਂ ਕੁਝ ਨਿੱਜੀ ਸਕੂਲਾਂ ਵਾਲੇ ਜਿਲੇ੍ਹ ਵਿੱਚ ਇਸ ਦਾ ਤੋੜ ਲੱਭਣ
‘ਚ ਲੱਗੇ ਹੋਏ ਹਨ । ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬਰੇਟਾ ਇਲਾਕੇ ਦੇ ਕੁਝ ਨਿੱਜੀ ਸਕੂਲਾਂ ਵੱਲੋਂ
ਵਿਦਿਆਰਥੀਆਂ ਨੂੰ ਕੁਝ ਚੋਣਵੀਆਂ ਦੁਕਾਨਾਂ ਤੋਂ ਸਮਾਨ ਅਤੇ ਸਟੇਸਨਰੀ ਖਰੀਦਣ ਲਈ ਮਜਬੂਰ ਕੀਤਾ ਜਾ
ਰਿਹਾ ਹੈ । ਇਹ ਵੀ ਪਤਾ ਲੱਗਾ ਹੈ ਕਿ ਜੇਕਰ ਕਿਸੇ ਵਿਦਿਆਰਥੀ ਨੂੰ ਦੋ ਚਾਰ ਕਿਤਾਬਾਂ ਦੀ ਜਰੂਰਤ ਹੈ ਤਾਂ
ਇਨ੍ਹਾਂ ਦੁਕਾਨਦਾਰਾਂ ਵੱਲੋਂ ਇਹ ਗੱਲ ਆਖ ਕੇ ਮੋੜ ਦਿੱਤਾ ਜਾਂਦਾ ਹੈ ਕਿ ਸਾਡੇ ਕੋਲੋਂ ਕਿਤਾਬਾਂ ਦਾ
ਪੂਰਾ ਸੈੱਟ ਹੀ ਲੈਣਾ ਪਵੇਗਾ । ਉਨ੍ਹਾਂ ਦੱਸਿਆ ਕਿ ਕਿਤਾਬ ਵਿਕਰੇਤਾ ਵੱਲੋਂ ਵੀ ਰੁੱਖੇ ਸ਼ਬਦਾਵਲੀ ‘ਚ ਕਿਹਾ ਜਾ
ਰਿਹਾ ਹੈ ਕਿ ਖਰੀਦਣੀ ਹੈ ਤਾਂ ਖਰੀਦੋ । ਕੁਝ ਮਾਪਿਆਂ ਨੇ ਦੁਖੀ ਮਨ ਨਾਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ
ਬਰੇਟਾ ਦੇ ਕੁਝ ਨਿੱਜੀ ਸਕੂਲਾਂ ਵੱਲੋਂ ਸ਼ਹਿਰ ਦੀਆਂ ਇੱਕਾ ਦੁੱਕਾ ਦੁਕਾਨਾਂ ਤੋਂ ਕਿਤਾਬਾਂ ਖਰੀਦਣ ਲਈ ਕਿਹਾ ਜਾ
ਰਿਹਾ ਹੈ । ਜਿਸਨੂੰ ਲੈ ਕੇ ਹਰ ਵਾਰ ਦੀ ਤਰਾਂ੍ਹ ਇਸ ਵਾਰ ਵੀ ਅਜਿਹੇ ਦੁਕਾਨਦਾਰਾਂ ਦੀ ਚਾਂਦੀ ਬਣੀ ਹੋਈ ਹੈ । ਇਸ
ਮਾਮਲੇ ਨੂੰ ਲੈ ਕੇ ਸਹਿਯੋਗ ਕਲੱਬ ਦੇ ਆਗੂ ਸ਼ੁਮੇਸ ਬਾਲੀ ਅਤੇ ਗਗਨਦੀਪ ਸਿੰਘ ਖੁਡਾਲ ਨੇ ਕਿਹਾ ਕਿ
ਪੰਜਾਬ ਸਰਕਾਰ ਇਸ ਸੰਜੀਦਾ ਮਸਲੇ ਤੇ ਤੁਰੰਤ ਗੌਰ ਕਰਕੇ ਅਜਿਹੇ ਮੁਨਾਫਾਖੋਰ ਦੁਕਾਨਦਾਰਾਂ ਅਤੇ ਸਿੱਖਿਆ
ਦਾ ਵਪਾਰੀਕਰਨ ਕਰਨ ਵਾਲੇ ਅਜਿਹੇ ਨਿੱਜੀ ਸਕੂਲਾਂ ਖਿਲਾਫ ਕਾਰਵਾਈ ਕਰੇ ਤਾਂ ਜੋ ਮਾਪਿਆਂ ਦੀ ਗਾੜ੍ਹੇ ਖੁੂਨ
ਪਸੀਨੇ ਦੀ ਕਮਾਈ ਨੂੰ ਲੁੱਟ ਤੋਂ ਬਚਾਇਆ ਜਾ ਸਕੇ ।