‘ਨਿਰੰਤਰ ਵਹਾਅ’ ਮੁਹਿੰਮ ਤਹਿਤ ਡਰੇਨਾਂ ਦੀ ਕੀਤੀ ਜਾਵੇਗੀ ਸਫਾਈ: ਐਸ.ਡੀ.ਐਮ. ਸੇਤੀਆ

0
145

ਮਾਨਸਾ, 27 ਅਗਸਤ (ਸਾਰਾ ਯਹਾ/ਅਮਨ ਮਹਿਤਾ)  :ਬੁਢਲਾਡਾ ਦੀਆਂ ਗਲੀਆਂ ਅਤੇ ਨਾਲੀਆਂ ਦੇ ਪਾਣੀ ਦੀ ਨਿਕਾਸੀ ਦਾ ਪੁਖ਼ਤਾ ਪ੍ਰਬੰਧ ਅਤੇ ਡਰੇਨਾਂ ਦੀ ਸਫਾਈ ਦਾ ਕੰਮ ਕਰਨ ਲਈ ਐਸ.ਡੀ.ਐਮ-ਕਮ-ਪ੍ਰਬੰਧਕ ਮਿਊਂਪਸਲ ਕੌਂਸਲ ਬੁਢਲਾਡਾ ਸ੍ਰੀ ਸਾਗਰ ਸੇਤਆ ਨੇ ਬੀੜਾ ਚੁੱਕਿਆ ਹੈ। ਉਨ੍ਹਾਂ ‘ਨਿਰੰਤਰ ਵਹਾਅ’ ਨਾਂਅ ਦੀ ਮੁਹਿੰਮ ਦਾ ਆਗਾਜ਼ ਕੀਤਾ ਹੈ ਜਿਸ ਤਹਿਤ ਡਰੇਨਾਂ ਦੀ ਸਫਾਈ ਦਾ ਕੰਮ ਸਫਾਈ ਸੇਵਕਾਂ ਦੁਆਰਾ ਜਦਕਿ ਸੀਵਰੇਜ਼ ਦੀ ਸਫਾਈ ਦਾ ਕੰਮ ਸੁਪਰ ਸਕਰ ਮਸ਼ੀਨਾਂ ਨਾਲ ਕੀਤਾ ਜਾ ਰਿਹਾ ਹੈ।ਸ੍ਰੀ ਸਾਗਰ ਸੇਤੀਆ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਨਿਰੰਤਰ ਵਹਾਅ’ ਨਾਂਅ ਦੀ ਮੁਹਿੰਮ ਤਹਿਤ ਪਾਣੀ ਦੀ ਖੜੋਤ ਦੇ ਨਾ ਹੋਣ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਡਰੇਨਾ ਦੀ ਸਫਾਈ ਕਰਵਾਈ ਜਾ ਰਹੀ ਹੈ ਤਾਂ ਜੋ ਮੀਂਹ ਦੇ ਮੌਸਮ ਦੌਰਾਨ ਕਿਸੇ ਪ੍ਰਕਾਰ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਬੁਢਲਾਡਾ ਵਿਚ ਲੱਗੇ ਮੇਨ ਸੀਵਰ ਦੀ ਬਲੌਕੇਜ਼ ਸਮੱਸਿਆ ਦੇ ਚਲਦਿਆਂ ਸ਼ਹਿਰ ਵਾਸੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਕਾਰਨ ਵਾਟਰ ਸਪਲਾਈ ਤੇ ਸੀਵਰੇਜ਼ ਬੋਰਡ ਮਾਨਸਾ ਵੱਲੋਂ ਸ਼ਹਿਰ ਅੰਦਰ ਸੀਵਰੇਜ਼ ਦੀ ਸਫਾਈ ਦਾ ਕੰਮ ਸੁਪਰ ਸਕਰ ਮਸ਼ੀਨਾਂ ਨਾਲ ਸ਼ੁਰੂ ਕਰਵਾ ਦਿੱਤਾ ਗਿਆ ਹੈ।ਉਨ੍ਹਾਂ ਕਿਹਾ

ਕਿ ਸੀਵਰੇਜ਼ ਬਲੌਕੇਜ਼ ਦੀ ਸਮੱਸਿਆ ਕਾਰਨ ਸਿਨੇਮਾ ਰੋਡ ਪਿਛਲੇ 5 ਮਹੀਨਿਆਂ ਤੋਂ ਬੰਦ ਸੀ। ਇਸ ਤੋਂ ਇਲਾਵਾ ਚੌੜੀ ਗਲੀ, ਬਾਜ਼ੀਗਰ ਬਸਤੀ, ਬਰ੍ਹੇ ਰੋਡ ਅਤੇ ਬੋਹਾ ਰੋਡ ਉੱਤੇ ਵੀ ਸੀਵਰੇਜ਼ ਬਲੌਕੇਜ਼ ਦੀ ਸਮੱਸਿਆ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਦੱਸਿਆ ਕਿ ਆਮ ਦਿਨਾਂ ਵਿਚ ਵੀ ਅਤੇ ਖਾਸ ਕਰਕੇ ਬਾਰਸ਼ ਦੇ ਮੌਸਮ ਦੌਰਾਨ ਨਾਲੀਆਂ ਦੇ ਬੰਦ ਹੋ ਜਾਣ ਕਾਰਨ ਪਾਣੀ ਓਵਰਫਲੋਅ ਹੋ ਕੇ ਗਲੀਆਂ ਵਿਚ ਆ ਜਾਂਦਾ ਸੀ ਅਤੇ ਖੜ੍ਹੇ ਪਾਣੀ ਕਾਰਨ ਗਲੀਆਂ ਦੀਆਂ ਸੜ੍ਹਕਾਂ ਦੀ ਟੁੱਟ ਭੱਜ ਹੋ ਜਾਂਦੀ ਸੀ, ਜਿਸ ਕਰਕੇ ਆਮ ਜਨ ਜੀਵਨ ਅਤੇ ਆਵਾਜਾਈ ਪ੍ਰਭਾਵਿਤ ਹੁੰਦੀ ਹੈ। ਇੱਥੋਂ ਦੇ ਵਸਨੀਕਾਂ ਨੂੰ ਕੰਮਕਾਰ ਲਈ ਆਉਣ ਜਾਣ ਵਿਚ ਦਿੱਕਤ ਪੇਸ਼ ਆਉਂਦੀ ਸੀ ਅਤੇ ਬਿਮਾਰੀਆਂ ਫੈਲਣ ਦਾ ਵੀ ਡਰ ਬਣਿਆ ਰਹਿੰਦਾ ਸੀ।ਉਨ੍ਹਾਂ ਦੱਸਿਆ ਕਿ ਸੁਪਰ ਸਕਰ ਮਸ਼ੀਨ ਨਾਲ ਸ਼ੁਰੂ ਕਰਵਾਏ ਕੰਮ ਤਹਿਤ ਪੁਲ ਤੋਂ ਆਈ.ਟੀ.ਆਈ. ਚੌਂਕ ਤੱਕ, ਆਈ.ਟੀ.ਆਈ. ਚੌਂਕ ਤੋਂ ਟਰੱਕ ਯੂਨੀਅਨ ਸਾਈਡ ਤੱਕ, ਪੁਲ ਤੋਂ ਬੋਹਾ ਰੋਡ, ਸਿਨੇਮਾ ਰੋਡ ਅਤੇ ਪੂਰੇ ਬੋਹਾ ਰੋਡ ਦੇ ਸੀਵਰੇਜ਼ ਦੀ ਸਫਾਈ ਦਾ ਕੰਮ ਲਗਭਗ ਦੋ ਮਹੀਨਿਆਂ ਦੇ ਅੰਦਰ ਮੁਕੰਮਲ ਕੀਤਾ ਜਾਵੇਗਾ।ਇਸ ਕਾਰਜ ਵਿਚ ਮਿਊਂਸਪਲ ਕਾਊਂਸਲ ਦੇ ਸਮੂਹ ਸਫਾਈ ਕਰਮਚਾਰੀਆਂ ਦਾ ਵੱਡਾ ਯੋਗਦਾਨ ਹੈ ਜੋ ਕਿ ਲੋਕਾਂ ਦੀ ਸਿਹਤ ਅਤੇ ਸ਼ਹਿਰ ਨੂੰ ਸਾਫ ਸੁੱਥਰਾ

ਐਸ.ਡੀ.ਐਮ- ਸ੍ਰੀ ਸਾਗਰ ਸੇਤਆ

ਰੱਖਣ ਲਈ ਰੋਜ਼ਾਨਾ ਦੁਪਹਿਰ ਤਿੰਨ ਘੰਟੇ ਗਲੀਆਂ ਤੇ ਨਾਲੀਆਂ ਦੀ ਸਫਾਈ ਕਰਦੇ ਹਨ। ਇਸ ਤੋਂ ਇਲਾਵਾ ਕਾਰਜਸਾਧਕ ਅਫ਼ਸਰ ਵਿਜੇ ਜਿੰਦਲ, ਸੈਨੇਟਰੀ ਇੰਚਾਰਜ ਧਰਮਪਾਲ ਕੱਕੜ, ਪੰਜਾਬ ਵਾਟਰ ਸਪਲਾਈ ਤੇ ਸੀਵਰੇਜ਼ ਬੋਰਡ ਦੇ ਐਸ.ਡੀ.ਈ. ਸੰਦੀਪ ਅਤੇ ਜੇ.ਈ. ਦਵਿੰਦਰ ਵੀ ਵਿਸ਼ੇਸ਼ ਭੂਮਿਕਾ ਨਿਭਾਅ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਹੋਰ ਪ੍ਰਭਾਵਿਤ ਇਲਾਕਿਆਂ ਨੂੰ ਵੀ ਇਸ ਮੁਹਿੰਮ ਅੰਦਰ ਲਿਆ ਕੇ ਬੁਢਲਾਡਾ ਵਿਖੇ ਪਾਣੀ ਦੀ ਮੁਕੰਮਲ ਨਿਕਾਸੀ ਨੂੰ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਬੁਢਲਾਡਾ ਵਸਨੀਕਾਂ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ ਵਿਚ ਉਹ ਪ੍ਰਸ਼ਾਸਨ ਦਾ ਸਹਿਯੋਗ ਕਰਦੇ ਹੋਏ ਨਾਲੀਆਂ ਵਿਚ ਕੋਈ ਵੀ ਕੂੜਾ ਕਰਕਟ ਜਾਂ ਪੌਲੀਥੀਨ ਆਦਿ ਸੁੱਟਣ ਤੋਂ ਗੁਰੇਜ਼ ਕਰਨ ਅਤੇ ਆਪਣਾ ਆਲਾ  ਦੁਆਲਾ ਸਾਫ ਰੱਖਣ ਤਾਂ ਜੋ ਸ਼ਹਿਰ ਨੂੰ ਸਾਫ ਸੁੱਥਰਾ ਵਾਤਾਵਰਣ ਪ੍ਰਦਾਨ ਕੀਤਾ ਜਾ ਸਕੇ।

NO COMMENTS