‘ਨਿਰਾਸ਼ਾ’ ਸੁਣਨ ਵਿੱਚ ਬਹੁਤ ਹੀ ਛੋਟਾ ਜਿਹਾ ਸ਼ਬਦ ਲੱਗਦਾ ਹੈ। ਪਰ ਕਈ ਵਾਰ ਜਿੰਦਗੀ ਦੇ ਕਿਸੇ ਅਜੀਬ ਮੋੜ ਤੇ ਆ ਕੇ ਲੋਕਾਂ ਨੂੰ ਗਲਤ ਫੈਸਲਾ ਲੈਣ ਲਈ ਮਜਬੂਰ ਕਰ ਦਿੰਦਾ ਹੈ। ਨਿਰਾਸ਼ ਵਿਅਕਤੀ ਕਈ ਵਾਰ ਪਰਮਾਤਮਾ ਤੋਂ ਮਿਲੀ ਜਿੰਦਗੀ ਦੀ ਖੂਬਸੂਰਤ ਦਾਤ ਨੂੰ ਗਵਾਉਣਾ ਤੇ ਉਤਾਰੂ ਹੋ ਜਾਂਦਾ ਹੈ। ਨਿਤ ਦਿਨ ਕਿਨੇ ਹੀ ਲੋਕ ਖੁਦਕੁਸ਼ੀ ਕਰ ਜਾਂਦੇ ਹਨ ਅਸਲ ਵਿੱਚ ਨਿਰਾਸ਼ਾ ਹੀ ਇਸਦਾ ਕਾਰਨ ਬਣਦੀ ਹੈ। ਖੁਸ਼ੀਆ ਹਾਸੇ ਨਿਰਾਸ਼ਾ ਆਸ਼ਾ ਇਹ ਸਭ ਵਕਤ ਦੇ ਹੀ ਹਾਣੀ ਹੁੰਦੇ ਹਨ ।ਜਿਵੇਂ ਜਿਵੇਂ ਵਕਤ ਬਦਲਦਾ ਹੈ ਨਿਰਾਸ਼ਾ ਆਸ਼ਾ ਵਿੱਚ ,ਦੁੱਖ ਸੁੱਖ ਵਿੱਚ ਅਤੇ ਗਮ ਅਕਸਰ ਖੁਸ਼ੀਆਂ ਵਿੱਚ ਬਦਲ ਹੀ ਜਾਂਦੇ ਹਨ । ਬਸ ਜ਼ਰੂਰਤ ਹੁੰਦੀ ਹੈ ਸਿਰਫ ਸਬਰ ਰੱਖਣ ਦੀ ਅਤੇ ਸਕਾਰਾਤਮਕ ਰਹਿਣ ਦੀ । ਸਬਰ ਦਾ ਅਰਥ ਹੱਥ ਤੇ ਹੱਥ ਰੱਖ ਕੇ ਬੈਠਣਾ ਨਹੀਂ ਹੁੰਦਾ, ਬਲਕਿ ਕਿਸੇ ਹੋਰ ਕੰਮ ‘ਤੇ ਧਿਆਨ ਦੇ ਕੇ ਉਸ ਬੁਰੇ ਵਕਤ ਤੌ ਦੂਰੀ ਬਣਾਉਣਾ ਹੁੰਦਾ ਹੈ ਜਾਂ ਉਸ ਘਟਨਾ ਤੋਂ ਆਪਣਾ ਧਿਆਨ ਹਟਾਉਣ ਲਈ ਆਪਣੇ ਸ਼ੌਕ ਨੂੰ ਹੋਰ ਨੇੜਿਓਂ ਵੇਖ ਕੇ ਉਸ ਨੂੰ ਨਿਖਾਰ ਕੇ ਆਪਣੇ ਸਮੇਂ ਦੀ ਬੱਚਤ ਦੇ ਨਾਲ ਨਾਲ ਦਿਲ ਨੂੰ ਸਕੂਨ ਵੀ ਦਿੱਤਾ ਜਾ ਸਕਦਾ ਹੈ । ਸਕਾਰਾਤਮਕ ਰਹਿਣ ਲਈ ਚੰਗੀਆ ਕਿਤਾਬਾਂ ਅਤੇ ਕੁਦਰਤ ਦਾ ਸਹਾਰਾ ਲਿਆ ਜਾ ਸਕਦਾ ਹੈ । ਮਸ਼ੀਨੀ ਉਪਕਰਨਾਂ ਤੌਂ ਦੂਰੀ ਬਣਾ ਕੇ ਕੁਦਰਤ ਅਤੇ ਸੰਜੀਵ ਜੀਵਾਂ ਦੇ ਨੇੜੇ ਹੋ ਕੇ ਵੀ ਮਨ ਦੀ ਅਸ਼ਾਂਤੀ ਨੂੰ ਦੂਰ ਕੀਤਾ ਜਾ ਸਕਦਾ ਹੈ, ਆਪਣੇ ਆਲੇ ਦੁਆਲੇ ਦੇ ਲੋਕ ਰਿਸ਼ਤੇਦਾਰਾਂ ਅਤੇ ਦੋਸਤਾਂ ਵਿੱਚ ਸਮਾਂ ਬਿਤਾਉਣ ਨਾਲ ਨਿਰਾਸ਼ਾ ਤੇ ਪੂਰੀ ਤਰ੍ਹਾਂ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ । ਜਿੰਦਗੀ ਵਿੱਚ ਆ ਰਹੀਆਂ ਪਰੇਸ਼ਾਨੀਆ ਅਤੇ ਔਕੜਾਂ ਨਾਲ ਠੌਕਰ ਖਾ ਕੇ ਡਿੱਗਣ ਦੀ ਬਜਾਏ ਜੇਕਰ ਉਹਨਾਂ ਦੀ ਹੀ ਪੌੜੀ ਬਣਾ ਕੇ ਮੰਜਿਲ ਵੱਲ ਨੂੰ ਵੱਧਣਾ ਸ਼ੁਰੂ ਕਰ ਦਿੱਤਾ ਜਾਵੇ ਤਾਂ ਕੋਈ ਵੀ ਮੁਸੀਬਤ ਸਾਡੇ ਰਾਹ ਨਹੀਂ ਰੋਕੇਗੀ । ਫਿਰ ਸਾਰੀਆਂ ਕੋਸ਼ਿਸ਼ਾਂ ਸਫਲ ਹੋਣ ਲੱਗ ਪੈਣ ਗਈਆਂ ਅਤੇ ਸਾਡਾ ਰਾਹ ਵੀ ਆਪਣੇ ਆਪ ਆਸਾਨ ਹੋਣ ਲੱਗ ਪੈਂਦਾ ਹੈ । ਲੋੜ ਸਿਰਫ ਹੌਸਲਾ ਰੱਖਣ ਦੀ ਹੈ । ਇਹ ਸਾਡਾ ਆਪਣਾ ਜਜ਼ਬਾ ਹੀ ਹੁੰਦਾ ਹੈ ਜੋ ਸਾਨੂੰ ਹੱਥ ਫੜ ਕੇ ਸਾਡੇ ਸੁਪਨਿਆਂ ਵੱਲ ਲੈ ਕੇ ਜਾਂਦਾ ਹੈ । ਮਾੜੇ ਹਾਲਾਤਾਂ ਵਿੱਚੋਂ ਲੰਘਦਿਆਂ ਹੋਇਆਂ ਲਏ ਗਏ ਗਲਤ ਫੈਸਲੇ ਆਪਣੇ ਨਾਲ ਨਾਲ ਹੋਰ ਕਿੰਨੀਆਂ ਹੀ ਜਿੰਦਗੀਆ ਤਬਾਹ ਕਰ ਜਾਂਦੇ ਹਨ। ਇਹ ਵੀ ਸਿਰਫ ਦਿਮਾਗ ਵਿੱਚ ਚੱਲ ਰਹੀ ਕਸ਼ਮਕਸ਼ ਹੀ ਹੁੰਦੀ ਹੈ, ਜਿਸ ਵਿੱਚ ਕਈ ਵਾਰ ਇਨਸਾਨ ਇੰਝ ਉਲਝ ਜਾਂਦਾ ਹੈ ਕਿ ਫਿਰ ਖੁਦ ਤੌਂ ਫੈਸਲਾ ਲੈਣਾ ਮੁਸ਼ਕਲ ਹੋ ਜਾਂਦਾ ਹੈ । ਅਕਸਰ ਹੀ ਆਪਣੇ ਦਿਲ ਦੀਆਂ ਗੱਲਾਂ ਕਿਸੇ ਨਾਲ ਨਾ ਖੋਲਣ ਤੇ ਵੀ ਉਹ ਸਾਡੇ ਤੇ ਹਾਵੀ ਹੋਣ ਲੱਗਦੀਆਂ ਹਨ ਅਤੇ ਕਿਸੇ ਆਪਣੇ ਨਾਲ ਬੈਠ ਕੇ, ਦਿਲ ਦਿਮਾਗ ਵਿਚ ਚੱਲ ਰਹੇ ਵਿਚਾਰਾਂ ਨੂੰ ਦੱਸਣ ਅਤੇ ਸੁਣਨ ਨਾਲ ਮਨ ਤਾਂ ਹਲਕਾ ਹੁੰਦਾ ਹੀ ਹੈ, ਪਰ ਕਈ ਵਾਰ ਕਿਸੇ ਦੂਜੇ ਦੀ ਸਲਾਹ ਅਤੇ ਪ੍ਰੇਰਣਾ ਸਾਡੀ ਜ਼ਿੰਦਗੀ ਨੂੰ ਨਵੀਆਂ ਉਚਾਈਆਂ ਤੱਕ ਲੈ ਜਾਂਦੀ ਹੈ ।
ਜਿੰਦਗੀ ਵਿੱਚ ਆਉਣ ਵਾਲਾ ਹਰ ਨਵਾਂ ਪਲ ਆਪਣੇ ਨਾਲ ਇਕ ਵੱਖਰਾ ਹੀ ਤਜਰਬਾ ਲਿਆਉਣ ਲਈ ਬਹੁਤ ਕਾਹਲਾ ਹੁੰਦਾ ਹੈ। ਇਸ ਲਈ ਆਪਣੇ ਆਪ ਤੇ ਭਰੋਸਾ, ਵਿਚਾਰਾਂ ਵਿੱਚ ਤਾਲਮੇਲ ਅਤੇ ਆਪਣੇ ਆਸ ਪਾਸ ਨਾਲ ਮੇਲਜੋਲ ਬਹੁਤ ਜਰੂਰੀ ਹੈ। ਖੁਸ਼ੀਆ ਤਾਂ ਸਾਡੇ ਆਸ ਪਾਸ ਬਹੁਤ ਪਈਆਂ ਹਨ ਹਰ ਛੋਟੀ ਚੀਜ਼ ਵਿੱਚੋਂ ਉਹਨਾਂ ਨੂੰ ਲੱਭਣ ਅਤੇ ਵੰਡਣ ਨਾਲ ਹੀ ਹਾਸੇ ਦੁੱਗਣੇ ਹੋ ਜਾਂਦੇ ਹਨ ਅਤੇ ਸਾਡੀ ਜਿੰਦਗੀ ਦੀ ਗੱਡੀ ਫਿਰ ਮਟਕ ਮਟਕ ਕੇ ਲੀਹ ਤੇ ਪੈਲਾਂ ਪਾਉਣ ਲੱਗਦੀ ਹੈ।
ਲੇਖਿਕਾ : ਗੁਰਜੀਤ ਕੌਰ ਬਡਾਲੀ, ਐਮ. ਏ. ਜਰਨਲਿਜਮ,