ਮਾਨਸਾ, 19 ਫਰਵਰੀ (ਸਾਰਾ ਯਹਾਂ/ ਮੁੱਖ ਸੰਪਾਦਕ ) : 20 ਫਰਵਰੀ ਨੂੰ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਲਈ ਮਾਨਸਾ ਜ਼ਿਲੇ ਦੇ ਤਿੰਨੇ ਵਿਧਾਨ ਸਭਾ ਹਲਕਿਆਂ 96-ਮਾਨਸਾ, 97-ਸਰਦੂਲਗੜ ਅਤੇ 98-ਬੁਢਲਾਡਾ ਵਿੱਚ ਵੋਟਾਂ ਪੁਆਉਣ ਲਈ ਅੱਜ ਚੋਣ ਕਮਿਸ਼ਨ ਵੱਲੋਂ ਤਾਇਨਾਤ ਜਨਰਲ, ਪੁਲਿਸ ਅਤੇ ਖਰਚਾ ਅਬਜ਼ਰਵਰਾਂ ਦੀ ਨਿਗਰਾਨੀ ਹੇਠ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਨੇ ਚੋਣ ਅਮਲੇ ਨੂੰ ਸਥਾਨਕ ਸਰਕਾਰੀ ਨਹਿਰੂ ਕਾਲਜ ਤੋਂ ਨਿਰਪੱਖ ਅਤੇ ਇਮਾਨਦਾਰੀ ਨਾਲ ਵੋਟਾਂ ਪੁਆਉਣ ਦੇ ਸੁਨੇਹੇ ਨਾਲ ਪੋਲਿੰਗ ਬੂਥਾਂ ਲਈ ਰਵਾਨਾ ਕਰ ਦਿੱਤਾ ਗਿਆ ਹੈ। ਇਸ ਦੌਰਾਨ ਪੋਲਿੰਗ ਬੂਥਾਂ ਦੀ ਨਿਗਰਾਨੀ ਲਈ ਮਾਈਕਰੋ ਅਬਜ਼ਰਵਰਾਂ ਅਤੇ ਪੁਲਿਸ ਪਾਰਟੀਆਂ ਨੂੰ ਵੀ ਰਵਾਨਾ ਕੀਤਾ ਗਿਆ। ਇਸ ਮੌਕੇ ਐਸ.ਐਸ.ਪੀ. ਮਾਨਸਾ ਸ਼੍ਰੀ ਦੀਪਕ ਪਾਰਿਕ ਵੀ ਉਨਾਂ ਨਾਲ ਮੌਜੂਦ ਸਨ।ਜ਼ਿਲਾ ਚੋਣ ਅਫ਼ਸਰ ਸ਼੍ਰੀ ਮਹਿੰਦਰ ਪਾਲ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ-2022 ਨੂੰ ਸਫਲਤਾ ਪੂਰਵਕ ਨੇਪਰੇ ਚੜਾਉਣ ਲਈ ਜ਼ਿਲੇ ਅੰਦਰ 646 ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ ਅਤੇ ਨਾਲ ਹੀ 71 ਮਾਈਕਰੋ ਅਬਜ਼ਵਰਾਂ ਦੀ ਡਿਊਟੀ ਵੀ ਲਗਾਈ ਗਈ ਹੈ। ਉਨਾਂ ਦੱਸਿਆ ਕਿ ਮਾਨਸਾ ਹਲਕੇ ਦੇ 224 ਪੋਲਿੰਗ ਸਟੇਸ਼ਨਾਂ ਲਈ 224 ਪੋਲਿੰਗ ਪਾਰਟੀਆਂ ਅਤੇ 33 ਮਾਈਕਰੋ ਅਬਜ਼ਰਵਰਾਂ ਸਮੇਤ ਪੁਲਿਸ ਟੀਮਾਂ ਨੂੰ ਰਵਾਨਾ ਕੀਤਾ ਗਿਆ। ਇਸ ਤੋਂ ਇਲਾਵਾ ਸਰਦੂਲਗੜ ਹਲਕੇ ਦੇ 206 ਬੂਥਾਂ ਲਈ 206 ਪੋਲਿੰਗ ਪਾਰਟੀਆਂ ਅਤੇ 17 ਮਾਈਕਰੋ ਅਬਜ਼ਰਵਰਾਂ, ਪੁਲਿਸ ਮੁਲਾਜਮਾਂ ਦੀਆਂ ਟੀਮਾਂ, ਹਲਕਾ ਬੁਢਲਾਡਾ ਦੇ 216 ਪੋਲਿੰਗ ਬੂਥਾਂ ਲਈ 216 ਪੋਲਿੰਗ ਪਾਰਟੀਆਂ ਅਤੇ 21 ਮਾਈਕਰੋ ਅਬਜ਼ਰਵਰਾਂ ਸਮੇਤ ਪੁਲਿਸ ਟੀਮਾਂ ਨੂੰ ਉਨਾਂ ਦੇ ਵੋਟਾਂ ਪੈਣ ਵਾਲੇ ਸਥਾਨਾਂ ਲਈ ਰਵਾਨਾ ਕਰ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਵਿਧਾਨ ਸਭਾ ਚੋਣ ਹਲਕਾ 96-ਮਾਨਸਾ ਲਈ 224 ਬੀ.ਯੂ. (ਬੈਲੇਟ ਯੁਨਿਟ), ਸੀ. ਯੂ (ਕੰਟਰੋਲ ਯੁਨਿਟ) ਅਤੇ ਵੀਵੀਪੈਟ (ਵੋਟਰ ਵੈਰੀਫਾਈਏਬਲ ਪੇਪਰ ਆਡਿਟ ਟੈ੍ਰਲ) ਅਲਾਟ ਕੀਤੇ ਗਏ ਹਨ। ਇਸੇ ਤਰਾਂ 97-ਸਰਦੂਲਗੜ ਲਈ 206 ਬੀ. ਯੂ., ਸੀ. ਯੂ. ਅਤੇ ਵੀਵੀਪੈਟ ਅਲਾਟ ਕੀਤੇ ਗਏ। ਉਨਾਂ ਦੱਸਿਆ ਕਿ 98-ਬੁਢਲਾਡਾ ਵਿਖੇ 216 ਬੀ. ਯੂ.-ਸੀ. ਯੂ. ਅਤੇ ਵੀਵੀਪੈਟ ਅਲਾਟ ਕੀਤੇ ਗਏ ਹਨ। ਇਸ ਤੋਂ ਇਲਾਵਾ 20 ਫੀਸਦੀ ਬੀ.ਯੂ-ਸੀ.ਯੂ. ਅਤੇ 30 ਫੀਸਦੀ ਵੀ.ਵੀ.ਪੈਟ ਰਾਖਵੇਂ ਰੱਖੇ ਗਏ ਹਨ। ਉਨਾਂ ਚੋਣ ਅਮਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਰੇ ਅਮਲੇ ਨੂੰ ਚੋਣ ਡਿਊਟੀ ਸਬੰਧੀ ਸਿਖਲਾਈ ਦਿੱਤੀ ਜਾ ਚੁੱਕੀ ਹੈ। ਉਨਾਂ ਦੱਸਿਆ ਕਿ ਚੋਣਾਂ ਦਾ ਕਾਰਜ ਨਿਰਵਿਘਨ ਅਤੇ ਸੁਚੱਜੇ ਢੰਗ ਨਾਲ ਨੇਪਰੇ ਚੜਾਉਣ ਲਈ ਜ਼ਿਲਾ ਮਾਨਸਾ ਵਿੱਚ ਕੁੱਲ ਸਿਵਲ ਪ੍ਰਸਾਸ਼ਨ ਦੇ 3107 ਅਧਿਕਾਰੀ ਅਤੇ ਕਰਮਚਾਰੀ ਚੋਣ ਅਮਲ ਲਈ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਜ਼ਿਲਾ ਪੁਲਿਸ ਮੁਖੀ ਸ਼੍ਰੀ ਦੀਪਕ ਪਾਰਿਕ ਆਈ.ਪੀ.ਐਸ ਨੇ ਕਿਹਾ ਕਿ ਜ਼ਿਲਾ ਮਾਨਸਾ ਵਿਖੇ ਹਰੇਕ ਵੋਟਰ ਬਿਨਾਂ ਕਿਸੇ ਡਰ ਅਤੇ ਭੈਅ ਤੋਂ ਆਪਣੀ ਵੋਟ ਦੀ ਵਰਤੋਂ ਕਰੇ। ਉਨਾਂ ਕਿਹਾ ਕਿ ਸਮੁੱਚੀ ਚੋਣ ਪ੍ਰਕਿਰਿਆ ਸੁਖਾਵੇਂ ਮਾਹੌਲ ’ਚ ਕਰਵਾਉਣ ਲਈ 3000 ਪੁਲਿਸ ਮੁਲਾਜ਼ਮਾਂ ਦੀ ਫੋਰਸ ਤਾਇਨਾਤ ਕੀਤੀ ਗਈ ਹੈ, ਜਿੰਨਾ ਵਿੱਚ 1709 ਪੰਜਾਬ ਪੁਲਿਸ ਦੇ ਜਵਾਨ ਅਤੇ 1291 ਪੈਰਾ ਮਿਲਟਰੀ ਫੋਰਸ਼ ਦੇ ਜਵਾਨ ਸ਼ਾਮਿਲ ਹਨ। ਉਨਾਂ ਦੱਸਿਆ ਸੁਰੱਖਿਆ ਦੇ ਮੱਦੇਨਜ਼ਰ 46 ਪੈਟਰੋਿਗ ਪਾਰਟੀਆਂ ਵੀ ਲਗਾਈਆਂ ਗਈਆਂ ਹਨ। ਉਨਾਂ ਕਿਹਾ ਕਿ ਚੋਣ ਪ੍ਰਕਿਰਿਆਂ ਦੋਰਾਨ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਮਾਹੌਲ ਖਰਾਬ ਕਰਨ ਦੀ ਇਜਾਜਤ ਨਹੀ ਹੋਵੇਗੀ। ਉਨਾਂ ਕਿਹਾ ਕਿ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਕੀਮਤ ਤੇ ਬਖਸ਼ਿਆ ਨਹੀ ਜਾਵੇਗਾ। ਉਨਾਂ ਕਿਹਾ ਕਿ ਜ਼ਿਲਾ ਪੁਲਿਸ ਲੋਕਾਂ ਦੀ ਸੇਵਾ ਲਈ ਹਰ ਸਮੇਂ ਪੂਰੀ ਮੁਸਤੈਦੀ ਨਾਲ ਡਿਊਟੀ ਕਰਨ ਲਈ ਵਚਨਬੱਧ ਹੈ। ਉਨਾਂ ਜ਼ਿਲਾ ਵਾਸੀਆਂ ਨੂੰ ਪੁਲਿਸ ਅਤੇ ਸਿਵਲ ਪ੍ਰਸਾਸਨ ਨੂੰ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ।