*ਨਿਜੀ ਰੁਝੇਵਿਆਂ ਵਿਚੋਂ ਕੁੱਝ ਸਮਾਂ ਬੱਚਿਆਂ ਨੂੰ ਦੇਣ ਮਾਪੇ – ਡਾ. ਨੀਲਮ ਸੇਠੀ*

0
46

ਫਗਵਾੜਾ 10 ਅਕਤੂਬਰ (ਸਾਰਾ ਯਹਾਂ/ਸ਼ਿਵ ਕੋੜਾ) ਸਥਾਨਕ ਜੀ.ਆਰ.ਡੀ. ਕੋ-ਐਜੂਕੇਸ਼ਨਲ ਕਾਲਜ ਫਗਵਾੜਾ ਵਿਖੇ ਅਧਿਆਪਕ ਮਾਪੇ ਮਿਲਣੀ ਦਾ ਆਯੋਜਨ ਕੀਤਾ ਗਿਆ। ਕਾਲਜ ਡਾਇਰੈਕਟਰ (ਸਿੱਖਿਆ) ਡਾ. ਨੀਲਮ ਸੇਠੀ ਦੀ ਅਗਵਾਈ ਹੇਠ ਆਯੋਜਿਤ ਇਸ ਅਧਿਆਪਕ ਮਾਪੇ ਮਿਲਣੀ ਦੌਰਾਨ ਕਾਮਰਸ ਵਿਭਾਗ, ਆਰਟਸ ਵਿਭਾਗ, ਕੰਪਿਊਟਰ ਵਿਭਾਗ, ਫੈਸ਼ਨ ਡਿਜਾਈਨਿੰਗ ਵਿਭਾਗ ਦੇ ਵਿਦਿਆਰਥੀਆਂ ਦੀਆਂ ਗਤੀਵਿਧੀਆਂ ਅਤੇ ਵਿਦਿਆਰਥੀਆਂ ਦੀਆਂ ਖੂਬੀਆਂ ਤੇ ਖਾਮੀਆਂ ਬਾਰੇ ਮਾਪਿਆਂ ਨੂੰ ਜਾਣੂ ਕਰਵਾਇਆ ਗਿਆ। ਡਾ. ਨੀਲਮ ਸੇਠੀ ਨੇ ਸਮੂਹ ਮਾਪਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਧਿਆਪਕ ਪੂਰੀ ਤਨਦੇਹੀ ਨਾਲ ਵਿਦਿਆਰਥੀਆਂ ਨੂੰ ਸਿੱਖਿਆ ਅਤੇ ਸੰਸਕਾਰ ਦੇਣ ਰਾਹੀਂ ਸਹੀ ਸੇਧ ਦੇਣ ਦਾ ਉਪਰਾਲਾ ਕਰਦੇ ਹਨ, ਪਰ ਨਾਲ ਹੀ ਇਹ ਵੀ ਜਰੂਰੀ ਹੈ ਕਿ ਮਾਪੇ ਬੱਚਿਆਂ ਦੀ ਅਣਦੇਖੀ ਨਾ ਕਰਨ। ਕਿਉਂਕਿ ਸਕੂਲ ਜਾਂ ਕਾਲਜ ਵਿਚ ਤਾਂ ਬੱਚੇ ਸਿਰਫ ਕੁੱਝ ਘੰਟੇ ਹੀ ਰਹਿੰਦੇ ਹਨ, ਜਦਕਿ ਬਾਕੀ ਸਮਾਂ ਮਾਪਿਆਂ ਦੇ ਨਾਲ ਹੀ ਵਤੀਤ ਕਰਦੇ ਹਨ, ਸੋ ਮਾਤਾ-ਪਿਤਾ ਦਾ ਵੀ ਫਰਜ਼ ਹੈ ਕਿ ਉਹ ਬੱਚਿਆਂ ਪ੍ਰਤੀ ਆਪਣੀ ਜਿੰਮੇਵਾਰੀ ਨੂੰ ਪੂਰਾ ਕਰਨ। ਆਪਣੇ ਰੋਜਾਨਾ ਦੇ ਰੁਝੇਵਿਆਂ ਵਿੱਚੋਂ ਕੁੱਝ ਸਮਾਂ ਬੱਚਿਆਂ ਨੂੰ ਜਰੂਰ ਦੇਣ ਅਤੇ ਉਹਨਾਂ ਦੀਆਂ ਰੁਚੀਆਂ ਬਾਰੇ ਜਾਣਕਾਰੀ ਲੈਂਦੇ ਹੋਏ ਆਪਣੇ ਸੁਝਾਅ ਬੱਚਿਆਂ ਨੂੰ ਦੇਣ ਤਾਂ ਜੋ ਉਹਨਾਂ ਦੇ ਭਵਿੱਖ ਨੂੰ ਸੁਨਹਿਰੀ ਬਣਾਇਆ ਜਾ ਸਕੇ। ਉਹਨਾਂ ਖਾਸ ਤੌਰ ਤੇ ਹਦਾਇਤ ਕੀਤੀ ਕਿ ਸਲਾਨਾ ਪ੍ਰੀਖਿਆਵਾਂ ਵਿਚ ਜਿਆਦਾ ਸਮਾਂ ਨਾ ਹੋਣ ਕਰਕੇ ਬੱਚਿਆਂ ਨੂੰ ਮੋਬਾਇਲ ਫੋਨ ਅਤੇ ਟੀ.ਵੀ. ਦੀ ਘੱਟ ਤੋਂ ਘੱਟ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਜਾਵੇ। ਸਮੂਹ ਮਾਪਿਆਂ ਨੇ ਸਕੂਲ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਸਕੂਲ ਸਟਾਫ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ ਅਤੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਅਧਿਆਪਕਾਂ ਵਲੋਂ ਦਿੱਤੇ ਸੁਝਾਵਾਂ ਤੇ ਅਮਲ ਜਰੂਰ ਕਰਨਗੇ। ਇਸ ਮੌਕੇ ਸਮੂਹ ਕਾਲਜ ਸਟਾਫ ਮੋਜੂਦ ਸੀ।

NO COMMENTS