*ਨਿਗਮ ਕਮਿਸ਼ਨਰ ਅਤੇ ਸੀਨੀਅਰ ਅਧਿਕਾਰੀਆਂ ਤੋਂ ਬਿਨ੍ਹਾਂ ਲਾਵਾਰਿਸ ਬਣਿਆ ਫਗਵਾੜਾ ਨਗਰ ਨਿਗਮ ਦਫਤਰ : ਖੋਸਲਾ*

0
15

ਫਗਵਾੜਾ 6 ਨਵੰਬਰ (ਸਾਰਾ ਯਹਾਂ/ਸ਼ਿਵ ਕੋੜਾ) ਫਗਵਾੜਾ ਦੇ ਸਾਬਕਾ ਮੇਅਰ ਅਤੇ ਭਾਜਪਾ ਦੇ ਸੀਨੀਅਰ ਆਗੂ ਅਰੁਣ ਖੋਸਲਾ ਨੇ ਭਗਵੰਤ ਮਾਨ ਸਰਕਾਰ ਦੀ ਕਾਰਜਸ਼ੈਲੀ ਦੀ ਤਿੱਖੀ ਨੁਕਤਾਚੀਨੀ ਕਰਦੇ ਹੋਏ ਅੱਜ ਕਿਹਾ ਕਿ ਪਹਿਲੀ ਵਾਰ ਹੈ ਜਦੋਂ ਫਗਵਾੜਾ ਨਗਰ ਨਿਗਮ ਦੇ ਕੰਮਕਾਜ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਨਾ ਤਾਂ ਕੋਈ ਫੁੱਲ ਟਾਈਮ ਨਿਗਮ ਕਮਿਸ਼ਨਰ ਹੈ ਅਤੇ ਨਾ ਹੀ ਕੋਈ ਉੱਚ ਅਧਿਕਾਰੀ ਤਾਇਨਾਤ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਨਿਗਮ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਪ੍ਰਮੋਟ ਹੋ ਕੇ ਬਤੌਰ ਡਿਪਟੀ ਕਮਿਸ਼ਨਰ ਕਪੂਰਥਲਾ ਗਏ ਹਨ, ਉਦੋਂ ਤੋਂ ਲਗਾਤਾਰ ਏ.ਡੀ.ਸੀ. ਨੂੰ ਨਿਗਮ ਕਮਿਸ਼ਨਰ ਦਾ ਵਾਧੂ ਚਾਰਜ ਦਿੱਤਾ ਜਾ ਰਿਹਾ ਹੈ। ਕੀ ਭਗਵੰਤ ਮਾਨ ਸਰਕਾਰ ਦੇ ਕੋਲ ਕੋਈ ਵੀ ਯੋਗ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਹੈ, ਜਿਸ ਨੂੰ ਫੁੱਲ ਟਾਈਮ ਨਿਗਮ ਕਮਿਸ਼ਨਰ ਲਗਾਇਆ ਜਾ ਸਕੇ? ਖੋਸਲਾ ਨੇ ਕਿਹਾ ਕਿ ਇਸ ਸਮੇਂ ਨਿਗਮ ਵਿਚ ਹਾਲਤ ਇੰਨੀ ਮਾੜੀ ਹੈ ਕਿ ਕੋਈ ਐਕਸ.ਈ.ਐਨ. ਜਾਂ ਕੋਈ ਵੀ ਸੁਪਰਡੈਂਟ ਤਾਇਨਾਤ ਨਹੀਂ ਹੈ। ਇੱਥੋਂ ਤੱਕ ਕਿ ਬਿਲਡਿੰਗ ਇੰਸਪੈਕਟਰ ਸਮੇਤ ਕੋਈ ਇੰਸਪੈਕਟਰ ਵੀ ਅਹੁਦੇ ’ਤੇ ਨਹੀਂ ਹੈ। ਸਾਰੇ ਵੱਡੇ ਅਫਸਰ ਤਬਾਦਲਾ ਕਰਵਾ ਕੇ ਇੱਥੋਂ ਚਲੇ ਗਏ ਹਨ। ਜਿਸ ਕਾਰਨ ਆਮ ਲੋਕਾਂ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸ਼ਹਿਰ ਦਾ ਵਿਕਾਸ ਵੀ ਠੱਪ ਹੈ। ਉਹਨਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੂੰ ਨਗਰ ਨਿਗਮ ਚੋਣਾਂ ਕਰਵਾਉਣ ਵਿੱਚ ਕੋਈ ਦਿਲਚਸਪੀ ਨਹੀਂ ਹੈ। ਕਿਉਂਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਨਿਗਮ ਚੋਣਾਂ ਕਰਵਾਉਣ ਦੇ ਹੁਕਮਾਂ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇ ਕੇ ਚੋਣਾਂ ਦਾ ਮਾਮਲਾ ਫਿਰ ਟਾਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਪਾਰਟੀ ਦੀ ਦੁਰਦਸ਼ਾ ਨੂੰ ਦੇਖਦਿਆਂ ਭਗਵੰਤ ਮਾਨ ਸਰਕਾਰ ਦੀ ਪੰਜਾਬ ਵਿੱਚ ਨਿਗਮ ਚੋਣਾਂ ਕਰਵਾਉਣ ਦੀ ਹਿੰਮਤ ਨਹੀਂ ਹੋ ਰਹੀ। ਜੇਕਰ ਕਾਰਪੋਰੇਸ਼ਨ ਵਿਚ ਇਸ ਸਮੇਂ ਚੁਣੇ ਹੋਏ ਮੇਅਰ ਅਤੇ ਕੌਂਸਲਰ ਹੁੰਦੇ ਤਾਂ ਘੱਟੋ-ਘੱਟ ਲੋਕਾਂ ਦੀਆਂ ਸਮੱਸਿਆਵਾਂ ਕੁਝ ਹੱਦ ਤੱਕ ਹੱਲ ਹੋ ਸਕਦੀਆਂ ਸੀ। ਸਾਬਕਾ ਮੇਅਰ ਨੇ ਤਿੱਖੇ ਲਹਿਜੇ ਵਿੱਚ ਕਿਹਾ ਕਿ ਜਿਸ ਮੁੱਖ ਮੰਤਰੀ ਨੂੰ ਢਾਈ ਸਾਲਾਂ ਵਿੱਚ ਇਹ ਸਮਝ ਨਹੀਂ ਆਈ ਕਿ ਸਰਕਾਰ ਕਿਵੇਂ ਚਲਾਈ ਜਾਵੇ, ਉਸ ਤੋਂ ਅਗਲੇ ਢਾਈ ਸਾਲ ਵਿੱਚ ਵੀ ਕੁਝ ਆਸ ਨਹੀਂ ਕੀਤੀ ਜਾ ਸਕਦੀ। ਇਨ੍ਹਾਂ ਸਾਰੀਆਂ ਗੱਲਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਸਰਕਾਰ ਪ੍ਰਤੀ ਲੋਕਾਂ ਵਿੱਚ ਡੂੰਘਾ ਰੋਸ ਅਤੇ ਗੁੱਸਾ ਹੈ। ਪੰਜਾਬ ਦੇ ਲੋਕ ਇਸ ਪਾਰਟੀ ਨੂੰ ਮੁੜ ਕਦੇ ਵੀ ਮੂੰਹ ਨਹੀਂ ਲਗਾਉਣਗੇ।

NO COMMENTS