ਪਟਿਆਲਾ 31,ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ): ਪਟਿਆਲਾ ਦੀ ਨਾਭਾ ਜੇਲ੍ਹ ਕੋਰੋਨਾਵਾਇਰਸ ਦਾ ਨਵਾਂ ਹੌਟਸਪੋਟ ਬਣੀ ਗਈ ਹੈ। ਇੱਥੇ 39 ਮਹਿਲਾ ਕੈਦੀਆਂ ਸਣੇ 73 ਕੈਦੀ ਕੋਰੋਨਾਵਾਇਰਸ ਨਾਲ ਪੌਜ਼ੇਟਿਵ ਟੈਸਟ ਕੀਤੇ ਗਏ ਹਨ। ਮੰਗਲਵਾਰ ਨੂੰ ਰੂਟੀਨ ਚੈੱਕਅਪ ਦੌਰਾਨ ਇਹ ਖੁਲਾਸਾ ਹੋਇਆ।
ਇਸ ਵੇਲੇ ਜੇਲ੍ਹ ਅੰਦਰ ਕੁੱਲ 78 ਦੇ ਕਰੀਬ ਕੋਰੋਨਾਵਾਇਰਸ ਦੇ ਮਰੀਜ਼ ਹਨ। ਸਿਹਤ ਵਿਭਾਗ ਮੁਤਾਬਿਕ ਪੌਜ਼ੇਟਿਵ ਆਏ ਕੈਦੀਆਂ ਨੂੰ ਨਿਰਧਾਰਿਤ ਆਈਸੋਲੇਸ਼ਨ ਜੇਲ੍ਹ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ।
ਸਿਹਤ ਵਿਭਾਗ ਮੁਤਾਬਕ ਜੇਲ੍ਹ ਅੰਦਰ ਕੈਦੀਆਂ ਦੇ ਪੌਜ਼ੇਟਿਵ ਹੋਣ ਦੀ ਦਰ 20 ਫੀਸਦ ਹੈ ਜੋ ਬਹੁਤ ਜ਼ਿਆਦਾ ਹੈ ਤੇ ਚਿੰਤਾ ਦਾ ਵਿਸ਼ਾ ਹੈ। ਇਸ ਲਈ ਵੱਡੀ ਗਿਣਤੀ ਵਿੱਚ ਕੋਵਿਡ ਟੈਸਟ ਕਰਨਾ ਬੇਹੱਦ ਜ਼ਰੂਰੀ ਹੈ। ਕੈਦੀਆਂ ਵਿੱਚੋਂ ਕਰੀਬ 30 ਫੀਸਦ ਨੂੰ ਆਮ ਬੁਖਾਰ ਸੀ। ਇਨ੍ਹਾਂ ਵਿੱਚੋਂ ਬਹੁਤ ਸੁਣਵਾਈ ਲਈ ਕੋਰਟ ਵੀ ਜਾ ਰਹੇ ਸੀ।
ਕੋਰੋਨਾ ਪੌਜ਼ੇਟਿਵ ਮਹਿਲਾ ਕੈਦੀਆਂ ਨੂੰ ਮਲੇਰਕੋਟਲਾ ਜੇਲ੍ਹ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ ਜਦਕਿ ਪੁਰਸ਼ ਕੈਦੀਆਂ ਨੂੰ ਨਿਊ ਨਾਭਾ ਜੇਲ੍ਹ ਵਿੱਚ ਸ਼ਿਫਟ ਕੀਤਾ ਗਿਆ ਹੈ।
ਸਿਹਤ ਵਿਭਾਗ ਮੁਤਾਬਕ ਜੇਲ੍ਹ ਵਰਗੇ ਬੰਦ ਵਾਤਾਵਰਣ ਵਿੱਚ ਮਹਾਮਾਰੀ ਨੂੰ ਕਾਬੂ ਕਰਨਾ ਬੇਹੱਦ ਚੁਣੌਤੀ ਭਰਿਆ ਹੈ ਕਿਉਂਕਿ ਇੱਥੇ ਸੋਸ਼ਲ ਡਿਸਟੈਂਸਿੰਗ ਨੂੰ ਬਣਾਏ ਰੱਖਣ ਮੁਸ਼ਕਲ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਪਟਿਆਲਾ ਸੈਂਟ੍ਰਲ ਜੇਲ੍ਹ ਕੋਰੋਨਾ ਦਾ ਹੌਟਸਪੋਟ ਬਣ ਗਈ ਸੀ।