*ਨਾਜਰ ਸਿੰਘ ਮਾਨਸਾਹੀਆ ਵੱਲੋਂ ਪਿੰਡ ਖਿੱਲਣ ਵਿਖੇ ਪੰਚਾਇਤ ਘਰ, ਲਾਇਬੇ੍ਰਰੀ ਅਤੇ ਇੰਟਰਲਾਕ ਟਾਇਲਾਂ ਵਾਲੀਆਂ ਨਵੀਆਂ ਗਲੀਆਂ ਦਾ ਕੀਤਾ ਉਦਘਾਟਨ*

0
34

ਮਾਨਸਾ, 11 ਜੂਨ(ਸਾਰਾ ਯਹਾਂ/ਮੁੱਖ ਸੰਪਾਦਕ) : ਹਲਕਾ ਵਿਧਾਇਕ ਮਾਨਸਾ ਸ਼੍ਰੀ ਨਾਜਰ ਸਿੰਘ ਮਾਨਸਾਹੀਆ ਵੱਲੋਂ ਅੱਜ ਪਿੰਡ ਖਿੱਲਣ ਵਿਖੇ ਸਮਾਰਟ ਵਿਲੇਜ਼ ਮੁਹਿੰਮ ਤਹਿਤ ਨਵੇਂ ਬਣਾਏ  ਪੰਚਾਇਤ ਘਰ, ਸਕੂਲ ਲਈ ਬਣਾਈ ਗਈ ਲਾਇਬ੍ਰੇਰੀ ਅਤੇ ਇੰਟਰਲਾਕ ਟਾਇਲਾਂ ਨਾਲ ਬਣਾਈਆਂ ਗਈਆਂ ਨਵੀਆਂ ਗਲੀਆਂ ਦਾ ਉਦਘਾਟਨ ਕੀਤਾ ਗਿਆ।  ਇਸ ਮੌਕੇ ਪਿੰਡ ਦੀ ਲੇਬਰ ਵੱਲੋਂ ਪਾਣੀ ਦੀ ਟੈਂਕੀ ਦੀ ਮੰਗ ਕੀਤੀ ਗਈ ਜਿਸਤੇ ਵਿਧਾਇਕ ਨੇ ਤੁਰੰਤ ਬੀ.ਡੀ.ਪੀ.ਓ. ਨੂੰ 10 ਦਿਨਾਂ ਦੇ ਅੰਦਰ-ਅੰਦਰ 300 ਲੀਟਰ ਟੈਂਕੀ ਮੁਹੱਈਆ ਕਰਵਾਉਣ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਇਸ ਪਾਣੀ ਦੀ ਟੈਂਕੀ ਨੂੰ ਪੀਣ ਵਾਲੇ ਪਾਣੀ ਲਈ ਅਤੇ ਪੌਦਿਆਂ ਨੂੰ ਪਾਣੀ ਦੇਣ ਲਈ ਵੀ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ ਕਿਉਂਕਿ ਇਹ ਟੈਂਕੀ ਇੱਕ ਰਿਕਸ਼ੇ ’ਤੇ ਇੱਧਰ-ਉਧਰ ਲਿਜਾਈ ਜਾ ਸਕਦੀ ਹੈ।  ਉਨ੍ਹਾਂ ਕਿਹਾ ਕਿ ਛੱਪੜ ਦੇ ਗੰਦੇ ਪਾਣੀ ਦੀ ਸਮੱਸਿਆ ਤੋਂ ਲੋਕਾਂ ਨੂੰ ਨਿਜਾਤ ਦਿਵਾਉਣ ਲਈ ਥਾਪਰ ਮਾਡਲ ਤਕਨੀਕ ਤਹਿਤ ਛੱਪੜਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਭੈਣੀ, ਖ਼ਿਆਲਾ, ਉੱਭਾ, ਬੁਰਜ ਹਰੀ ਅਤੇ ਦਲੇਲ ਸਿੰਘ ਵਾਲਾ ਵਿਖੇ ਛੱਪੜਾਂ ਦੇ ਨਵੀਨੀਕਰਨ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸੜਕਾਂ ਦੇ ਕਿਨਾਰਿਆਂ ’ਤੇ ਜਿਹੜੇ ਘਰ ਹਨ ਉਨ੍ਹਾਂ ਦਾ ਪਾਣੀ ਸੜਕਾਂ ’ਤੇ ਆਉਂਦਾ ਹੈ ਇਸ ਲਈ ਉਥੇ ਸੋਕ ਪਿੱਟਸ ਬਣਾਏ ਜਾਣ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਗਰੀਬ ਲੋਕਾਂ ਲਈ, ਜਿਨ੍ਹਾਂ ਕੋਲ ਘੱਟ ਪਸ਼ੂ ਹਨ, ਵੱਧ ਤੋਂ ਵੱਧ ਕੈਟਲ ਸ਼ੈੱਡ ਵੀ ਬਣਾਏ ਜਾਣ।     ਹੋਰ ਜਾਣਕਾਰੀ ਦਿੰਦਿਆਂ ਬੀ.ਡੀ.ਪੀ.ਓ. ਸ਼੍ਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਲਈ ਘੱਟੋ-ਘੱਟ 2 ਏਕੜ ਛੱਪੜ ਹੋਣਾ ਲਾਜ਼ਮੀ ਹੈ ਅਤੇ ਇਸ ਦੇ ਨਵੀਨੀਕਰਨ ’ਤੇ ਕਰੀਬ 28 ਲੱਖ ਰੁਪਏ ਦੀ ਲਾਗਤ ਆਉਂਦੀ ਹੈ। ਉਨ੍ਹਾਂ ਦੱਸਿਆ ਕਿ ਥਾਪਰ ਮਾਡਲ ਸਥਾਪਿਤ ਹੋਣ ਨਾਲ ਛੱਪੜਾਂ ਵਿੱਚੋਂ ਆਉਣ ਵਾਲੀ ਬਦਬੂ ਦੀ ਸਮੱਸਿਆ ਖ਼ਤਮ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਤਕਨੀਕ ਰਾਹੀਂ ਆਸ-ਪਾਸ ਪੌਦੇ ਲੱਗਣ ਨਾਲ ਇਹ ਜਗ੍ਹਾ ਸੈਰਗਾਹ ਵੀ ਬਣ ਜਾਂਦੀ ਹੈ ਅਤੇ ਤਿੰਨ ਖੂਹ ਬਣਾ ਕੇ ਪਾਣੀ ਵੱਡੇ ਟੈਂਕ ਰਾਹੀਂ ਫਿਲਟਰ ਕੀਤਾ ਜਾਂਦਾ ਹੈ ਜੋ ਸਿੰਚਾਈ ਦੇ ਕੰਮ ਵੀ ਆਉਂਦਾ ਹੈ। ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਭੀਖੀ ਸ਼੍ਰੀ ਇਕਬਾਲ ਸਿੰਘ ਅਤੇ ਪੰਚਾਇਤ ਸਕੱਤਰ ਸ਼੍ਰੀ ਵਿਜੇ ਕੁਮਾਰ ਤੋਂ ਇਲਾਵਾ ਹੋਰ ਵੀ ਮੌਜੂਦ ਸਨ।

NO COMMENTS