ਨਾਗਰਿਕਾਂ ਦੀ ਕੀਮਤੀ ਜਾਨ ਨੂੰ ਖ਼ਤਰੇ ‘ਚ ਪਾਉਣ ਵਾਲੇ ਨਸ਼ਾ ਤਸਕਰਾਂ ਖਿਲਾਫ਼ ਹੋਵੇਗੀ ਸਖ਼ਤ ਕਾਨੂੰਨੀ ਕਾਰਵਾਈ: ਐਸ.ਐਸ.ਪੀ ਮਾਨਸਾ

0
28

ਮਾਨਸਾ, 10 ਮਾਰਚ:ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਸੁਰੇਂਦਰ ਲਾਂਬਾ ਨੇ ਨਸ਼ਿਆਂ ਦਾ ਕਾਲਾ ਕਾਰੋਬਾਰ ਕਰਕੇ ਮਨੁੱਖੀ ਜਾਨਾਂ ਨੂੰ ਖ਼ਤਰੇ ਵਿੱਚ ਪਾਉਣ ਵਾਲੇ ਗੈਰ ਸਮਾਜਿਕ ਅਨਸਰਾਂ ਨੂੰ ਸਖ਼ਤ ਤਾੜਨਾ ਜਾਰੀ ਕਰਦਿਆਂ ਕਿਹਾ ਹੈ ਕਿ ਜੇਕਰ ਜ਼ਿਲ੍ਹੇ ਵਿੱਚ ਨਸ਼ਿਆਂ ਕਾਰਨ ਕਿਸੇ ਵੀ ਨਾਗਰਿਕ ਦੀ ਕੀਮਤੀ ਜਾਨ ਨੂੰ ਖ਼ਤਰਾ ਪੈਦਾ ਹੁੰਦਾ ਹੈ ਤਾਂ ਨਸ਼ਾ ਸਪਲਾਈ ਕਰਨ ਵਾਲਿਆਂ ਤੇ ਨਸ਼ਾ ਵਿਕਰੀ ਕਰਨ ਵਾਲੇ ਮਾੜੇ ਅਨਸਰਾਂ ਖਿਲਾਫ਼ ਐਨ.ਡੀ.ਪੀ.ਐਸ ਐਕਟ ਅਤੇ ਗੈਰ ਇਰਾਦਤਨ ਕਤਲ ਦੀ ਧਾਰਾ 304 ਤਹਿਤ ਸਖ਼ਤ ਤੋਂ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਐਸ.ਐਸ.ਪੀ ਨੇ ਕਿਹਾ ਕਿ ਜ਼ਿਲ੍ਹਾ ਮਾਨਸਾ ਵਿੱਚ ਨਸ਼ਿਆਂ ਖਿਲਾਫ਼ ਜੰਗ ਜਾਰੀ ਰੱਖਾਂਗੇ ਅਤੇ ਇਸ ਜੰਗ ਨੂੰ ਜਿੱਤ ਤੱਕ ਪਹੁੰਚਾਉਣ ਲਈ ਨਾਗਰਿਕਾਂ ਦੇ ਮਹੱਤਵਪੂਰਨ ਸਹਿਯੋਗ ਦੀ ਬੇਹੱਦ ਜ਼ਰੂਰਤ ਹੈ।ਐਸ.ਐਸ.ਪੀ ਨੇ ਅਪੀਲ ਕਰਦਿਆਂ ਕਿਹਾ ਕਿ ਜੇ ਕਿਸੇ ਵੀ ਨਾਗਰਿਕ ਕੋਲ ਕਿਸੇ ਨਸ਼ਾ ਤਸਕਰ ਜਾਂ ਨਸ਼ਿਆਂ ਦੀ ਸਪਲਾਈ ਜਾਂ ਨਸ਼ਿਆਂ ਦੀ ਵਿਕਰੀ ਕਰਨ ਵਾਲਿਆਂ ਬਾਰੇ ਕੋਈ ਵੀ ਜਾਣਕਾਰੀ ਹੈ ਤਾਂ ਉਹ ਪੰਜਾਬ ਪੁਲਿਸ ਦੇ ਹੈਲਪਲਾਈਨ ਨੰਬਰ 112, ਪੁਲਿਸ ਕੰਟਰੋਲ ਰੂਮ ਮਾਨਸਾ ਦੇ ਸੰਪਰਕ ਨੰਬਰਾਂ 97800-05307 ਅਤੇ 01652-227736 ਜਾਂ ਐਸ.ਐਸ.ਪੀ ਮਾਨਸਾ ਦੇ ਮੋਬਾਇਲ ਨੰ: 97800-05007 ‘ਤੇ ਇਸ ਦੀ ਸੂਚਨਾ ਦੇ ਸਕਦਾ ਹੈ। ਸ਼੍ਰੀ ਲਾਂਬਾ ਨੇ ਕਿਹਾ ਕਿ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਦੇਣ ਵਾਲੇ ਨਾਗਰਿਕ ਦਾ ਨਾਮ ਤੇ ਪਤਾ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ।ਐਸ.ਐਸ.ਪੀ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਿਖੇ ਪੁਲਿਸ ਵਿਭਾਗ ਵੱਲੋਂ ਮੌਜੂਦਾ ਵਰ੍ਹੇ ਅੰਦਰ ਜਨਵਰੀ ਤੋਂ ਲੈ ਕੇ ਹੁਣ ਤੱਕ (ਪਿਛਲੇ 68 ਦਿਨਾਂ ਵਿੱਚ) ਐਨ.ਡੀ.ਪੀ.ਐਸ ਅਤੇ ਐਕਸਾਈਜ਼ ਐਕਟ ਤਹਿਤ 204 ਪੁਲਿਸ ਕੇਸ ਦਰਜ ਕਰਕੇ 216 ਜਣਿਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਨਸ਼ਾ ਤਸਕਰਾਂ ਕੋਲੋਂ 20 ਗ੍ਰਾਮ ਹੈਰੋਇਨ, 700 ਗ੍ਰਾਮ ਅਫ਼ੀਮ, 54 ਕਿਲੋ 500 ਗ੍ਰਾਮ ਭੁੱਕੀ, 19 ਹਜ਼ਾਰ 595 ਨਸ਼ੀਲੀਆਂ ਗੋਲੀਆਂ, 5 ਕਿਲੋ 520 ਗ੍ਰਾਮ ਗਾਂਜਾ ਅਤੇ 35 ਸੀਰਪ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਤਹਿਤ 9 ਮਾਰਚ ਤੱਕ 6424 ਕਿਲੋਗ੍ਰਾਮ ਲਾਹਣ, 347.450 ਲੀਟਰ ਨਜਾਇਜ਼ ਸ਼ਰਾਬ ਅਤੇ 14.250 ਲੀਟਰ ਅੰਗ੍ਰੇਜੀ ਸ਼ਰਾਬ ਬਰਾਮਦ ਕੀਤੀ ਗਈ।ਐਸ.ਐਸ.ਪੀ ਨੇ ਕਿਹਾ ਕਿ ਨਸ਼ਾ ਛੱਡ ਕੇ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਹੋਣ ਦੇ ਚਾਹਵਾਨ ਵਿਅਕਤੀਆਂ ਲਈ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਿਆਂ ਵਿੱਚ ਓਟ ਕਲੀਨਿਕ ਸਥਾਪਤ ਕੀਤੇ ਹੋਏ ਹਨ ਜਿਥੇ ਕਿ ਮਾਹਿਰ ਡਾਕਟਰਾਂ ਦੀ ਸਲਾਹ ਨਾਲ ਓਟ ਕੇਂਦਰ ਵਿੱਚੋਂ ਹੀ ਮੁਫ਼ਤ ਦਵਾਈ ਹਾਸਲ ਕਰਕੇ ਨਸ਼ੇ ਦੀ ਆਦਤ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

NO COMMENTS