(ਸਾਰਾ ਯਹਾਂ/ਬਿਊਰੋ ਨਿਊਜ਼ ) : ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੰਗ ਕੀਤੀ ਕਿ ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀ ਪੀ ਐਸ ਸੀ) ਵੱਲੋਂ ਕੀਤੀ ਗਈ ਨਾਇਬ ਤਹਿਸੀਲਦਾਰ ਦੀ ਭਰਤੀ ਵਿਚ ਬਹੁ ਕਰੋੜੀ ਘੁਟਾਲੇ ਦੀ ਜਾਂਚ ਸੀ ਬੀ ਆਈ ਤੋਂ ਕਰਵਾਈ ਜਾਵੇ ਜਾਂ ਫਿਰ ਇਸਦੀ ਨਿਆਂਇਕ ਜਾਂਚ ਕਰਵਾਈ ਜਾਵੇ ਕਿਉਂਕਿ ਇਸ ਮਾਮਲੇ ਵਿਚ ਪ੍ਰੀਖਿਆ ਪ੍ਰਕਿਰਿਆ ਵਿਚ ਗਲਤ ਕੰਮ ਕਰਨ ਦਾ ਖੁਲ੍ਹਾਸਾ ਕੁਝ ਹੇਠਲੇ ਪੱਧਰ ਦੇ ਮੁਲਜ਼ਮਾਂ ਦੀ ਗ੍ਰਿਫਤਾਰੀ ਨਾਲ ਹੋਇਆ ਹੈ।
ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਇਸ ਮਾਮਲੇ ਦੀ ਜਾਂਚ ਸੀ ਬੀ ਆਈ ਜਾਂ ਫਿਰ ਹਾਈ ਕੋਰਟ ਦੇ ਮੌਜੂਦਾ ਜੱਜ ਹਵਾਲੇ ਕਰਨ। ਉਹਨਾਂ ਕਿਹਾ ਕਿ 70 ਹਜ਼ਾਰ ਉਮੀਦਵਾਰ ਜੋ ਇਸ ਪ੍ਰੀਖਿਆ ਵਿਚ ਬੈਠੇ ਉਹ ਚਾਹੁੰਦੇ ਹਨ ਕਿ ਸਾਰੀ ਜਾਂਚ ਪਾਰਦਰਸ਼ੀ ਹੋਵੇ ਅਤੇ ਉਹਨਾਂ ਦੀ ਹੇਠਲੇ ਪੱਧਰ ਦੇ ਮੁਲਜ਼ਮਾਂ ਨੂੰ ਫੜ ਕੇ ਅੱਖਾਂ ਪੂੰਝਣ ਨਾਲ ਤਸੱਲੀ ਨਹੀਂ ਹੋਵੇਗੀ।
ਅਕਾਲੀ ਆਗੂ ਨੇ ਇਹ ਵੀ ਮੰਗ ਕੀਤੀ ਕਿ ਨਾਇਬ ਤਹਿਸੀਲ ਪ੍ਰੀਖਿਆ ਦੀ ਸਾਰੀ ਭਰਤੀ ਪ੍ਰਕਿਰਿਆ ਰੱਦ ਕੀਤੀ ਜਾਵੇ। ਉਹਨਾਂ ਇਹ ਵੀ ਮੰਗ ਕੀਤੀ ਕਿ ਜਿਸ ਸਟਾਫ ਨੇ ਇਹ ਪ੍ਰੀਖਿਆ ਕਰਵਾਈ ਉਹਨਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇ ਤਾਂ ਜੋ ਉਹਨਾਂ ਦੇ ਸਿਆਸੀ ਆਕਾਵਾਂ ਦਾ ਪਤਾ ਲੱਗ ਸਕੇ ਜਿਹਨਾਂ ਨੇ ਗਲਤ ਕੰਮ ਕਰਵਾਏ ਤਾਂ ਜੋ ਇਹਨਾਂ ਨੂੰ ਢੁਕਵੀਂ ਸਜ਼ਾ ਮਿਲ ਸਕੇ।ਉਹਨਾਂ ਇਹ ਵੀ ਮੰਗ ਕੀਤੀ ਕਿ ਹੋਰ ਸਾਰੀਆਂ ਪ੍ਰੀਖਿਆਵਾਂ ਜਿਹਨਾਂ ਵਿਚ ਵੈਟਨਰੀ ਅਫਸਰਾਂ ਤੇ ਸਹਿਕਾਰੀ ਸਭਾਵਾਂ ਦੇ ਇੰਸਪੈਕਟਰਾਂ ਦੀ ਭਰਤੀ ਵੀ ਸ਼ਾਮਲ ਹਨ ਅਤੇ ਸ਼ੱਕ ਦੇ ਘੇਰੇ ਵਿਚ ਹਨ, ਉਹ ਵੀ ਨਵੇਂ ਸਿਰੇ ਤੋਂ ਪਾਰਦਰਸ਼ੀ ਢੰਗ ਨਾਲ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ।
ਮਜੀਠੀਆ ਨੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਆਖਿਆ ਕਿ ਉਹ ਦੱਸਣ ਕਿ ਉਹ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਿਚ ਕਿਹੜੇ ਬਦਲਾਅ ਦਾ ਪ੍ਰਚਾਰ ਕਰ ਰਹੇ ਹਨ। ਉਹਨਾਂ ਕਿਹਾ ਕਿ ਕੇਜਰੀਵਾਲ ਗੁਜਰਾਤ ਵਿਚ ਪ੍ਰਚਾਰਕਰ ਰਹੇ ਹਨ ਕਿ ਸੂਬੇ ਵਿਚ ਭਰਤੀ ਪ੍ਰੀਖਿਆ ਦੇ ਪੇਪਰ ਲੀਕ ਕੀਤੇ ਗਏ ਹਨ ਜਦੋਂ ਕਿ ਪੰਜਾਬ ਤਾਂ ਪ੍ਰੀਖਿਆ ਪ੍ਰਣਾਲੀ ਹੀ ਢਹਿ ਢੇਰੀ ਹੋ ਗਈ ਹੈ ਤੇ ਜੀ ਐਸ ਐਮ ਯੰਤਰਾਂ ਦੇ ਨਾਲ ਸਿਮ ਕਾਰਡ ਤੇ ਬਲੂਟੁੱਥ ਦੀ ਵਰਤੋਂ ਕਰ ਕੇ ਮਾਹਿਰਾਂ ਤੋਂ ਉਹਨਾਂ ਉਮੀਦਵਾਰਾਂ ਨੂੰ ਜਵਾਬ ਉਪਲਬਧ ਕਰਵਾਏ ਗਏ ਜਿਹਨਾਂ ਦੀ ਚੋਣ ਕੀਤੀ ਜਾਣੀ ਸੀ। ਉਹਨਾਂ ਕਿਹਾਕਿ ਇਸ ਕਾਰਨ ਪਟਵਾਰੀ ਤੇ ਸਵੀਪਰਾਂ ਦੀ ਪ੍ਰੀਖਿਆ ਵਿਚ ਫੇਲ੍ਹਹੋਏ ਉਮੀਦਵਾਰ ਵੀ ਚੁਣੇ ਗਏ।