ਨਹਿਰੂ ਯੁਵਾ ਕੇਂਦਰ ਮਾਨਸਾ ਵੱਲ੍ਹੋਂ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਸਮਾਗਮਾਂ ਦੀ ਸ਼ੁਰੂਆਤ

0
10

ਮਾਨਸਾ12,ਮਾਰਚ (ਸਾਰਾ ਯਹਾਂ /ਜੋਨੀ ਜਿੰਦਲ) : ਭਾਰਤ ਸਰਕਾਰ ਵੱਲ੍ਹੋਂ ਨਹਿਰੂ ਯੁਵਾ ਕੇਂਦਰਾਂ ਰਾਹੀਂ ਅਜ਼ਾਦੀ ਦੀ ਮਨਾਈ ਜਾ ਰਹੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਸਮਾਗਮਾਂ ਦੀ ਸ਼ੁਰੂਆਤ ਇਥੇ ਨਹਿਰੂ ਯੁਵਾ ਕੇਂਦਰ ਮਾਨਸਾ ਵੱਲ੍ਹੋਂ ਜ਼ਿਲ੍ਹਾ ਪੱਧਰੀ ਯੂਥ ਪਾਰਲੀਮੈਂਟ ਨਾਲ ਕੀਤੀ ਗਈ,ਜਿਸ ਦਾ ਉਦਘਾਟਨ ਮਾਣਯੋਗ ਸਿਵਲ ਜੱਜ ਅਤੇ ਮੁਫਤ ਕਾਨੂੰਨੀ ਅਥਾਰਟੀ ਦੇ ਸਕੱਤਰ ਅਮਨਦੀਪ ਸਿੰਘ ਨੇ ਕੀਤਾ। ਉਨ੍ਹਾਂ ਦੇਸ਼ ਦੀ ਅਜ਼ਾਦੀ ਲਈ ਪੰਜਾਬੀਆਂ ਵੱਲ੍ਹੋਂ ਨਿਭਾਏ ਯੋਗਦਾਨ ਅਤੇ ਕੀਤੀਆਂ ਅਥਾਹ ਕੁਰਬਾਨੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਜ਼ਾਦੀ ਤੋਂ ਬਾਅਦ ਦੇਸ਼ ਵਿੱਚ ਆਏ ਨਿਗਾਰ ਨੂੰ ਦਰੁਸਤ ਕਰਨ ਲਈ ਸਾਡੇ ਨੌਜਵਾਨਾਂ ਨੂੰ ਅਹਿਮ ਭੂਮਿਕਾ ਨਿਭਾਉਣ ਦੀ ਲੋੜ ਹੈ।ਉਨ੍ਹਾਂ ਇਸ ਗੱਲ ‘ਤੇ ਚਿੰਤਾ ਵੀ ਜ਼ਾਹਿਰ ਕੀਤੀ ਕਿ ਦੇਸ਼ ਵਿੱਚ ਭ੍ਰਿਸ਼ਟਾਚਾਰ ਦਿਨੋ ਦਿਨ ਵਧ ਰਿਹਾ ਹੈ,ਅਸੀਂ ਉਸ ਵਿਰੁੱਧ ਅਵਾਜ਼ ਬੁਲੰਦ ਕਰਨ ਦੀ ਥਾਂ ਕੰਮ ਜਲਦੀ ਹੋ ਜਾਵੇ, ਖੁਦ ਰਿਸ਼ਵਤ ਨੂੰ ਪ੍ਰਫੁੱਲਤ ਕਰ ਰਹੇ ਹਨ,ਉਨ੍ਹਾਂ ਕਿਹਾ ਸਾਡੇ ਨੋਜਵਾਨਾਂ ਨੂੰ ਦੇਸ਼ ਦੇ ਸਿਸਟਮ ਨੂੰ ਸੁਧਾਰਨ ਲਈ ਖੁਦ ਪਹਿਲ ਕਦਮੀ ਕਰਦਿਆਂ ਗਲਤ ਨੂੰ ਗਲਤ ਕਹਿਣ ਦੁ ਜੁਰਅਤ ਕਰਨੀ ਚਾਹੀਦੀ ਹੈ।ਉਨ੍ਹਾਂ ਮੁਫਤ ਕਾਨੂੰਨੀ ਅਥਾਰਟੀ ਸੇਵਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਨੂੰ ਆਮ ਲੋਕਾਂ ਨੂੰ ਇਨ੍ਹਾਂ ਮੁਫਤ ਸੇਵਾਵਾਂ ਤੋਂ ਜਾਣੂ ਕਰਵਾਉਣ ਲਈ ਵੀ ਅਹਿਮ ਭੂਮਿਕਾ ਨਿਭਾਉਣੀ ਚਾਹੀਦੀ ਹੈ। ਇਨ੍ਹਾਂ ਮੁਫਤ ਕਾਨੂੰਨੀ ਸੇਵਾਵਾਂ ਦਾ ਜ਼ਿਕਰ ਕਰਦਿਆਂ ਐਡਵੋਕੇਟ ਬਲਵੰਤ ਭਾਟੀਆ ਨੇ ਕਿਹਾ ਕਿ ਬੇਸ਼ੱਕ ਇਨ੍ਹਾਂ ਸੇਵਾਵਾਂ ਦਾ ਮੁਫਤ ਲਾਭ ਲੈਣ ਦੇ ਘੇਰੇ ਵਿੱਚ 85 ਫੀਸਦੀ ਦੇ ਕਰੀਬ ਲੋਕ ਆਉਂਦੇ ਹਨ,ਪਰ ਬੇਹੱਦ ਅਫਸੋਸ ਦੀ ਗੱਲ ਹੈ ਕਿ ਇਕ ਫੀਸਦੀ ਲੋਕ ਵੀ ਇਨ੍ਹਾਂ ਮੁਫਤ ਕਾਨੂੰਨੀ ਸੇਵਾਵਾਂ ਦਾ ਲਾਭ ਨਹੀਂ ਉਠਾ ਰਹੇ,ਜਿਸ ਕਰਕੇ ਹੁਣ ਪਿੰਡ ਪਿੰਡ ਜਾਗਰੂਕਤਾ ਮੁਹਿੰਮ ਤਹਿਤ ਇਸ ਬਾਰੇ ਲੋਕਾਂ ਨੂੰ ਚੇਤੰਨ ਕੀਤਾ ਜਾ ਰਿਹਾ ਹੈ।

ਉਨ੍ਹਾਂ ਦੇਸ਼ ਦੀ ਅਜ਼ਾਦੀ ਦੀ 75ਵੀ ਵਰ੍ਹੇਗੰਢ ਦੇ ਸਮਾਗਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਡੇ ਨੋਜਵਾਨਾਂ ਨੂੰ ਸਮਾਜ ਵਿੱਚ ਪਲਪ ਰਹੀਆਂ ਪੁਰਾਣੀਆਂ ਧਾਰਨਾਵਾਂ,ਬੁਰਾਈਆਂ, ਅੰਧ ਵਿਸ਼ਵਾਸ ਵਿਰੁੱਧ ਨਿਡਰਤਾ ਨਾਲ ਪਹਿਰਾ ਦੇਣ ਦੀ ਲੋੜ ਹੈ,ਤਾਂ ਹੀ ਅਸੀਂ ਨਵੇਂ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ।ਇਸ ਮੌਕੇ ਡਾਈਟ ਪ੍ਰਿੰਸੀਪਲ ਡਾ ਬੂਟਾ ਸਿੰਘ ਸੇਖੋਂ ਨੇ ਦੇਸ਼ ਦੀ ਅਜ਼ਾਦੀ ਦੇ ਹੁਣ ਤੱਕ ਦੇ ਇਤਿਹਾਸ, ਅਜ਼ਾਦੀ ਲਈ ਪੰਜਾਬੀਆਂ ਦੇ ਯੋਗਦਾਨ ਦੀ ਚਰਚਾ ਕਰਦਿਆਂ ਕਿਹਾ ਬੇਸ਼ੱਕ ਪੰਜਾਬੀਆਂ ਦਾ ਸਭ ਤੋ ਵੱਡਾ ਯੋਗਦਾਨ ਅਤੇ ਕੁਰਬਾਨੀਆਂ ਰਹੀਆਂ ਹਨ,ਪਰ ਪੰਜਾਬ ਦੀ ਜਿਸ ਰੂਪ ਵਿੱਚ ਵਾਰ ਵਾਰ ਵੰਡ ਹੋਈ ਹੈ,ਉਸ ਦਾ ਉਲਟਾ ਉਨ੍ਹਾਂ ਨੂੰ ਖਮਿਆਜ਼ਾ ਭੁਗਤਣਾ ਪਿਆ ਹੈ। ਇਸੇ ਦੌਰਾਨ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਰਘਵੀਰ ਸਿੰਘ ਮਾਨ,ਸਟੇਟ ਮੀਡੀਆ ਕੋਆਰਡੀਨੇਟਰ ਸਿੱਖਿਆ ਵਿਭਾਗ ਹਰਦੀਪ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬੀਆਂ ਨੇ ਜਿਥੇ ਦੇਸ਼ ਦੀ ਅਜ਼ਾਦੀ ਵਿੱਚ ਆਪਣਾ ਯੋਗਦਾਨ ਪਾਇਆ,ਕੁਰਬਾਨੀਆਂ ਦਿੱਤੀਆਂ, ਉਥੇ ਉਸ ਦੀ ਰੱਖਿਆ ਲਈ ਹੁਣ ਵੀ ਨਿਤ ਦਿਨ ਦੇਸ਼ ਦੀਆਂ ਸਰਹੱਦਾਂ ਤੇ ਕੁਰਬਾਨੀਆਂ ਦੇ ਰਹੇ ਹਨ।       ਜ਼ਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਅਤੇ ਲੇਖਾ ਅਤੇ ਪ੍ਰੋਗਰਾਮ ਸਹਾਇਕ ਸੰਦੀਪ ਘੰਡ ਨੇ ਦੱਸਿਆ ਕਿ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਸਾਇਕਲ ਰੈਲੀਆਂ, ਦੌੜ ਸਮਾਗਮ ਅਤੇ ਹੋਰ ਵੱਖ ਵੱਖ ਤਰ੍ਹਾਂ ਨਾਲ ਪ੍ਰੋਗਰਾਮ ਉਲੀਕੇ ਜਾਣਗੇ। ਉਨ੍ਹਾਂ ਯੂਥ ਕਲੱਬਾਂ ਦੇ ਨੌਜਵਾਨ ਨੂੰ ਸੱਦਾ ਦਿੱਤਾ ਕਿ ਉਹ ਇਨ੍ਹਾਂ ਸਮਾਗਮਾਂ ਵਿੱਚ ਵੱਧ ਚੜ੍ਹਕੇ ਭਾਗ ਲੈਣ। ਇਸ ਮੌਕੇ ਦੇਸ਼ ਦੇ ਸੰਵਿਧਾਨ ਦਾ ਸਨਮਾਨ ਕਰਨ ਅਤੇ ਏਕਤਾ, ਅਖੰਡਤਾ ਨੂੰ ਬਣਾਈ ਰੱਖਣ ਲਈ ਨੌਜਵਾਨਾਂ ਨੂੰ ਸਹੁੰ ਵੀ ਚੁਕਾਈ ਗਈ। ਇਸ ਮੋਕੇ ਹੋਰਨਾਂ ਤੋਂ ਇਲਾਵਾ ਮਨੋਜ ਕੁਮਾਰ ਸੁਖਵਿੰਦਰ ਸਿੰਘ ਖੁਸ਼ਵਿੰਦਰ ਸਿੰਘ, ਗੁਰਵਿੰਦਰ ਸਿੰਘ ,ਕਰਮਜੀਤ ਸਿੰਘ ਸ਼ੀਤਲ ਕੋਰ, ਮਨਦੀਪ ਕੌਰ ਨੇ  ਵੀ ਸੰਬੋਧਨ ਕੀਤਾ।

NO COMMENTS