*ਨਸ਼ੇ ਨਾਲ ਭਰਾ ਦੀ ਮੌਤ ਤੋਂ ਬਾਅਦ ਅਮ੍ਰਿਤ ਕੌਰ ਗਿੱਲ ਨੇ 1 ਸਾਲ ਨਹੀਂ ਪਾਈ ਪੈਰੀ ਜੁੱਤੀ, ਹੁਣ 12 ਦਸੰਬਰ ਤੋਂ ਆਰੰਭ ਕਰਨਗੇ “ਵੱਸਦਾ ਰਹੇ ਪੰਜਾਬ” ਪਦ ਯਾਤਰਾ*

0
243

ਮਾਨਸਾ 06 ਦਸੰਬਰ (ਸਾਰਾ ਯਹਾਂ/ਮੁੱਖ ਸੰਪਾਦਕ): ਸਮਾਜ ਵਿੱਚ ਨਸ਼ਿਆਂ ਦੇ ਪ੍ਰਭਾਵ, ਨਸ਼ਿਆਂ ਕਾਰਨ ਉੱਜੜ ਰਹੇ ਪਰਿਵਾਰ, ਮੌਤ ਦੇ ਮੂੰਹ ਵਿੱਚ ਜਾ ਰਹੀ ਜਵਾਨੀ ਅਤੇ ਹੋਰ ਅਲਾਮਤਾਂ ਪੈਦਾ ਹੁੰਦੀਆਂ ਹਨ। ਇਨ੍ਹਾਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਭਰਾ ਦੀ ਨਸ਼ੇ ਨਾਲ ਮੌਤ ਤੋਂ ਬਾਅਦ ਅਮ੍ਰਿਤ ਕੌਰ ਗਿੱਲ ਨੇ ਨੌਜਵਾਨੀ ਨੂੰ ਜਾਗਰੂਕ ਕਰਨ, ਨਸ਼ੇ ਦੇ ਕੋਹੜ ਨੂੰ ਜੜ੍ਹ ਤੋਂ ਖਤਮ ਕਰਨ ਦੇ ਮਕਸਦ ਨਾਲ 12 ਦਸੰਬਰ ਤੋਂ ਬਠਿੰਡਾ ਤੋਂ ਪੰਜਾਬ ਭਰ ਲਈ “ਵੱਸਦਾ ਰਹੇ ਪੰਜਾਬ” ਪਦ ਯਾਤਰਾ ਕਾਫਲੇ ਦੇ ਰੂਪ ਵਿੱਚ ਕੱਢਣ ਦਾ ਫੈਸਲਾ ਕੀਤਾ ਹੈ। ਇਹ ਯਾਤਰਾ ਪੂਰੇ ਪੰਜਾਬ ਨੂੰ ਸਮਰਪਿਤ ਹੋਵੇਗੀ। ਵੱਖ-ਵੱਖ ਥਾਵਾਂ ਤੇ ਪੜਾਅ ਦਰ ਪੜਾਅ ਇਸ ਯਾਤਰਾ ਵੱਲੋਂ ਨਸ਼ਿਆਂ ਦੇ ਖਿਲਾਫ ਅਤੇ ਪੰਜਾਬ ਦੀ ਸੋਹਣੀ ਜਵਾਨੀ ਲਹਿਰਾਉਂਦੀ ਖੇਤੀ ਅਤੇ ਹੋਰ ਪੰਜਾਬੀ ਰਸਮਾਂ ਨੂੰ ਬਚਾ ਕੇ ਰੱਖਣ ਦੇ ਲਈ ਨੁੱਕੜ ਨਾਟਕ, ਸਕਿੱਟਾਂ, ਮਮਿੱਕਰੀ ਦੇ ਰੂਪ ਵਿੱਚ ਨੌਜਵਾਨੀ ਨੂੰ ਹੋਕਾ ਦੇਵੇਗੀ।
ਜਿਕਰਯੋਗ ਹੈ ਕਿ ਕਰੀਬ 12 ਵਰ੍ਹੇਂ ਪਹਿਲਾਂ 12 ਦਸੰਬਰ ਨੂੰ ਅਮ੍ਰਿਤ ਕੌਰ ਗਿੱਲ ਦੇ ਭਰਾ ਦੀ ਨਸ਼ਿਆਂ ਦੀ ਭੇਂਟ ਚੜ੍ਹਣ ਕਾਰਨ ਮੌਤ ਹੋ ਗਈ ਸੀ। ਜਵਾਨੀ ਭਰ ਵਿੱਚ ਹੋਈ ਗੱਭਰੂ ਭਰਾ ਦੀ ਮੌਤ ਨੂੰ ਪਰਿਵਾਰ ਅਤੇ ਅਮ੍ਰਿਤ ਕੌਰ ਗਿੱਲ ਬਰਦਾਸ਼ਤ ਨਹੀਂ ਕਰ ਸਕੇ। ਉਨ੍ਹਾਂ ਨੇ ਜਿੰਦਗੀ ਦੇ ਸਾਰੇ ਚਾਅ, ਰੁਝੇਵੇਂ, ਗਤੀਵਿਧੀਆਂ ਛੱਡ ਕੇ ਮੌਨ ਧਾਰ ਲਿਆ ਅਤੇ ਨਸ਼ੇ ਤੋਂ ਫਿਕਰਮੰਦ ਹੋ ਕੇ ਚੁੱਪ ਧਾਰ ਲਈ। ਉਹ 1 ਵਰ੍ਹਾ ਨੰਗੇ ਪੈਰੀ ਰਹਿਣ ਦਾ ਸੰਕਲਪ ਲੈ ਕੇ ਜਿੰਦਗੀ ਦੇ ਸਾਰੇ ਪਲ ਕੱਢਦੇ ਰਹੇ। ਆਉਣ ਵਾਲੀ 12 ਦਸੰਬਰ ਨੂੰ ਉਨ੍ਹਾਂ ਦੇ ਨੰਗੇ ਪੈਰੀ ਰਹਿਣ ਦਾ ਇੱਕ ਸਾਲ ਪੂਰਾ ਹੋ ਜਾਵੇਗਾ। ਇਸ ਸਦਮੇ ਵਿੱਚ ਅਮ੍ਰਿਤ ਕੌਰ ਗਿੱਲ ਨੇ ਇੱਕ ਵਰ੍ਹਾ ਗਰਮੀ-ਸਰਦੀ ਦੇ ਮੌਸਮ ਵਿੱਚ ਪੈਰੀ ਜੁੱਤੀ ਨਹੀਂ ਪਾਈ ਅਤੇ ਹਰ ਮੌਸਮ ਨੂੰ ਨੰਗੇ ਪੈਰ੍ਹੀ ਹੰਢਾਇਆ। ਅਮ੍ਰਿਤ ਕੌਰ ਗਿੱਲ ਜੱਗ-ਬਾਣੀ ਨਾਲ ਗੱਲਬਾਤ ਦੌਰਾਨ ਦੱਸਦੇ ਹਨ ਕਿ ਨਸ਼ਾ ਸਾਡੀਆਂ ਖੁਸ਼ੀਆਂ, ਚਾਅ,ਮਿਲਾਰ, ਭਾਵਨਾਵਾਂ, ਰੀਝਾਂ, ਸੁਪਨੇ, ਪਰਿਵਾਰ, ਜਵਾਨੀ, ਹਸਰਤ, ਭਵਿੱਖ ਨੂੰ ਵੀ ਖਾ ਜਾਂਦਾ ਹੈ। ਭਰਾ ਦੀ ਮੌਤ ਨੂੰ ਉਨ੍ਹਾਂ ਨੇ ਪੂਰੀ ਨੌਜਵਾਨੀ ਦੀ ਚਿੰਤਾ ਵਜੋਂ ਲਿਆ ਅਤੇ ਇਹ ਧਾਰਨਾ ਬਣਾਈ ਕਿ ਭਵਿੱਖ ਵਿੱਚ ਕੋਈ ਨਸ਼ੇ ਦੀ ਭੇਂਟ ਨਾ ਚੜ੍ਹੇ। ਇਹ ਸੋਚ ਲੈ ਕੇ ਉਹ ਹੁਣ ਆਉਣ ਵਾਲੀ 12 ਦਸੰਬਰ ਤੋਂ ਨਸ਼ਿਆਂ ਦੇ ਖਿਲਾਫ ਹੋਕਾ ਦੇਣ ਲਈ “ਵੱਸਦਾ ਰਹੇ ਪੰਜਾਬ” ਪਦ ਯਾਤਰਾ ਆਰੰਭ ਕਰ ਰਹੇ ਹਨ ਜੋ ਸ਼੍ਰੀ ਅਮ੍ਰਿਤਸਰ ਦਰਬਾਰ ਸਾਹਿਬ ਵਿਖੇ ਜਾ ਕੇ ਸਮਾਪਤ ਹੋਵੇਗੀ। ਅਮ੍ਰਿਤ ਕੌਰ ਗਿੱਲ ਕਹਿੰਦੇ ਹਨ ਕਿ ਇਸ ਯਾਤਰਾ ਦੌਰਾਨ ਪੜਾਅ ਦਰ ਪੜਾਅ ਜਾਗਰੂਕ, ਨਾਟਕ, ਸਕਿੱਟਾਂ ਅਤੇ ਜਾਗਰੂਕ ਪ੍ਰੋਗਰਾਮ ਪੇਸ਼ ਕੀਤੇ ਜਾਣਗੇ। ਉਨ੍ਹਾਂ ਨੂੰ ਆਸ ਹੈ ਕਿ ਇਹ ਯਾਤਰਾ ਕਿਸੇ ਲਾਹੇ ਲਈ ਨਹੀਂ ਬਲਕਿ ਇੱਕ ਸੁਨੇਹੇ ਦੇ ਰੂਪ ਵਿੱਚ ਪੂਰੇ ਪੰਜਾਬ ਨੂੰ ਜਾਗਰੂਕ ਕਰੇਗੀ। 12 ਦਸੰਬਰ ਨੂੰ ਉਹ ਪੂਰੀ ਜੁੱਤੀ ਪਾਉਣਗੇ ਅਤੇ ਨਸ਼ਿਆਂ ਦੇ ਖਿਲਾਫ ਇਸ ਪਦ ਯਾਤਰਾ ਦੀ ਅਗਵਾਈ ਕਰਦੇ ਹੋਏ ਨਸ਼ੇ ਤਿਆਗ ਚੁੱਕੇ ਨੌਜਵਾਨ ਅਤੇ ਨਵੀਂ ਪੀੜ੍ਹੀ ਦੇ ਨੌਜਵਾਨਾਂ ਨੂੰ ਨਾਲ ਲੈ ਕੇ ਹਰ ਸ਼ਹਿਰ-ਪਿੰਡ ਵਿੱਚੋਂ ਗੁਜਰਨਗੇ।

NO COMMENTS