*ਨਸ਼ੇ ਦੇ ਵਪਾਰੀਆਂ ਦਾ ਕਰਾਂਗੇ ਬਾਈਕਾਟ/ ਕਿਸੇ ਵੀ ਵਪਾਰੀ ਨਾਲ ਕੋਈ ਧੱਕਾ ਜਾਂ ਕਿਸੇ ਦੇ ਖਿਲਾਫ਼ ਕੋਈ ਜਾਤੀਵਾਦਕ ਸ਼ਬਦਾਵਲੀ ਵਰਤੀ ਜਾਂਦੀ ਹੈ ਉਹ ਬਰਦਾਸ਼ਤ ਨਹੀਂ ਕੀਤੀ ਜਾਵੇਗੀ- ਬੱਬੀ ਦਾਨੇਵਾਲੀਆ*

0
444

ਮਾਨਸਾ, 11 ਅਕਤੂਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਸਰਵ ਸਮਾਜ ਸ਼ਹਿਰ ਦੀ ਸਾਂਝੀ ਮੀਟਿੰਗ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਵਿੱਚ ਰੱਖੀ ਗਈ। ਜਿਸ ਵਿੱਚ ਸਾਰੇ ਸ਼ਹਿਰ ਦੇ ਦੁਕਾਨਦਾਰਾਂ, ਰਾਜਨੀਤਕ ਅਤੇ ਸਰਭ ਧਾਰਮਿਕ ਸੰਸਥਾਵਾਂ ਦੇ ਆਗੂਆਂ ਨੇ ਹਿੱਸਾ ਲਿਆ। ਇਸ ਮੀਟਿੰਗ ਦੀ ਪ੍ਰਧਾਨਗੀ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ ਪ੍ਰਧਾਨ ਵਪਾਰ ਮੰਡਲ ਮਾਨਸਾ ਨੇ ਕੀਤੀ। ਉਨ੍ਹਾਂ ਨੇ ਕਿਹਾ ਕਿ ਪਿਛਲੇ ਐਂਟੀ ਡਰੱਗ ਟਾਰਕ ਫੋਰਸ ਨੇ ਨਸ਼ੇ ਨੂੰ ਖਤਮ ਲਈ ਇੱਕ ਸ਼ਲਾਘਾ ਯੋਗ ਕਦਮ ਚੁਕਿਆ ਹੈ, ਪਰ ਪਿਛਲੇ ਦਿਨੀਂ ਸਮਾਜ ਪ੍ਰਤੀ ਕੁੱਝ ਬੰਦਿਆਂ ਵੱਲੋਂ ਗ਼ਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਸੀ, ਜਿਸ ਦੇ ਸਬੰਧ ਵਿੱਚ ਕਈ ਦਿਨਾਂ ਤੋਂ ਸਰਵ ਸਮਾਜ ਦੀਆਂ ਮੀਟਿੰਗਾਂ ਚੱਲ ਰਹੀਆਂ ਸਨ। ਜਦੋਂ ਇਹ ਮਸਲਾ ਗੰਭੀਰ ਰੂਪ ਧਾਰਨ ਕਰਨ ਲੱਗਾ ਤਾਂ ਸ਼ਹਿਰ ਦੇ ਕੁੱਝ ਸਿਆਣੇ ਵਿਅਕਤੀਆਂ ਨੇ ਵਿੱਚ ਪੈ ਕੇ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਿਸ ਵਿੱਚ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਪਰਸ਼ੋਤਮ ਬਾਂਸਲ, ਐਡਵੋਕੇਟ ਲੱਖਣਪਾਲ ਅਤੇ ਪ੍ਰਿਤਪਾਲ ਮੋਂਟੀ ਸ਼ਰਮਾ ਜਿਨ੍ਹਾਂ ਨੇ ਸਮਾਜ ਪ੍ਰਤੀ ਗ਼ਲਤ ਸ਼ਬਦਾਵਲੀ ਵਰਤਣ ਵਾਲੇ ਲੋਕਾਂ ਨੂੰ ਆਪਣੀ ਕੀਤੀ ਗਲਤੀ ਦਾ ਅਹਿਸਾਸ ਕਰਵਾਇਆ ਤਾਂ ਲਾਈਵ ਹੋ ਕੇ ਸਰਵ ਸਮਾਜ ਤੋਂ ਮਾਫ਼ੀ ਮੰਗਵਾਈ, ਪਰ ਫਿਰ ਵੀ ਸਮਾਜ ਸੇਵੀ ਲੋਕਾਂ ਨੇ ਇਹ ਚੇਤਾਵਨੀ ਦਿੱਤੀ ਕਿ ਕਿਸੇ ਵੀ ਵਿਅਕਤੀ ਜਾਂ ਸਮਾਜ ਪ੍ਰਤੀ ਗ਼ਲਤ ਸ਼ਬਦਾਵਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਅੱਗੇ ਤੋਂ ਅਜਿਹੇ ਸ਼ਬਦਾਂ ਦੀ ਵਰਤੋਂ ਨਾ ਕੀਤੀ ਜਾਵੇ ਜਿਸ ਨਾਲ ਆਪਸੀ ਭਾਈਚਾਰਕ ਸਾਂਝ ਨੂੰ ਠੇਸ ਪਹੁੰਚੇ। ਉਨ੍ਹਾਂ ਕਿਹਾ ਕਿ ਅਸੀਂ ਨਸ਼ਾ ਸਪਲਾਈ ਕਰਨ ਵਾਲੀਆਂ ਦੇ ਖਿਲਾਫ਼ ਹਾਂ, ਖਿਲਾਫ ਰਹਾਂਗੇ ਨਾਲ ਹੀ ਅਸੀਂ ਉਨ੍ਹਾਂ ਮੈਡੀਕਲ ਸਟੋਰਾਂ ਵਾਲਿਆਂ ਨੂੰ ਵੀ ਚੇਤਾਵਨੀ ਦਿੰਦੇ ਹਾਂ ਕਿ ਸਰਵ ਸਮਾਜ ਵੱਲੋਂ ਉਨ੍ਹਾਂ ਦਾ ਬਾਈਕਾਟ ਕੀਤਾ ਜਾਵੇਗਾ ਜੋ ਨਸ਼ਿਆਂ ਦੇ ਕਾਰੋਬਾਰ ਚਲਾਉਂਦੇ ਹਨ ਜਾਂ ਨਸ਼ਿਆਂ ਦੇ ਵਪਾਰੀਆਂ ਦਾ ਸਹਿਯੋਗ ਕਰਨਗੇ।

ਅਰੁਣ ਕੁਮਾਰ ਬਿੱਟੂ ਅਤੇ ਸੁਰੇਸ਼ ਨੰਦਗੜੀਆ ਕਰਿਆਨਾ ਯੂਨੀਅਨ ਨੇ ਕਿਹਾ ਕਿ ਨਸ਼ਿਆਂ ਦੇ ਖਿਲਾਫ਼ ਇੱਕ ਬਹੁਤ ਵੱਡੀ ਜੰਗ ਛੇੜੀ ਹੋਈ ਹੈ, ਜੋ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਅਸੀਂ ਨਸ਼ਿਆਂ ਦੇ ਵਪਾਰੀਆਂ ਦੇ ਖਿਲਾਫ਼ ਹਾਂ ਅਤੇ ਨਸ਼ਿਆਂ ਦੇ ਖਿਲਾਫ਼ ਇਸ ਲੜਾਈ ਵਿੱਚ ਉਨ੍ਹਾਂ ਦੇ ਨਾਲ ਹਾਂ। ਨਸ਼ਿਆਂ ਦੇ ਵਪਾਰੀਆਂ ਦਾ ਸਮੂਹ ਸਰਵ ਸਮਾਜ ਵੱਲੋਂ ਬਾਈਕਾਟ ਕੀਤਾ ਜਾਂਦਾ ਹੈ। ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਸਰਕਾਰ ਨੂੰ ਇਹ ਵੀ ਬੇਨਤੀ ਕਰਦਾ ਹਾਂ ਕਿ ਨਸ਼ਿਆਂ ਦੇ ਵਪਾਰੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਅਤੇ ਅਜਿਹੇ ਲੋਕਾਂ ਦੀ ਜ਼ਮਾਨਤ ਵੀ ਨਹੀਂ ਹੋਣੀ ਚਾਹੀਦੀ।

ਸੁਮੀਰ ਛਾਬੜਾ ਪ੍ਰਧਾਨ ਅਰੋੜ ਵੰਸ਼ ਸਭਾ ਮਾਨਸਾ ਨੇ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਸਾਨੂੰ ਉਨ੍ਹਾਂ ਲੋਕਾਂ ਦਾ ਬਾਈਕਾਟ ਕਰਨਾ ਚਾਹੀਦਾ ਹੈ ਜੋ ਨਸ਼ੇ ਵੇਚਦੇ ਹਨ ਅਤੇ ਜੋ ਨਸ਼ਿਆਂ ਦੇ ਵਪਾਰੀਆਂ ਦਾ ਸਹਿਯੋਗ ਕਰਦੇ ਹਨ।
ਅੱਜ ਦੇ ਜੋ ਹਾਲਾਤ ਨੇ ਉਸ ਦੀ ਜ਼ਿੰਮੇਵਾਰ ਸਿਰਫ਼ ਤੇ ਸਿਰਫ਼ ਪੰਜਾਬ ਸਰਕਾਰ ਹੈ।

ਇਸ ਮੌਕੇ ਤੇ ਪ੍ਰੇਮ ਕੁਮਾਰ ਅਰੋੜਾ ਸੀਨੀਅਰ ਆਗੂ ਅਕਾਲੀ ਦਲ (ਬ) ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਪੰਜਾਬ ਦੀ ਬਰਬਾਦੀ ਦਾ ਕਾਰਨ ਮਾਜੂਦਾ ਪੰਜਾਬ ਸਰਕਾਰ ਹੈ। ਵੋਟਾਂ ਵੇਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਚੀਖ਼ ਚੀਖ਼ ਕੇ ਆਖਦਾ ਸੀ ਕਿ ਸਾਡੀ ਸਰਕਾਰ ਆਉਣ ਤੇ ਨਸ਼ੇ ਕੁੱਝ ਹੀ ਹਫ਼ਤਿਆਂ ਵਿੱਚ ਖਾਤਮਾ ਕਰ ਦਿੱਤਾ ਜਾਵੇਗਾ। ਪਰ ਹੋਇਆ ਇਸਦੇ ਬਿਲਕੁਲ ਉਲਟ ਨਸ਼ੇ ਘਟਣ ਦੀ ਬਜਾਏ ਵੱਧਦੇ ਹੀ ਜਾ ਰਹੇ ਹਨ। ਕੁੱਝ ਕੂ ਨੌਜਵਾਨ ਨਸ਼ਿਆਂ ਨੇ ਮਾਰ ਦਿੱਤੇ ਅਤੇ ਕੁੱਝ ਕੂ ਨੌਜਵਾਨ ਬਾਹਰਲੇ ਦੇਸ਼ਾਂ ਵੱਲ ਤੁਰੇ ਜਾ ਰਹੇ ਹਨ।

ਸਿਕੰਦਰ ਸਿੰਘ ਨੇ ਕਿਹਾ ਕਿ ਮੇਰਾ ਪੰਜਾਬ ਬਰਬਾਦੀ ਦੇ ਰਾਹ ਤੇ ਪੈ ਗਿਆ ਹੈ, ਜਿਸ ਨੂੰ ਮੋੜਨ ਲਈ ਸਾਨੂੰ ਨਸ਼ਿਆਂ ਦੇ ਵਪਾਰੀਆਂ ਦਾ ਵਿਰੋਧ ਅਤੇ ਸਮਾਜਿਕ ਬਾਈਕਾਟ ਕਰਨਾ ਪਵੇਗਾ। ਕੁੱਝ ਕੂ ਦਵਾਈਆਂ ਦੀ ਸਾਡੇ ਜੀਵਨ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ ਜੋ ਕਿ ਡਾਕਟਰ ਦੀ ਸਲਾਹ ਅਤੇ ਪਰਚੀ ਤੇ ਹੀ ਮਿਲਣੀਆਂ ਚਾਹੀਦੀਆਂ ਹਨ। ਜਿਨ੍ਹਾਂ ਨੂੰ ਕੁੱਝ ਮੈਡੀਕਲ ਅਤੇ ਨਸ਼ਾ ਕਰਨ ਵਾਲੇ ਗ਼ਲਤ ਵਰਤੋਂ ਕਰਦੇ ਹਨ, ਜਿਸ ਵੱਲ ਸਾਨੂੰ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।

ਡਾਕਟਰ ਜਨਕ ਰਾਜ ਸਿੰਗਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਨਸ਼ਿਆਂ ਦੇ ਚੱਲ ਰਹੇ ਦੌਰ ਵਿੱਚ ਆਮ ਲੋਕਾਂ ਨੂੰ ਦਵਾਈਆਂ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਅੱਜ ਤੰਦਰੁਸਤ ਜੀਵਨ ਬਤੀਤ ਕਰਨ ਵਾਲਾ ਕੋਈ ਵੀ ਨਹੀਂ। ਨਸ਼ੇ ਵੇਚਣ ਵਾਲਿਆਂ ਦੇ ਖਿਲਾਫ਼ ਕਾਰਵਾਈ ਹੋਣੀ ਲਾਜ਼ਮੀ ਚਾਹੀਦੀ ਹੈ ਪਰ ਇਸਦੇ ਕਾਰਨ ਆਮ ਇਨਸਾਨ ਵੀ ਪ੍ਰੇਸ਼ਾਨ ਹੋ ਗਿਆ ਹੈ। ਜੋ ਕੰਮ ਨਸ਼ਾ ਵਿਰੋਧੀ ਸੰਸਥਾਵਾਂ ਕਰ ਰਹੀਆਂ ਹਨ ਉਹ ਕੰਮ ਡਰੱਗ ਇੰਸਪੈਕਟਰ ਜਾਂ ਜ਼ਿਲ੍ਹਾ ਪ੍ਰਸ਼ਾਸਨ ਦਾ ਹੁੰਦਾ ਹੈ ਜਿਸ ਵਿੱਚ ਇਹ ਨਾਕਾਮ ਸਾਬਿਤ ਹੋ ਰਹੇ ਹਨ। ਜੇਕਰ ਕੋਈ ਨੌਜਵਾਨ ਨਸ਼ੇ ਦੀ ਭੈੜੀ ਬਿਮਾਰੀ ਤੋਂ ਛੁਟਕਾਰਾ ਪਾਉਣਾ ਚਾਹੇ ਤਾਂ ਸਾਡੇ ਮਾਨਸਾ ਵਿੱਚ ਨਾ ਤਾਂ ਕੋਈ ਵਧੀਆ ਨਸ਼ਾ ਛੁਡਾਉ ਹਸਪਤਾਲ ਹੈ ਅਤੇ ਨਾ ਹੀ ਕੋਈ ਮੈਡੀਕਲ ਸਹੂਲਤਾਂ ਹਨ।

ਪ੍ਰਿਤਪਾਲ ਸ਼ਰਮਾ, ਕਮਲ ਸ਼ਰਮਾ ਅਤੇ ਬ੍ਰਾਹਮਣ ਸਭਾ ਦੇ ਸੀਨੀਅਰ ਵਾਈਸ ਪ੍ਰਧਾਨ ਬਲਜੀਤ ਸ਼ਰਮਾ ਨੇ ਕਿਹਾ ਕਿ ਪਿਛਲੇ ਦਿਨੀਂ ਜੋ ਵੀ ਸ਼ਰਾਰਤੀ ਅਨਸਰਾਂ ਨੇ ਸਰਵ ਸਮਾਜ ਦੇ ਖਿਲਾਫ਼ ਭੱਦੀ ਸ਼ਬਦਾਵਲੀ ਵਰਤੀ ਸੀ ਉਹ ਨਿੰਦਣਯੋਗ ਹੈ। ਬੇਸ਼ੱਕ ਪੰਜਾਬ ਦੇ ਸਾਰੇ ਲੋਕ ਨਸ਼ੇ ਦੇ ਖਿਲਾਫ਼ ਹਨ ਪਰ ਨਸ਼ਿਆਂ ਦੇ ਸੌਦਾਗਰਾਂ ਨੂੰ ਫੜਨ ਲਈ ਸਰਕਾਰ ਕੁੱਝ ਨਹੀਂ ਕਰਦੀ ਤਾਂ ਇਸੇ ਲਈ ਆਮ ਲੋਕਾਂ ਨੇ ਨਸ਼ੇ ਨੂੰ ਖਤਮ ਕਰਨ ਦਾ ਬੀੜਾ ਚੁੱਕਿਆ ਹੈ। ਮੈਂ ਸਾਡੇ
ਬ੍ਰਾਹਮਣ ਸਭਾ ਵੱਲੋਂ ਅੱਜ ਤੋਂ ਹੀ ਨਸ਼ਿਆਂ ਦੇ ਵਪਾਰੀਆਂ ਅਤੇ ਨਸ਼ਿਆਂ ਦੇ ਵਪਾਰੀਆਂ ਦੇ ਸਹਿਯੋਗ ਕਰਨ ਵਾਲਿਆਂ ਦਾ ਬਾਈਕਾਟ ਕਰਦਾ ਹਾਂ। ਮੈਂ ਨਸ਼ੇ ਦੇ ਖਿਲਾਫ਼ ਜਥੇਬੰਦੀਆਂ ਨੂੰ ਬੇਨਤੀ ਕਰਦਾ ਹਾਂ ਕਿ ਸਾਡਾ ਪੰਜਾਬ ਹਿੰਦੂ ਮੁਸਲਮਾਨ ਸਿੱਖ ਈਸਾਈ ਭਾਈਚਾਰਕ ਸਾਂਝ ਰੱਖਣ ਵਾਲਾ ਪੰਜਾਬ ਹੈ ਇਸ ਲਈ ਕਦੀ ਵੀ ਜਾਤੀਵਾਦਕ ਸ਼ਬਦਾਂ ਦੀ ਵਰਤੋਂ ਨਾ ਕਰਨ ਜਿਸ ਨਾਲ ਆਪਸੀ ਭਾਈਚਾਰਕ ਸਾਂਝ ਵਿੱਚ ਫਿੱਕ ਪੈਦਾ ਹੋਵੇ।

ਅੰਕੁਸ਼ ਜਿੰਦਲ ਪ੍ਰਧਾਨ ਪੰਜਾਬ ਮਾਲਵਾ ਸ਼ਿਵ ਸੈਨਾ ਨੇ ਕਿਹਾ ਕਿ ਸਾਡੇ ਸਮਾਜ ਵਿੱਚ ਵੰਡੀਆਂ ਪਾਉਣ ਵਾਲੇ ਵਿਅਕਤੀ ਨੂੰ ਚਾਹੇ ਉਹ ਸਰਕਾਰੀ, ਗੈਰ ਸਰਕਾਰੀ ਜਾਂ ਕਿਸੇ ਵੀ ਧਰਮ ਜਾਤ ਨਾਲ ਸਬੰਧਤ ਹੋਵੇ ਉਨ੍ਹਾਂ ਦੀਆਂ ਵਧੀਕੀਆਂ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ।

ਸਾਬਕਾ ਕਾਂਗਰਸੀ ਵਿਧਾਇਕ ਮੰਗਤ ਰਾਏ ਬਾਂਸਲ ਨੇ ਕਿਹਾ ਕਿ ਮੈਨੂੰ ਦੁੱਖ ਹੋਇਆ ਅਜਿਹੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਆਪਸੀ ਭਾਈਚਾਰਕ ਸਾਂਝ ਵਿੱਚ ਫਿੱਕ ਪਾਉਣ ਵਾਲੀ ਸ਼ਬਦਾਵਲੀ ਨਹੀਂ ਵਰਤਣੀ ਚਾਹੀਦੀ, ਪਰ ਇਹ ਹੋਇਆ ਕਿਉਂ?
ਕਿਉਂਕਿ ਸਾਡੀ ਮਜੂਦਾ ਸਰਕਾਰ ਫੇਲ ਹੋ ਗਈ ਹੈ ਆਪਣੇ ਕੀਤੇ ਹੋਏ ਵਾਦਿਆਂ ਤੋਂ ਸਰਕਾਰ ਨਸ਼ਾ ਤਸਕਰਾਂ ਅਤੇ ਨਸ਼ਾ ਸਪਲਾਈ ਕਰਨ ਵਾਲੇ ਵਪਾਰੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕਰਦੀ। ਇਸ ਲਈ ਸਾਡੇ ਕੁੱਝ ਨੌਜਵਾਨ ਸਰਕਾਰ ਦੇ ਨਿਕੰਮੇਪਣ ਨੂੰ ਮਹਿਸੂਸ ਕਰਦੇ ਹੋਏ ਪੰਜਾਬ ਦੀ ਜਵਾਨੀ ਬਚਾਉਣ ਲਈ ਨਸ਼ੇ ਦੇ ਖਿਲਾਫ਼ ਖੁਦ ਖੜ੍ਹੇ ਹੋ ਗਏ ਹਨ। ਜਿਸ ਲਈ ਮੈਂ ਉਨ੍ਹਾਂ ਦਾ ਸਮੱਰਥਨ ਕਰਦਾ ਹਾਂ ਅਤੇ ਮੈਂ ਉਨ੍ਹਾਂ ਦੇ ਨਾਲ ਖੜ੍ਹਾ ਹਾਂ, ਪਰ ਸਾਡੇ ਸਮਾਜ ਦੇ ਭਾਈਚਾਰਕ ਦੇ ਵਿਰੁੱਧ ਕੋਈ ਗ਼ਲਤ ਸ਼ਬਦਾਵਲੀ ਜਾਂ ਗ਼ਲਤ ਟਿਪਣੀ ਨਾ ਵਰਤੀ ਜਾਵੇ। ਜੇਕਰ ਕਿਸੇ ਨਸ਼ਾ ਤਸਕਰ ਜਾਂ ਮੈਡੀਕਲ ਵਾਲੇ ਤੇ ਕੋਈ ਐਕਸ਼ਨ ਵੀ ਲੈਣਾ ਹੈ ਤਾਂ ਉਹ ਕਾਨੂੰਨੀ ਦਾਇਰੇ ਵਿੱਚ ਰਹਿ ਕੇ ਹੀ ਲਿਆ ਜਾਵੇ।

ਅਸ਼ੋਕ ਦਾਨੇਵਾਲੀਆ ਅਤੇ ਅਮਰ ਜਿੰਦਲ ਆੜਤੀ ਯੂਨੀਅਨ, ਰਾਜੇਸ਼ ਪੰਧੇਰ ਕੇਟਰਿੰਗ ਯੂਨੀਅਨ ਨੇ ਕਿਹਾ ਕਿ ਜਦੋਂ ਦੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਰਾਜ ਆਇਆ ਹੈ ਉਸ ਸਮੇਂ ਤੋਂ ਹੀ ਪੰਜਾਬ ਦੀ ਹਰ ਗਲੀ ਹਰ ਮੁਹੱਲੇ, ਸ਼ਹਿਰ ਬਜ਼ਾਰਾਂ ਵਿੱਚ ਸ਼ਰੇਆਮ ਲੁੱਟਾਂ ਖੋਹਾਂ, ਗੈਂਗਸਟਰਬਾਦ, ਫਿਰੌਤੀ ਮੰਗਣਾ ਅਤੇ ਨਸ਼ੇ ਦੇ ਵਪਾਰੀ ਨੂੰ ਖੁਲ੍ਹ ਦੇਣੀ ਜਿਸ ਲਈ ਪੰਜਾਬ ਦੀ ਜਵਾਨੀ ਖ਼ਤਮ ਹੋਣ ਕਿਨਾਰੇ ਹੈ। ਆਮ ਲੋਕ ਅਤੇ ਸਹਿਰੀ ਵਪਾਰੀਆਂ ਨੂੰ ਤੰਗ ਪ੍ਰੇਸਾ਼ਨ ਕਰਨਾ ਇਹ ਸਰਕਾਰ ਦੀ ਨੀਤੀ ਬਣ ਚੁੱਕੀ ਹੈ।

ਇਸ ਮੌਕੇ ਤੇ ਪਰਸ਼ੋਤਮ ਕੁਮਾਰ ਅੱਗਰਵਾਲ ਸਭਾ, ਵਿਨੋਦ ਕੁਮਾਰ ਭੰਮਾ ਸਨਾਤਨ ਧਰਮ ਸਭਾ, ਨੇਮ ਚੰਦ ਚੌਧਰੀ ਪ੍ਰਧਾਨ ਅਗਰਵਾਲ ਸਮਾਜ ਸਭਾ, ਵਿਜੈ ਸਿੰਗਲਾ ਪ੍ਰਧਾਨ ਨਗਰ ਕੌਂਸਲ, ਸੰਜੇ ਮਿੱਤਲ ਵਪਾਰ ਮੰਡਲ ਸ਼ਿਵ ਸੈਨਾ, ਅਰੁਣ ਕੁਮਾਰ ਬਿੱਟੂ ਪ੍ਰਧਾਨ ਆਰਾ ਯੂਨੀਅਨ, ਈਸੂ਼ ਗੋਇਲ ਪ੍ਰਧਾਨ ਮੋਬਾਇਲ ਯੂਨੀਅਨ,
ਇੰਦਰਜੀਤ ਅਤੇ ਵਿਵੇਕ ਹਰ ਹਰ ਮਹਾਂਦੇਵ ਸੇਵਾ ਮੰਡਲ ਮਾਨਸਾ, ਬਿੰਦਰਪਾਲ ਕਪੜਾ ਥੋਕ ਯੂਨੀਅਨ, ਵਿਸ਼ਾਲ ਗੋਲਡੀ ਨਗਰ ਕੌਂਸਲਰ ਲੋਹਾ ਐਸੋਸੀਏਸ਼ਨ, ਮੈਨੂੰ ਦਾਨੇਵਾਲੀਆ ਪ੍ਰਧਾਨ ਗਊਸ਼ਾਲਾ, ਮੱਖਣ ਲਾਲ ਬੀ ਜੇ ਪੀ, ਜੀਵਨ ਮੀਰਪੁਰੀਆ, ਰੋਹਿਤ ਬੀ ਜੇ ਪੀ, ਮਿੱਠੂ ਅਰੋੜਾ, ਮਨਜੀਤ ਸਿੰਘ ਜਰਨਲ ਸਕੱਤਰ ਵਪਾਰ ਮੰਡਲ, ਬਲਵੀਰ ਸਿੰਘ ਸਵਰਨਕਾਰ ਯੂਨੀਅਨ, ਹੈਪੀ ਦਾਨੇਵਾਲੀਆ, ਪੱਪੀ ਦਾਨੇਵਾਲੀਆ, ਧਰਮਾਂ ਬਸਾਤੀ ਯੂਨੀਅਨ, ਮਨੋਜ ਰੇਡੀਮੇਡ ਯੂਨੀਅਨ, ਕਾਕਾ ਰਾਜੂ ਲੋਹੇ ਵਾਲਾ, ਪੱਪੂ ਅਤੇ ਮੁਨੀਸ਼ ਭੱਠਾ ਐਸੋਸੀਏਸ਼ਨ, ਬੱਬੂ ਤੇ ਸੋਨੂੰ ਚੌਧਰੀ ਹਾਰਡ ਵੇਅਰ ਐਸੋਸੀਏਸ਼ਨ, ਸੰਜੇ ਜੈਨ ਤੇ ਕਾਲਾ ਸਨੈਟਰੀ ਯੂਨੀਅਨ, ਹੈਪੀ ਟੈਕਸਲਾ ਟੀ ਵੀ ਅਤੇ ਵਿਨੈ ਪੈਸਟੀਸਾਈਡ, ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ ਪ੍ਰਧਾਨ ਵਪਾਰ ਮੰਡਲ ਮਾਨਸਾ ਨੇ ਆਏ ਹੋਏ ਵਪਾਰੀਆਂ, ਧਾਰਮਿਕ ਜਥੇਬੰਦੀਆਂ ਅਤੇ ਸਮੂਹ ਸਰਵ ਸਮਾਜ ਦੇ ਆਗੂਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਮਾਨਸਾ ਸ਼ਹਿਰ ਵਿੱਚ ਕਿਸੇ ਵੀ ਵਪਾਰੀ ਨਾਲ ਕੋਈ ਧੱਕਾ ਜਾਂ ਕਿਸੇ ਦੇ ਖਿਲਾਫ਼ ਕੋਈ ਜਾਤੀਵਾਦਕ ਸ਼ਬਦਾਵਲੀ ਵਰਤੀ ਜਾਂਦੀ ਹੈ ਉਹ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਅਸੀਂ ਵਪਾਰ ਮੰਡਲ ਵੱਲੋਂ ਉਨ੍ਹਾਂ ਦਾ ਹਰ ਪੱਖੋਂ ਸਮੱਰਥਨ ਅਤੇ ਸਾਥ ਦੇਵਾਂਗੇ।

NO COMMENTS