*ਨਸ਼ੇ ਤੇ ਹਥਿਆਰਾਂ ਦੀ ਸਮਗਲਿੰਗ ਰੋਕਣ ਲਈ ਕੇਂਦਰ ਸਰਕਾਰ ਸਰਹੱਦੀ ਪੱਟੀ ਵਿਚ ਡਰੋਨ ਰੋਕੂ ਤਕਨਾਲੋਜੀ ਲਗਾਏ-ਤਿਵਾੜੀ*

0
2


ਚੰਡੀਗੜ੍ਹ/ ਅੰਮ੍ਰਿਤਸਰ, 21 ਅਗਸਤ: (ਸਾਰਾ ਯਹਾਂ/ਮੁੱਖ ਸੰਪਾਦਕ )- ਲੋਕ ਸਭਾ ਮੈਂਬਰ, ਆਲ ਇੰਡੀਆ ਕਾਂਗਰਸ ਕਮੇਟੀ ਦੇ ਬੁਲਾਰੇ ਅਤੇ ਸਾਬਕਾ ਕੇਂਦਰੀ ਮੰਤਰੀ ਸ੍ਰੀ ਮੁਨੀਸ਼ ਤਿਵਾੜੀ ਨੇ ਅੰਮਿ੍ਰਤਸਰ ਵਿਖੇ ਪ੍ਰੈਸ ਵਾਰਤਾ ਕਰਦਿਆਂ ਪੰਜਾਬ ਵਿਚ ਸਰਹੱਦ ਪਾਰ ਤੋਂ ਲਗਾਤਾਰ ਹੋ ਰਹੀ ਨਸ਼ੇ ਤੇ ਹਥਿਆਰਾਂ ਦੀ ਸਪਲਾਈ ਉਤੇ ਚਿੰਤਾ ਪ੍ਰਗਟ ਕਰਦੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਦੀ ਸਰਹੱਦ ਤੋਂ ਡਰੋਨ ਜ਼ਰੀਏ ਹੁੰਦੀ ਇਹ ਸਮਗਲਿੰਗ ਰੋਕਣ ਲਈ ਡਰੋਨ ਰੋਕਣ ਵਾਲੀ ਤਕਨੀਕ ਲਗਾਈ ਜਾਵੇ। ਉਨਾਂ ਦੱਸਿਆ ਕਿ ਮੈਂ ਇਸ ਬਾਬਤ ਆਪਣੇ ਪੱਧਰ ਉਤੇ ਕੇਂਦਰ ਦੇ ਗ੍ਰਹਿ ਮੰਤਰੀ ਨੂੰ ਪੱਤਰ ਵੀ ਲਿਖ ਚੁੱਕਿਆ ਹਾਂ। ਅਫਗਾਨਿਸਤਾਨ ਵਿਚ ਪੈਦਾ ਹੋਏ ਹਲਾਤ ਬਾਰੇ ਚਿੰਤਾ ਜ਼ਾਹਰ ਕਰਦੇ ਸ੍ਰੀ ਤਿਵਾੜੀ ਨੇ ਕਿਹਾ ਕਿ ਤਾਲਿਬਾਨ ਦੀ ਵਾਪਸੀ ਨਾਲ ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਵਿਚ ਬੈਠੀਆਂ ਵੱਖਵਾਦੀ ਤਾਕਤਾਂ ਨੂੰ ਵੱਡਾ ਬਲ ਮਿਲਿਆ ਹੈ ਅਤੇ ਇਸ ਦਾ ਸਾਡੇ ਸਰਹੱਦੀ ਸੂਬਿਆਂ ਖਾਸ ਕਰ ਪੰਜਾਬ ਤੇ ਜੰਮੂ-ਕਸ਼ਮੀਰ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ। 
          ਸ੍ਰੀ ਤਿਵਾੜੀ ਨੇ ਕਿਹਾ ਕਿ ਆਈ. ਐਸ.ਆਈ. ਲਗਾਤਾਰ ਭਾਰਤ ਵਿਚ ਅਮਨ-ਸਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਪਿਛਲੇ ਦੋ ਸਾਲਾਂ ਤੋਂ ਡਰੋਨ ਰਾਹੀਂ ਨਸ਼ੇ ਤੇ ਹਥਿਆਰ ਆ ਰਹੇ ਹਨ। ਉਨਾਂ ਕਿਹਾ ਕਿ ਭਾਵੇਂ ਸਾਡੀਆਂ ਫੋਰਸਾਂ ਨੇ ਵੱਡੀ ਮਾਤਰਾ ਵਿਚ ਇੰਨਾਂ ਦੀ ਬਰਾਮਦਗੀ ਕੀਤੀ ਹੈ, ਪਰ ਖਦਸ਼ਾ ਹੈ ਕਿ ਕਈ ਡਰੋਨ ਆਪਣੇ ਟੀਚੇ ਵਿਚ ਸਫਲ ਰਹੇ ਹੋਣ। 
        ਸ੍ਰੀ ਤਿਵਾੜੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਸੰਸਾ ਕਰਦੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਨੇ  ਕੇਂਦਰ ਦੇ ਨਾਂਹ ਪੱਖੀ ਰਵਈਏ ਅਤੇ ਕਰੋਨਾ ਸੰਕਟ ਦੇ ਬਾਵਜੂਦ ਜਿੱਥੇ ਪੰਜਾਬ ਨੂੰ ਆਰਥਿਕ ਤੌਰ ਉਤੇ ਕਾਇਮ ਰੱਖਿਆ, ਉਥੇ ਪੰਜਾਬ ਨੂੰ ਇਸ ਕੁਦਰਤੀ ਆਫਤ ਦੌਰਾਨ ਸਾਂਭਿਆ। ਉਨਾਂ ਕਿਹਾ ਕਿ ਕੇਂਦਰ ਨੇ ਆਰ ਡੀ ਐਫ ਅਤੇ ਜੀ ਐਸ ਟੀ ਦਾ ਪੈਸਾ ਰੋਕ ਕੇ ਆਪਣੀ ਪੂਰੀ ਵਾਹ ਪੰਜਾਬ ਨੂੰ ਨੱਪਣ ਵਿਚ ਲਗਾਈ, ਪਰ ਮੁੱਖ ਮੰਤਰੀ ਦੀ ਅਗਵਾਈ ਸਦਕਾ ਕੇਂਦਰ ਦੀਆਂ ਰੁਕਾਵਟਾਂ ਦਾ ਕੋਈ ਅਸਰ ਪੰਜਾਬ ਉਤੇ ਨਹੀਂ ਪਿਆ। ਉਨਾਂ ਕਿਹਾ ਕਿ ਮੁੱਖ ਮੰਤਰੀ ਸੰਜੀਦਾ ਤੇ ਤਜ਼ਰਬੇਕਾਰ ਹਨ ਅਤੇ ਪੰਜਾਬ ਨੂੰ ਆਉਣ ਵਾਲੀਆਂ ਚੋਣਾਂ ਵਿਚ ਅਜਿਹੀ ਲੀਡਰਸ਼ਿਪ ਦੀ ਲੋੜ ਹੈ, ਜੋ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਸਮੇਂ ਆਪਣੀ ਜਾਤੀ ਸਿਆਸਤ ਨੂੰ ਵੀ ਦਾਅ ਉਤੇ ਲਗਾਉਣ ਤੋਂ ਗੁਰੇਜ਼ ਨਾ ਕਰੇ। ਸ੍ਰੀ ਤਿਵਾੜੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਿਚ ਇਹ ਸਾਰੀਆਂ ਖੂਬੀਆਂ ਹਨ। 


     ਗੰਨਾ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਅੰਦੋਲਨ ਬਾਰੇ ਬੋਲਦੇ ਸ੍ਰੀ ਤਿਵਾੜੀ ਨੇ ਸਪੱਸ਼ਟ ਕੀਤਾ ਕਿ ਕੇਂਦਰ ਸਰਕਾਰ ਨੇ ਕਦੇ ਵੀ ਗੰਨੇ ਉਤੇ ਘੱਟੋ ਘੱਟ ਸਮਰਥਨ ਮੁੱਲ ਨਹੀਂ ਦਿੱਤਾ, ਰਾਜ ਸਰਕਾਰਾਂ ਜੋ ਮੁੱਲ ਗੰਨੇ ਦਾ ਜਾਰੀ ਕਰਦੀਆਂ ਹਨ, ਉਹ ਸਿਰਫ ਮਿੱਲਾਂ ਨੂੰ ਸਲਾਹ ਤੱਕ ਸੀਮਤ ਹੋ ਕੇ ਰਹਿ ਜਾਂਦਾ ਹੈ। ਇਸ ਲਈ ਜ਼ਰੂਰੀ ਹੈ ਕਿ ਕੇਂਦਰ ਜਿਵੇਂ ਬਾਕੀ 22 ਫਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਤੈਅ  ਕਰਦਾ ਹੈ, ਉਸੇ ਤਰਾਂ ਗੰਨੇ ਦਾ ਵੀ ਮੁੱਲ ਤੈਅ ਕੀਤਾ ਜਾਵੇ। ਉਨਾਂ ਕਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਹਾਂ ਤੇ ਕਾਲੇ ਕਾਨੂੰਨਾਂ ਵਿਰੁੱਧ ਵੀ ਸਾਡੇ ਸੰਸਦ ਮੈਂਬਰਾਂ ਨੇ ਮਤੇ ਪੇਸ਼ ਕੀਤੇ ਹਨ, ਜੋ ਕਿ ਸੰਸਦ ਦਾ ਕੰਮ ਨਾ ਚੱਲਣ ਕਾਰਨ ਵਿਚਾਰੇ ਨਹੀਂ ਜਾ ਸਕੇ। ਉਨਾਂ ਲੋਕ ਸਭਾ ਦੇ ਸਪੀਕਰ ਤੋਂ ਮੰਗ ਕੀਤੀ ਕਿ ਉਹ ਵਿਸੇਸ਼ ਸਦਨ ਬੁਲਾ ਕੇ ਇੰਨਾਂ ਮਤਿਆਂ ਉਤੇ ਚਰਚਾ ਕਰਵਾਉਣ। ਉਨਾਂ ਕਿਹਾ ਕਿ ਜਦੋਂ ਸਾਡੇ ਗੁਆਂਢ ਦਿੱਲੀ ਵਿਚ ਵੱਡੇ-ਵੱਡੇ ਧਨਾਢ ਤੇ ਹੈਸੀਅਤ ਵਾਲੇ ਲੋਕ ਆਕਸੀਜਨ ਤੋਂ ਬਿਨਾਂ ਹਸਪਤਾਲਾਂ ਦੀ ਪਾਰਕਿੰਗ ਵਿਚ ਕਰੋਨਾ ਕਾਰਨ ਮਰ ਰਹੇ ਸਨ, ਉਸ ਵੇਲੇ ਵੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਆਪਣੇ ਵਸਨੀਕਾਂ ਦੇ ਨਾਲ-ਨਾਲ ਬਾਹਰੋਂ ਆਏ ਮਰੀਜ਼ਾਂ ਦਾ ਇਲਾਜ ਕਰਦਾ ਰਿਹਾ ਹੈ। ਉਨਾਂ ਕੇਂਦਰ ਦੀ ਕਰੋਨਾ ਵੈਕਸੀਨ ਵੰਡ ਨੂੰ ਅਸਫਲ ਕਰਾਰ ਦਿੰਦੇ ਕਿਹਾ ਕਿ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਵਾਲੇ ਰਾਜਾਂ ਨੂੰ ਕਰੋਨਾ ਦੀ ਵੈਕਸੀਨ ਪੂਰੀ ਮਾਤਰਾ ਵਿਚ ਨਹੀਂ ਮਿਲ ਰਹੀ, ਜਦਕਿ ਭਾਜਪਾ ਸਾਸ਼ਤ ਸੂਬਿਆਂ ਵਿਚ ਰੋਜ਼ਾਨਾ ਕੋਰੋਨਾ ਵੈਕਸੀਨ ਆ ਰਹੀ ਹੈ। ਉਨਾਂ ਕਿਹਾ ਕਿ ਸਾਡੀ ਸਰਕਾਰ ਨੇ ਚੋਣ ਮਨੋਰਥ ਪੱਤਰ ਵਿਚ ਕੀਤੇ ਲਗਭਗ ਸਾਰੇ ਵਾਅਦੇ ਪੂਰੇ ਕੀਤੇ ਹਨ ਅਤੇ ਜੋ ਇਕ-ਦੋ ਬਾਕੀ ਹਨ, ਉਹ ਵੀ ਪੂਰੇ ਕੀਤੇ ਜਾਣਗੇ। ਉਨਾਂ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਵਿਚ ਸਰਕਾਰ ਤੇ ਪਾਰਟੀ ਇਕੱਠੇ ਮਿਲਦੇ ਹੋਏ ਕੰਮ ਕਰਨਗੇ ਅਤੇ ਪੰਜਾਬ ਵਿਚ ਫਿਰ ਕਾਂਗਰਸ ਦੀ ਸਰਕਾਰ ਬਣੇਗੀ। 
             ਬਰਗਾੜੀ ਮੁੱਦੇ ਬਾਰੇ ਪੁੱਛੇ ਜਾਣ ਉਤੇ ਸ੍ਰੀ ਤਿਵਾੜੀ ਨੇ ਕਿਹਾ ਕਿ ਜੋ ਜਾਂਚ ਅਕਾਲੀ-ਭਾਜਪਾ ਸਰਕਾਰ ਨੇ ਸੀ ਬੀ ਆਈ ਨੂੰ ਸੌਂਪੀ ਸੀ ਅਤੇ ਉਨਾਂ ਪੰਜ ਸਾਲ ਜਾਂਚ ਬਾਅਦ ਕੇਸ ਬੰਦ ਕਰਨ ਦੀ ਸਿਫਾਰਸ਼ ਕੀਤੀ ਸੀ, ਨੂੰ ਕੈਪਟਨ ਅਮਰਿੰਦਰ ਸਿੰਘ ਨੇ ਮੁੜ ਖੋਲਿਆ ਅਤੇ ਚਾਰਜਸ਼ੀਟ ਜਾਰੀ ਕੀਤੀ। ਇਸੇ ਤਰਾਂ ਪੁਲਿਸ ਗੋਲੀਬਾਰੀ ਬਾਰੇ ਹੋਈ ਪੜਤਾਲ ਇਕ ਅਧਿਕਾਰੀ ਦੀ ਗਲਤੀ ਕਾਰਨ ਭਾਵੇਂ ਲੀਹ ਤੋਂ ਲੱਥ ਗਈ ਸੀ, ਪਰ ਇਸ ਨੂੰ ਨਵੀਂ ਜਾਂਚ ਟੀਮ ਹਵਾਲੇ ਕੀਤਾ ਗਿਆ ਹੈ, ਜੋ ਕਿ ਆਪਣੀ ਕਾਰਵਾਈ ਕਰ ਰਹੇ ਹਨ ਅਤੇ ਛੇਤੀ ਹੀ ਇਨਸਾਫ ਮਿਲੇਗਾ। ਇਸ ਮੌਕੇ ਵਿਧਾਇਕ ਸ੍ਰੀ ਸੁਨੀਲ ਦੱਤੀ, ਚੇਅਰਮੈਨ ਪੰਜਾਬ ਵੱਡੀ ਸਨਅਤ ਵਿਕਾਸ ਬੋਰਡ ਸ੍ਰੀ ਪਵਨ ਦੀਵਾਨ, ਚੇਅਰਮੈਨ ਸ੍ਰੀ ਜੁਗਲ ਕਿਸ਼ੋਰ, ਚੇਅਰਮੈਨ ਸ੍ਰੀ ਰਾਜਕੰਵਲਪ੍ਰੀਤ ਸਿੰਘ ਲੱਕੀ, ਕਾਂਗਰਸ ਨੇਤਾ ਸ੍ਰੀ ਸੰਜੈ ਕੁਮਾਰ ਅਤੇ ਹੋਰ ਨੇਤਾ ਹਾਜ਼ਰ ਸਨ।
            ਇਸ ਤੋਂ ਪਹਿਲਾਂ ਸ੍ਰੀ ਤਿਵਾੜੀ ਨੇ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਦੁਰਗਿਆਨਾ ਮੰਦਰ ਮੱਥਾ ਟੇਕਿਆ। ਉਹ ਇਸ ਦੌਰੇ ਦੌਰਾਨ ਭਾਰਤ ਦੀ ਵੰਡ ਉਤੇ ਬਣੇ ਅਜਾਇਬ ਘਰ ਵਿਖੇ ਵੀ ਗਏ ਅਤੇ ਕਰੀਬ ਇਕ ਘੰਟਾ ਬੜੀ ਗੁਹ ਨਾਲ ਇਸ ਦਰਦ ਭਰੀ ਦਾਸਤਾਨ ਨੂੰ ਵਾਚਿਆ। 

NO COMMENTS