*‘ਨਸ਼ੇ ਤੇ ਪੈਸੇ ਵੰਡਣ ਵਾਲਿਆਂ ਦਾ ਪੰਚਾਇਤੀ ਚੋਣਾਂ ‘ਚ ਬਾਈਕਾਟ’ ਦਾ ਸੱਦਾ*

0
45

ਮਾਨਸਾ 10 ਸਤੰਬਰ:(ਸਾਰਾ ਯਹਾਂ/ਮੁੱਖ ਸੰਪਾਦਕ)
‘ਪਿੰਡ ਬਚਾਓ ਪੰਜਾਬ ਬਚਾਓ’ ਵੱਲੋਂ 2 ਸਤੰਬਰ ਤੋਂ 30 ਸਤੰਬਰ ਤੱਕ ਪਿੰਡ ਦੇ ਭਾਈਚਾਰੇ ਨੂੰ ਮਜ਼ਬੂਤ ਕਰਨ, ਵਿਕਾਸ ਅਤੇ ਹਰ ਤਰ੍ਹਾਂ ਦੇ ਫੈਸਲੇ ਕਰਨ ਵਾਲੀ ਮੁੱਢਲੀ ਤੇ ਤਾਕਤਵਰ ਸੰਸਥਾ ਗ੍ਰਾਮ ਸਭਾ ਬਾਰੇ ਪੰਜਾਬ ਭਰ ਦੇ ਪਿੰਡਾਂ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ‘ਗ੍ਰਾਮ ਸਭਾ ਚੇਤਨਾ ਕਾਫ਼ਲਾ’ ਕੱਢਿਆ ਜਾ ਰਿਹਾ ਹੈ।
ਇਹ ਕਾਫ਼ਲਾ ਗ੍ਰਾਮ ਸਭਾਵਾਂ ਨੂੰ ਮਜ਼ਬੂਤ ਕਰਨ ਦਾ ਸੁਨੇਹਾ ਲੈ ਕੇ ਅੱਜ ਜ਼ਿਲ੍ਹਾ ਮਾਨਸਾ ਦੇ ਪਿੰਡਾਂ ਵਿੱਚ ਪਹੁੰਚਿਆ ਜਿੱਥੇ ਆਮ ਲੋਕਾਂ ਵੱਲੋਂ ਕਾਫ਼ਲੇ ਨੂੰ ਭਰਵਾਂ ਹੁੰਗਾਰਾ ਮਿਲਿਆ।
 ਪਿੰਡ ਖਿਆਲਾ ਕਲ੍ਹਾਂ ਵਿੱਚ ਕਾਫ਼ਲੇ ਵੱਲੋਂ ਪੰਚਾਇਤੀ ਰਾਜ ਸੰਸਥਾਵਾਂ ਨੂੰ ਲੈ ਕੇ ਲੋਕਾਂ ਵਿੱਚ ਆਪਣੀ ਗੱਲ ਰੱਖੀ ਗਈ।
ਬੁਲਾਰਿਆਂ ਵੱਲੋਂ ਇਸ ਗੱਲ ’ਤੇ ਜੋਰ ਦਿੱਤਾ ਗਿਆ ਕਿ ਪਿੰਡ ਦੇ ਲੋਕਾਂ ਦੀ ਤਾਕਤ ਗ੍ਰਾਮ ਸਭਾ ਵਿੱਚ ਹੈ। ਪਿੰਡ ਦਾ ਹਰ ਵੋਟਰ ਗ੍ਰਾਮ ਸਭਾ ਦਾ ਸਥਾਈ ਮੈਂਬਰ ਹੈ ਅਤੇ ਗ੍ਰਾਮ ਸਭਾ ਕਦੇ ਭੰਗ ਨਹੀਂ ਹੁੰਦੀ।
             ਕਾਫ਼ਲੇ ਦੇ ਬੁਲਾਰੇ ਡਾ. ਪਿਆਰਾ ਲਾਲ ਗਰਗ ਨੇ ਸੰਗਤ ਦੀ ਤਾਕਤ ਬਾਰੇ ਬੋਲਦਿਆਂ ਕਿਹਾ ਕਿ ਸਾਰੇ ਫੈਸਲੇ ਸੰਗਤ ਵੱਲੋਂ ਹੋਣੇ ਚਾਹੀਦੇ ਹਨ। “ਸੰਗਤ ਜਾਂ ਗ੍ਰਾਮ ਸਭਾ ਅੱਗੇ ਅਫ਼ਸਰਾਂ ਦੀ ਵੀ ਜਵਾਬਦੇਹੀ ਹੁੰਦੀ ਹੈ, ਇਕੱਲੇ ਬੰਦੇ ਨੂੰ ਅਫ਼ਸਰ ਵੀ ਕਿਸੇ ਗੱਲ ਦਾ ਜਵਾਬ ਨਹੀਂ ਦਿੰਦੇ। ਪਿੰਡਾਂ ਵਿੱਚ ਕਿਸੇ ਨੂੰ ਨਹੀਂ ਪਤਾ ਕਿ ਕਿੰਨੇ ਮਨਰੇਗਾ ਕਾਰਡ ਬਣੇ, ਕੀਹਨੂੰ ਕੰਮ ਮਿਲਿਆ, ਕੀਹਨੂੰ ਪੈਸੇ ਮਿਲੇ ਜਾਂ ਨਹੀਂ ਮਿਲੇ। ਸਾਰੇ ਹੀ ਫੈਸਲਿਆਂ ਦਾ ਲੋਕਾਂ ਨੂੰ ਪਤਾ ਨਹੀਂ ਹੁੰਦਾ।”
ਕਾਫ਼ਲੇ ਦਾ ਹਿੱਸਾ ਪ੍ਰੋ ਬਿਮਲ ਭਨੋਟ ਨੇ ਪਿੰਡਾਂ ਦੇ ਲੋਕਾਂ ਦੀ ਪੰਚਾਇਤੀ ਰਾਜ ਵਿੱਚ ਭੂਮਿਕਾ ਬਾਰੇ ਗੱਲ ਕੀਤੀ ਤੇ ਨਾਲ ਹੀ ਅੱਗੇ ਆ ਰਹੀਆਂ ਵਾਤਾਵਰਣ ਦੀਆਂ ਸਮੱਸਿਆਵਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ।
ਕਾਫ਼ਲੇ ਦੀ ਅਗਵਾਈ ਕਰ ਰਹੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ  ਵੱਲੋਂ ਕੀਤੀ ਜਾ ਰਹੀ ਹੈ। ਉਹਨਾਂ ਨੇ ਸਰਕਾਰ ਵੱਲੋਂ ਪੰਚਾਇਤੀ ਚੋਣਾਂ ਵਿੱਚ ਲੀਡਰਾਂ ਦੀਆਂ ਤਸਵੀਰਾਂ ਲਾਉਣ ਵਾਲੀ ਪਿਰਤ ਦੀ ਨਿਖੇਧੀ ਕੀਤੀ ਅਤੇ ਲੋਕਾਂ ਨੂੰ ਅਜਿਹੇ ਉਮੀਦਵਾਰਾਂ ਦਾ ਬਾਈਕਾਟ ਕਰਨ ਲਈ ਕਿਹਾ ਜੋ ਕਿਸੇ ਵੀ ਸਿਆਸੀ ਲੀਡਰ ਦੀ ਤਸਵੀਰ ਲਾਉਣਗੇ।
ਗਿਆਨੀ ਕੇਵਲ ਸਿੰਘ ਨੇ ਲੋਕਾਂ ਨੂੰ ਸਰਬਸੰਮਤੀ ਨਾਲ ਪੰਚਾਇਤ ਚੁਣਨ ਲਈ ਅਪੀਲ ਕੀਤੀ ਤੇ ਕਿਹਾ ਕਿ ਅਜਿਹੇ ਲੋਕਾਂ ਨੂੰ ਵੋਟਾਂ ਨਾ ਪਾਈਆਂ ਜਾਣ ਜੋ ਨਸ਼ਾ ਜਾਂ ਪੈਸਾ ਵੰਡਣਗੇ। ਉਹਨਾਂ ਕਿਹਾ ਕਿ ਸਰਪੰਚ ਪਿੰਡ ਦਾ ਹੋਵੇ ਨਾ ਕਿ ਕਿਸੇ ਪਾਰਟੀ ਦਾ। ਜੇ ਸਰਪੰਚ ਪਿੰਡ ਦਾ ਹੋਵੇਗਾ ਤਾਂ ਹੀ ਪਿੰਡ ਲਈ ਕੰਮ ਕਰੇਗਾ। ਜੇ ਸਰਪੰਚ ਕਿਸੇ ਪਾਰਟੀ ਦਾ ਹੋਵੇਗਾ ਤਾਂ ਉਹ ਪਾਰਟੀ ਲਈ ਹੀ ਕੰਮ ਕਰੇਗਾ।
ਵੱਖ-ਵੱਖ ਬੁਲਾਰਿਆਂ ਨੇ ਆਉਂਦੀਆਂ ਪੰਚਾਇਤੀ ਚੋਣਾਂ ਵਿੱਚ ਪੰਚਾਇਤਾਂ ਧੜੇਬੰਦੀ ਤੋਂ ਉੱਪਰ ਉੱਠ ਕੇ ਚੁਣਨ ਦਾ ਸੁਨੇਹਾ ਦਿੱਤਾ। ਨਾਲ ਹੀ ਔਰਤਾਂ ਤੇ ਦਲਿਤਾਂ ਦੇ ਰਾਖਵੇਂਕਰਨ ਨੂੰ ਸਹੀ ਤੇ ਸੁਚੱਜੇ ਰੂਪ ਵਿੱਚ ਲਾਗੂ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਸੀਨੀਅਰ ਪੱਤਰਕਾਰ ਹਮੀਰ ਸਿੰਘ, ਆਈ. ਡੀ. ਪੀ. ਦੇ ਆਗੂ ਕਰਨੈਲ ਸਿੰਘ ਜਖੇਪਲ, ਦਰਸ਼ਨ ਸਿੰਘ ਧਨੇਠਾ, ਸੋਸ਼ਲਿਸਟ ਪਾਰਟੀ ਦੇ  ਕੌਮੀ ਆਗੂ ਹਰਿੰਦਰ ਸਿੰਘ ਮਾਨਸਾਹੀਆ, ਪ੍ਰੀਤਮ ਸਿੰਘ, ਬਲਰਾਜ ਨੰਗਲ,ਡਾ.ਜਨਕ ਰਾਜ ਸਿੰਗਲਾ, ਰਮੇਸ਼ ਖਿਆਲਾ ਸਾਬਕਾ ਸਰਪੰਚ, ਬਿੱਕਰਜੀਤ ਸਿੰਘ ਸਾਧੂਵਾਲਾ,ਸਾਬਕਾ ਪੀ ਸੀ ਐੱਸ ਅਧਿਕਾਰੀ ਓਮ ਪ੍ਰਕਾਸ਼, ਡਾ.ਲਖਵਿੰਦਰ ਮੂਸਾ, ਵੀਰਪਾਲ ਕੌਰ ਰੱਲਾ, ਡਾ.ਬਿੱਕਰ ਸਿੰਘ, ਨਰਿੰਦਰ ਕੁਮਾਰ ਸ਼ਰਮਾ, ਬਲਵਿੰਦਰ ਸਿੰਘ ਕਾਕਾ, ਬਲਜਿੰਦਰ ਸੰਗੀਲਾ,ਬਾਬਾ ਰਣਜੀਤ ਸਿੰਘ ਨੇ ਵੀ ਸੰਬੋਧਨ ਕੀਤਾ।

NO COMMENTS