*ਨਸ਼ਾ ਵਿਰੋਧੀ ਕਮੇਟੀ ਦੇ ਮੈਂਬਰ ਦੀ ਹੱਤਿਆ ਦੇ ਵਿਰੋਧ ਵਿੱਚ ਭਾਕਿਯੂ (ਏਕਤਾ) ਡਕੌਂਦਾ ਵੱਲੋਂ ਪੁਤਲਾ ਫੂਕਿਆ*

0
59

ਮਾਨਸਾ 5 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ ):

ਪੰਜਾਬ ਵਿੱਚ ਜਿੱਥੇ ਨਸ਼ੇ ਦੇ ਦਿਨੋਂ ਦਿਨ ਵਧ ਰਹੇ ਰੁਝਾਨ ਨੂੰ ਠੱਲਣ ਲਈ ਨਸ਼ਾ ਵਿਰੋਧੀ ਲਹਿਰ ਵਿੱਚ ਲੋਕ ਵਧ ਚੜ੍ਹ ਕੇ ਸ਼ਮੂਲੀਅਤ ਕਰ ਰਹੇ ਹਨ, ਉੱਥੇ ਹੀ ਨਸ਼ਾ ਤਸਕਰਾਂ ਵੱਲੋਂ ਬੌਖਲਾਹਟ ਵਿੱਚ ਆ ਕੇ ਨਿੱਤ ਨਵੀਆਂ ਘਟਨਾਵਾਂ ਨੂੰ ਅੰਜਾਮ ਦੇਣ ਦਾ ਸਿਲਸਿਲਾ ਜਾਰੀ ਹੈ । ਬੀਤੇ ਕੱਲ੍ਹ ਜਿਲਾ ਫਰੀਦਕੋਟ ਦੇ ਪਿੰਡ ਢਿੱਲਵਾਂ ਖੁਰਦ ਵਿੱਚ ਹੋਏ ਨਸ਼ਾ ਵਿਰੋਧੀ ਕਮੇਟੀ ਦੇ ਸਰਗਰਮ ਕਾਰਕੁੰਨ ਹਰਭਗਵਾਨ ਸਿੰਘ ਦੀ ਹੱਤਿਆ ਦੀ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਅਤੇ ਪਿੰਡ ਬੁਰਜ ਰਾਠੀ ਵਿਖੇ ਰੈਲੀ ਸਮੇਂ ਰੋਹ ਭਰਪੂਰ ਨਾਹਰੇਬਾਜ਼ੀ ਕਰਕੇ ਸੂਬਾ ਸਰਕਾਰ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ । ਇਸ ਮੌਕੇ ਬੋਲਦਿਆਂ ਜਿਲਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਨੇ ਕਿਹਾ ਕਿ ਗੱਲ-ਗੱਲ ਉੱਤੇ ਬਿਆਨਬਾਜ਼ੀ ਕਰਨ ਵਾਲੀ ਸਰਕਾਰ ਨਸ਼ੇ ਦੇ ਮੁੱਦੇ ਉੱਤੇ ਪੂਰੀ ਤਰਾਂ ਮੌਨ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਧਾਰੀ ਹੋਈ ਚੁੱਪ ਬੁਝਾਰਤ ਬਣੀ ਹੋਈ ਹੈ । ਉਨ੍ਹਾਂ ਸਰਕਾਰ ਉੱਤੇ ਵਰਦਿਆਂ ਕਿਹਾ ਕਿ ਪਰਚਿਆਂ ਅਤੇ ਡੰਡੇ ਦੇ ਜ਼ੋਰ ‘ਤੇ ਲੋਕ ਸੰਗਰਾਮਾਂ ਨੂੰ ਦਬਾਉਣਾ ਸੰਭਵ ਨਹੀ ਹੈ, ਸਰਕਾਰ ਇਸ ਭੁਲੇਖੇ ਵਿੱਚ ਨਾ ਰਹੇ । ਚੇਤਨ ਲੋਕ ਆਪਣੀ ਲੜਾਈ ਲੜ ਰਹੇ ਹਨ । ਸੋ ਲੋਕ ਘੋਲਾਂ ਨੂੰ ਦਬਾਉਣ ਦੀ ਬਜਾਏ ਸਰਕਾਰ ਨੂੰ ਚਾਹੀਦਾ ਹੈ ਕਿ ਨਸ਼ਾ ਤਸਕਰਾਂ ਨੂੰ ਸਹਿ ਦੇਣੀ ਬੰਦ ਕਰਕੇ ਲੜ ਰਹੇ ਲੋਕਾਂ ਦਾ ਸਾਥ ਦੇਵੇ । ਉਨ੍ਹਾਂ ਸੰਬੋਧਨ ਕਰਦਿਆਂ ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀ ਬਾਘਾ ਨੇ ਲੋਕਾਂ ਨੂੰ  14 ਅਗਸਤ ਨੂੰ ਦਾਣਾ ਮੰਡੀ ਮਾਨਸਾ ਵਿਖੇ ਨਸ਼ੇ ਵਿਰੋਧੀ ਇਕੱਠ ਵਿੱਚ ਪੁੱਜਣ ਦਾ ਹੋਕਾ ਦਿੱਤਾ । ਇਸ ਮੌਕੇ ਬਲਵਿੰਦਰ ਸ਼ਰਮਾਂ ਸਮੇਤ ਬਲਾਕ ਦੇ ਪ੍ਰਧਾਨ ਮਹਿੰਦਰ ਸਿੰਘ, ਬਲਜੀਤ ਸਿੰਘ, ਜਗਸੀਰ ਸਿੰਘ, ਪਿੰਡ ਕਮੇਟੀ ਦੇ ਅਮਰੀਕ ਸਿੰਘ, ਕਾਕਾ ਸਿੰਘ, ਅਜੈਬ ਸਿੰਘ, ਅਜਮੇਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਰਹੇ ।

NO COMMENTS