*ਨਸ਼ਾ ਰਹਿਤ ਸਮਾਜ ਸਿਰਜਣ ਲਈ ਮਾੜੇ ਅਨਸਰਾਂ ਦੀ ਸ਼ਨਾਖਤ ਕੀਤੀ ਜਾਵੇ-ਡਿਪਟੀ ਕਮਿਸ਼ਨਰ*

0
18

ਮਾਨਸਾ, 10 ਮਈ   (ਸਾਰਾ ਯਹਾਂ/   (ਸਾਰਾ ਯਹਾਂ/ ਮੁੱਖ ਸੰਪਾਦਕ ) ) : ਨਸ਼ਾ ਰਹਿਤ ਸਮਾਜ ਸਿਰਜਣ ਅਤੇ ਨੌਜਵਾਨ ਪੀੜੀ ਨੂੰ ਸਿਹਤਮੰਦ ਜਿੰਦਗੀ ਜਿਊਣ ਦਾ ਸੁਨੇਹਾ ਦੇਣ ਲਈ ਰਾਜ ਸਰਕਾਰ ਵੱਲੋਂ ਠੋਸ ਕਦਮ ਪੁੱਟੇ ਜਾ ਰਹੇ ਹਨ। ਡਿਪਟੀ ਕਮਿਸ਼ਨਰ ਸ੍ਰੀ ਜਸਪ੍ਰੀਤ ਸਿੰਘ ਨੇ ਸਥਾਨਕ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲੇ ਅੰਦਰ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਮਾੜੇ ਅਨਸਰਾਂ ਦੀ ਪਹਿਚਾਣ ਕਰਕੇ ਕਾਰਵਾਈ ਕਰਨ ਦੇ ਮੰਤਵ ਨਾਲ ਅਹਿਮ ਮੀਟਿੰਗ ਕੀਤੀ।  ਡਿਪਟੀ ਕਮਿਸ਼ਨਰ ਸ੍ਰੀ ਜਸਪ੍ਰੀਤ ਸਿੰਘ ਨੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੂੰ ਗੈਰਕਾਨੂੰਨੀ ਨਸ਼ਿਆਂ ਦੇ ਕਾਰੋਬਾਰ ’ਚ ਸ਼ਾਮਿਲ ਵਿਅਕਤੀਆਂ ਜਾਂ ਅਜਿਹੀਆਂ ਥਾਵਾਂ ਦੀ ਸਨਾਖਤ ਕਰਨ ਲਈ ਕਿਹਾ। ਉਨਾਂ ਕਿਹਾ ਕਿ ਜੇਕਰ ਜ਼ਿਲੇ ਅੰਦਰ ਕੋਈ ਅਜਿਹਾ ਇਲਾਕਾ ਹੋਵੇ, ਤਾਂ ਅਜਿਹੀਆਂ ਥਾਵਾਂ ’ਤੇ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾਣ, ਤਾਂ ਜੋ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ’ਤੇ ਤਿੱਖੀ ਨਜ਼ਰ ਰੱਖੀ ਜਾ ਸਕੇ।  ਉਨਾਂ ਕਿਹਾ ਕਿ ਇਸ ਤੋਂ ਇਲਾਵਾ ਮੁਹੱਲਾ ਕਮੇਟੀਆਂ ਦਾ ਵੀ ਗਠਨ ਕੀਤਾ ਜਾਵੇ। ਉਨਾਂ ਨਸ਼ਿਆਂ ਦੇ ਖਾਤਮੇ ਲਈ ਹਰ ਵਰਗ ਦੇ ਲੋਕਾਂ ਨੂੰ ਸਹਿਯੋਗ ਕਰਨ ਅਤੇ ਕੋਈ ਅਜਿਹੀ ਘਟਨਾ ਸਾਹਮਣੇ ਆਉਣ ’ਤੇ ਤੁਰੰਤ ਨੇੜਲੇ ਪੁਲਿਸ ਥਾਣੇ ਜਾਂ ਉੱਚ ਅਧਿਕਾਰੀਆਂ ਦੇ ਧਿਆਨ ’ਚ ਲਿਆਉਣ ਦੀ ਅਪੀਲ ਕੀਤੀ। ਉਨਾਂ ਕਾਰਜਕਾਰੀ ਸਿਵਲ ਸਰਜਨ ਨੂੰ ਹਦਾਇਤ ਕੀਤੀ ਕਿ ਸਬ-ਡਵੀਜ਼ਨ ਪੱਧਰ ’ਤੇ ਖੁੱਲਣ ਵਾਲੇ ਮੁਹੱਲਾ ਕਲੀਨਿਕਾਂ ਲਈ ਢੁੱਕਵੀਆਂ ਥਾਵਾਂ ਦੀ ਜਲਦ ਚੋਣ ਕੀਤੀ ਜਾਵੇ ਤਾਂ ਜੋ ਲੋਕ ਅਸਾਨੀ ਨਾਲ ਇੱਥੇ ਪਹੁੰਚ ਕਰ ਸਕਣ। ਉਨਾਂ ਕਿਹਾ ਕਿ ਡੈਪੋ ਅਤੇ ਬਡੀਜ਼ ਮੁਹਿੰਮ ਤਹਿਤ ਸਕੂਲਾਂ ਵਿੱਚ ਗਤੀਵਿਧੀਆਂ ਕਰਵਾ ਕੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਜਾਵੇ।  ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਉਪਕਾਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਟੀ.ਬੈਨਿਥ, ਐਸ.ਡੀ.ਐਮ. ਸਰਦੂਲਗੜ ਮਨੀਸ਼ਾ ਰਾਣਾ, ਐਸ.ਡੀ.ਐਮ. ਬੁਢਲਾਡਾ ਕਾਲਾ ਰਾਮ ਕਾਂਸਲ, ਕਾਰਜਕਾਰੀ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਮੌਜੂਦ ਸਨ।

NO COMMENTS