ਨਸ਼ੇ ਸਮਾਜ ਨੂੰ ਬਰਬਾਦੀ ਵੱਲ ਲਿਜਾਂਦੇ ਹਨ- ਡੀ.ਐੱਸ.ਪੀ ਸਿੱਧੂ

0
27

ਸਰਦੂਲਗੜ੍ਹ /ਝੁਨੀਰ 28 ਫਰਵਰੀ (ਸਾਰਾ ਯਹਾ /ਬਲਜੀਤ ਪਾਲ‍):ਪੰਜਾਬ ਸਰਕਾਰ ਅਤੇ ਡੀ ਜੀ ਪੀ ਪੰਜਾਬ ਦਿਨਕਰ ਗੁਪਤਾ ਵੱਲੋਂ ਪੰਜਾਬ ਅੰਦਰੋਂ ਨਸ਼ਿਆਂ ਦੇ ਖ਼ਾਤਮੇ ਲਈ ਸਖ਼ਤ ਕਦਮ ਲਗਾਤਾਰ ਚੁੱਕੇ ਜਾ ਰਹੇ ਹਨ ਤਾਂ ਜੋ ਪੰਜਾਬ ਦੇ ਮੱਥੇ ਤੋਂ ਨਸ਼ੇੜੀ ਹੋਣ ਦਾ ਕਲੰਕ ਲਾਹਿਆ ਜਾ ਸਕੇ । ਇਸੇ ਲੜੀ ਦੇ ਤਹਿਤ ਪੰਜਾਬ ਸਰਕਾਰ ਅਤੇ ਪੰਜਾਬ ਪੁਲਸ ਵੱਲੋਂ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਮੋਹਤਬਰ ਵਿਅਕਤੀਆਂ ਦੇ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਨਸ਼ੇ ਦੇ ਖਾਤਮੇ ਵਿਚ ਪੰਜਾਬ ਪੁਲਸ ਦਾ ਸਹਿਯੋਗ ਕਰਨ ਲਈ ਪ੍ਰੇਰਿਆ ਜਾ ਰਿਹਾ ਹੈ । ਜਿਸ ਦੇ ਚੱਲਦਿਆਂ ਡੀ ਐੱਸ ਪੀ ਸਰਦੂਲਗਡ਼੍ਹ ਅਮਰਜੀਤ ਸਿੰਘ ਸਿੱਧੂ ਵੱਲੋਂ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਮੋਹਤਬਰ ਵਿਅਕਤੀਆਂ ਦੇ ਨਾਲ ਮੀਟਿੰਗਾਂ ਕੀਤੀਆਂ ਗਈਆਂ । ਪੁਲੀਸ ਥਾਣਾ ਜੌੜਕੀਆਂ ਵਿਖੇ ਪਿੰਡ ਜੌੜਕੀਆਂ ਦੀ ਪੰਚਾਇਤ ਅਤੇ ਮੋਹਤਬਰ ਵਿਅਕਤੀਆਂ ਨਾਲ ਨਸ਼ਿਆਂ ਦੇ ਖਾਤਮੇ ਸਬੰਧੀ ਮੀਟਿੰਗ ਦੇ ਦੌਰਾਨ ਡੀ ਐਸ ਪੀ ਅਮਰਜੀਤ ਸਿੰਘ ਸਿੱਧੂ ਨੇ ਕਿਹਾ ਕਿ ਨਸ਼ਾ ਸਮਾਜ ਨੂੰ ਖ਼ਾਤਮੇ ਵੱਲ ਲੈ ਕੇ ਜਾਂਦਾ ਹੈ । ਸਾਡਾ ਸਾਰਿਆਂ ਦਾ ਸਮੂਹਿਕ ਤੌਰ ਤੇ ਫ਼ਰਜ਼ ਬਣਦਾ ਹੈ ਕਿ ਅਸੀਂ ਇੱਕ ਦੂਸਰੇ ਨੂੰ ਨਸ਼ਿਆਂ ਦੇ ਖ਼ਾਤਮੇ ਕਰਨ ਲਈ ਸਹਿਯੋਗ ਕਰੀਏ ਤਾਂ ਜੋ ਸਾਰਥਿਕ ਨਤੀਜੇ ਸਾਹਮਣੇ ਆ ਸਕਣ ਅਤੇ ਪੰਜਾਬ ਦੇ ਮੱਥੇ ਤੇ ਲੱਗਿਆ ਨਸ਼ੇੜੀ ਹੋਣ ਦਾ ਕਲੰਕ ਲਾਹਿਆ ਜਾ ਸਕੇ । ਮੀਟਿੰਗ ਦੌਰਾਨ ਬੋਲਦਿਆਂ ਉਨ੍ਹਾਂ ਨੇ ਪਿੰਡ ਜੌੜਕੀਆਂ ਦੀ ਪੰਚਾਇਤ, ਮੋਹਤਬਰ ਵਿਅਕਤੀਆਂ ਅਤੇ ਵੱਖ ਵੱਖ ਸੰਸਥਾਵਾਂ ਨਾਲ ਸਬੰਧਤ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਿੰਡਾਂ ਦੇ ਵਿਚੋਂ ਨਸ਼ੇ ਵਿੱਚ ਗ੍ਰਸਤ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਨਸ਼ਾ ਮੁਕਤੀ ਕੇਂਦਰਾਂ ਤੱਕ ਲੈ ਕੇ ਆਉਣ ਤਾਂ ਜੋ ਸਮਾਜ ਵਿੱਚੋਂ ਨਸ਼ੇ ਦੀ ਲੱਤ ਨੂੰ ਖ਼ਤਮ ਕੀਤਾ ਜਾ ਸਕੇ । ਉਨ੍ਹਾਂ ਨੇ ਪਿੰਡ ਦੀ ਪੰਚਾਇਤ ਨੂੰ ਨਸ਼ੇ ਦੇ ਸਮੱਗਲਰਾਂ ਦਾ ਸਾਥ ਨਾ ਦੇ ਕੇ ਉਨ੍ਹਾਂ ਨੂੰ ਫੜਾਉਣ ਵਿੱਚ ਪੁਲੀਸ ਦੀ ਮਦਦ ਕਰਨ ਲਈ ਵੀ ਪ੍ਰੇਰਿਆ । ਉਨ੍ਹਾਂ ਕਿਹਾ ਕਿ ਪਿੰਡ ਜੌੜਕੀਆਂ ਹਰਿਆਣੇ ਦੀ ਹੱਦ ਤੋਂ ਉਪਰ ਹੋਣ ਕਰਕੇ ਇੱਥੋਂ ਨਸ਼ਾ ਤਸਕਰੀ ਦਾ ਧੰਦਾ ਹੋਣ ਦੇ ਜ਼ਿਆਦਾ ਆਸਾਰ ਹੁੰਦੇ ਹਨ ਜਿਸ ਕਰਕੇ ਪਿੰਡ ਜੌੜਕੀਆਂ ਦੀ ਪੰਚਾਇਤ ਅਤੇ ਜਾਗਰੂਕ ਨਾਗਰਿਕ ਨਸ਼ੇ ਰੋਕਣ ਵਿੱਚ ਆਪਣਾ ਅਹਿਮ ਰੋਲ ਅਦਾ ਕਰ ਸਕਦੇ ਹਨ । ਇਸ ਮੌਕੇ ਤੇ ਬੋਲਦਿਆਂ ਥਾਣਾ ਜੌੜਕੀਆਂ ਦੇ ਮੁਖੀ ਹਰਦਿਆਲ ਦਾਸ ਨੇ ਪਿੰਡ ਦੀ ਪੰਚਾਇਤ ਅਤੇ ਮੋਹਤਵਰ ਵਿਅਕਤੀਆਂ ਦਾ ਉੱਥੇ ਪਹੁੰਚਣ ਲਈ ਧੰਨਵਾਦ ਕੀਤਾ ਅਤੇ ਸਮਾਜ ਵਿੱਚੋਂ ਨਸ਼ੇ ਕੱਢ ਕੇ ਚੰਗਾ ਸਮਾਜ ਸਿਰਜਣ ਵਿਚ ਪੁਲਸ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ। ਇਸ ਮੌਕੇ ਤੇ ਸੁਖਵੰਤ ਸਿੰਘ ਨੰਬਰਦਾਰ, ਤਰਸੇਮ ਸਿੰਘ ਪੰਚ, ਚੀਨਾ ਸਿੰਘ ਪੰਚ, ਲਾਭ ਕੌਰ ਪੰਚ, ਗੁਰਪ੍ਰੀਤ ਸ਼ਰਮਾ, ਵੈਦ ਗੁਰਚਰਨ ਦਾਸ , ਜਗਸੀਰ ਸਿੰਘ ਜ਼ੈਲਦਾਰ, ਬਲਦੇਵ ਸਿੰਘ ਸਿੱਧੂ ,ਇਕਬਾਲ ਸਿੰਘ ਜ਼ੈਲਦਾਰ ਆਦਿ ਹਾਜ਼ਰ ਸਨ ।

NO COMMENTS