*ਨਵਜੋਤ ਸਿੱਧੂ ਨੂੰ ਫਿਰ ਮਿਲਿਆ ਹਰੀਸ਼ ਰਾਵਤ ਦਾ ਸਮਰਥਨ, ਕਿਹਾ – ਮੈਂ ਵੀ ਤੁਹਾਡੇ ਜਨ ਅੰਦੋਲਨ ‘ਚ ਸਾਥ ਦਿਆਂਗਾ*

0
53

ਚੰਡੀਗੜ੍ਹ (ਸਾਰਾ ਯਹਾਂ): ਨਵਜੋਤ ਸਿੱਧੂ ਦੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਬਾਰੇ ਅਜੇ ਵੀ ਭੰਬਲਭੂਸਾ ਬਣਿਆ ਹੋਇਆ ਹੈ। ਅਸਤੀਫ਼ੇ ਬਾਰੇ ਹਾਈਕਮਾਨ ਨੇ ਅਜੇ ਤਕ ਕੋਈ ਫ਼ੈਸਲਾ ਨਹੀਂ ਲਿਆ। ਨਵਜੋਤ ਸਿੱਧੂ ਨੇ ਵੀ ਇਸ ਬਾਰੇ ਅਜੇ ਕੁਝ ਸਪਸ਼ਟ ਨਹੀਂ ਕੀਤਾ ਪਰ ਉਹ ਮੁੜ ਐਕਟਿਵ ਹੋਣ ਲੱਗੇ ਹਨ। ਉਧਰ ਸਿੱਧੂ ਨੂੰ ਹਾਈਕਮਾਨ ਦਾ ਸਾਥ ਵੀ ਮਿਲਣ ਲੱਗਾ ਹੈ।

ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਸਿੱਧੂ ਨੂੰ ਸਮਰਥਨ ਦਿੱਤਾ ਹੈ। ਸਿੱਧੂ ਨੇ ਮੰਗਲਵਾਰ ਨੂੰ ਇੱਕ ਟਵੀਟ ਕਰਕੇ ਕਿਹਾ ਕਿ ਜੇਕਰ ਲਖੀਮਪੁਰ ਖੀਰੀ ਮਾਮਲੇ ਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਪੰਜਾਬ ਕਾਂਗਰਸ ਉੱਥੇ ਮਾਰਚ ਕਰੇਗੀ। ਇਸ ਨੂੰ ਰੀਟਵੀਟ ਕਰਦਿਆਂ ਹਰੀਸ਼ ਰਾਵਤ ਨੇ ਲਿਖਿਆ, “ਨਵਜੋਤ ਜੀ ਇਹ ਬਹੁਤ ਵਧੀਆ ਫ਼ੈਸਲਾ ਹੈ। ਵਧਾਈਆਂ, ਇਹ ਉਹ ਕਾਂਗਰਸ ਹੈ ਜਿਸ ਦੀ ਸਾਨੂੰ ਲੋੜ ਹੈ। ਮੈਂ ਵੀ ਲਖੀਮਪੁਰ ਖੀਰੀ ਤੇ ਸੀਤਾਪੁਰ ‘ਚ ਤੁਹਾਡੇ ਜਨ ਅੰਦੋਲਨ ‘ਚ ਸਾਥ ਦਿਆਂਗਾ।”

ਸਿੱਧੂ ਨੇ ਟਵੀਟ ਕਰਕੇ ਲਿਖਿਆ ਕਿ ਪ੍ਰਿਅੰਕਾ ਗਾਂਧੀ ਦੀ ਗ੍ਰਿਫ਼ਤਾਰੀ ਨਾਲ ਕਿਸਾਨਾਂ ਦੀ ਲੜਾਈ ਖਤਮ ਨਹੀਂ ਹੋਵੇਗੀ। ਜੇਕਰ ਘਟਨਾ ਲਈ ਜ਼ਿੰਮੇਵਾਰ ਕੇਂਦਰੀ ਮੰਤਰੀ ਦੇ ਪੁੱਤਰ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਪੰਜਾਬ ਕਾਂਗਰਸ ਲਖੀਮਪੁਰ ਖੀਰੀ ਵੱਲ ਮਾਰਚ ਕਰੇਗੀ। ਪਿਛਲੇ ਦਿਨੀਂ ਨਵਜੋਤ ਸਿੱਧੂ ਅਚਾਨਕ ਇਸ ਮਾਮਲੇ ਦੇ ਸਬੰਧ ‘ਚ ਚੰਡੀਗੜ੍ਹ ਦੇ ਰਾਜ ਭਵਨ ਦੇ ਬਾਹਰ ਧਰਨੇ ‘ਤੇ ਬੈਠ ਗਏ ਸਨ, ਜਿੱਥੋਂ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ‘ਚ ਲੈ ਲਿਆ ਸੀ। ਹਾਲਾਂਕਿ ਸ਼ਾਮ ਨੂੰ ਸਿੱਧੂ ਨੂੰ ਰਿਹਾਅ ਕਰ ਦਿੱਤਾ ਗਿਆ।

NO COMMENTS