ਚੰਡੀਗੜ੍ਹ: ਸਾਬਕਾ ਕਾਂਗਰਸੀ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਯੂ-ਟਿਊਬ ਚੈਨਲ ਨਾਲ ਪੰਗਾ ਲੈਣ ਵਾਲਿਆਂ ਦੀ ਸ਼ਾਮਤ ਆ ਗਈ ਹੈ। ਸਿੱਧੂ ਨੇ ਉਨ੍ਹਾਂ ਦੇ ਚੈਨਲ ਨਾਲ ਮਿਲਦੇ-ਜੁਲਦੇ ਨਾਂਵਾਂ ਵਾਲੇ ਚੈਨਲ ਬਣਾਉਣ ਵਾਲਿਆਂ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਸਿੱਧੂ ਨੇ ਇਸ ਨੂੰ ਕਾਪੀਰਾਈਟ ਕਾਨੂੰਨ ਦੀ ਉਲੰਘਣਾ ਕਰਾਰ ਦਿੰਦਿਆਂ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ। ਇਸ ਦੇ ਨਾਲ ਹੀ ਯੂ-ਟਿਊਬ ਦੇ ਪ੍ਰਬੰਧਕਾਂ ਨੂੰ ਵੀ ਗੁਮਰਾਹਕੁਨ ਗਤੀਵਿਧੀਆਂ ਰੋਕਣ ਲਈ ਅਪੀਲ ਕੀਤੀ ਹੈ।
ਦਰਅਸਲ ਸ਼ਨੀਵਾਰ ਨੂੰ ਕਾਂਗਰਸੀ ਲੀਡਰ ਨਵਜੋਤ ਸਿੱਧੂ ਵੱਲੋਂ ਪੰਜਾਬ ਵਾਸੀਆਂ ਨਾਲ ਸੰਪਰਕ ਰੱਖਣ ਲਈ ‘ਜਿੱਤੇਗਾ ਪੰਜਾਬ’ ਯੂ-ਟਿਊਬ ਚੈਨਲ ਸ਼ੁਰੂ ਕੀਤਾ ਹੈ। ਹੈਰਾਨੀ ਦੀ ਗੱਲ਼ ਹੈ ਕਿ ਰਾਤੋ-ਰਾਤ ਹੀ ਯੂ-ਟਿਊਬ ‘ਤੇ ਇਸ ਨਾਲ ਰਲਦੇ-ਮਿਲਦੇ ਕਈ ਚੈਨਲ ਸ਼ੁਰੂ ਹੋ ਗਏ। ਆਲਮ ਇਹ ਬਣ ਗਿਆ ਕਿ ਸਿੱਧੂ ਨੂੰ ਆਪਣਾ ਹੀ ਚੈਨਲ ਲੱਭਣਾ ਔਖਾ ਹੋ ਗਿਆ। ਇਸ ਨੂੰ ਜਿੱਥੇ ਸਿੱਧੂ ਦੇ ਨਾਂ ਦਾ ਸਹਾਰਾ ਲੈ ਕੇ ਪੈਸੇ ਕਮਾਉਣ ਦੀ ਕੋਸ਼ਿਸ਼ ਦੱਸਿਆ ਜਾ ਰਿਹਾ ਹੈ, ਉੱਥੇ ਹੀ ਵਿਰੋਧੀਆਂ ਦੀ ਚਾਲ ਵੀ ਮੰਨਿਆ ਜਾ ਰਿਹਾ ਹੈ।
ਸਿੱਧੂ ਦੇ ਚੈਨਲ ਦੇ ਮੁੱਖ ਪ੍ਰਬੰਧਕ ਸੁਮਿਤ ਸਿੰਘ ਦਾ ਕਹਿਣਾ ਹੈ ਕਿ ਕੁਝ ਪੰਜਾਬ ਦੋਖੀ ਤਾਕਤਾਂ ਵੱਲੋਂ ਲੋਕਾਂ ਨੂੰ ਭੰਬਲਭੂਸਾ ਪਾਉਣ ਦਾ ਯਤਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਤਾਕਤਾਂ ਸਿੱਧੂ ਦੀ ਇਸ ਕਾਰਵਾਈ ਤੋਂ ਘਬਰਾ ਗਈਆਂ ਹਨ ਤੇ ਉਨ੍ਹਾਂ ਨੇ ਅੜਿੱਕਾ ਪਾਉਣ ਦੇ ਮੰਤਵ ਨਾਲ ‘ਜਿੱਤੇਗਾ ਪੰਜਾਬ’ ਨਾਂ ਨਾਲ ਮਿਲਦੇ-ਜੁਲਦੇ ਯੂ-ਟਿਊਬ ਚੈਨਲ ਬਣਾ ਲਏ ਹਨ।
ਉਨ੍ਹਾਂ ਕਿਹਾ ਕਿ ਸਿੱਧੂ ਵੱਲੋਂ ਆਪਣਾ ਚੈਨਲ ਸ਼ੁਰੂ ਕਰਨ ਤੋਂ ਕੁਝ ਮਿੰਟਾਂ ਬਾਅਦ ਹੀ ਅਜਿਹੇ ਅਣਗਣਿਤ ਚੈਨਲ ਖੁੰਬਾਂ ਵਾਂਗ ਉੱਗੇ ਹਨ। ਸਿੱਧੂ ਵੱਲੋਂ ਇਸ ਚੈਨਲ ਦਾ ਨਾਂ ਗੁਰਮੁਖੀ ਵਿੱਚ ਲਿਖਿਆ ਗਿਆ ਹੈ। ਉਨ੍ਹਾਂ ਆਖਿਆ ਕਿ ਇਸ ਚੈਨਲ ’ਤੇ ਸਿੱਧੂ ਦਾ ਕਾਪੀਰਾਈਟ ਹੈ। ਯੂ-ਟਿਊਬ ਵੱਲੋਂ ਸਿੱਧੂ ਦੇ ਚੈਨਲ ਤੋਂ ਵੀਡੀਓ ਚੋਰੀ ਕਰਕੇ ਅਪਲੋਡ ਕਰਨ ਤੇ ਨਕਲੀ ਚੈਨਲ ਬਣਾਉਣ ਵਾਲਿਆਂ ਨੂੰ ਕਾਪੀਰਾਈਟ ਕਾਨੂੰਨ ਦੀ ਉਲੰਘਣਾ ਤਹਿਤ ਨੋਟਿਸ ਭੇਜੇ ਗਏ ਹਨ