*ਨਵਜੋਤ ਸਿੱਧੂ ਦੀ ਮੀਟਿੰਗ ਹੋਈ ਫਲਾਪ, ਨਹੀਂ ਪਹੁੰਚੇ ਕੈਪਟਨ ਤੇ ਕਾਂਗਰਸੀ ਵਿਧਾਇਕ*

0
161

ਚੰਡੀਗੜ੍ਹ 14,ਅਗਸਤ (ਸਾਰਾ ਯਹਾਂ): ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਸ਼ੁੱਕਰਵਾਰ ਨੂੰ ਬੁਲਾਈ ਗਈ 13 ਨਗਰ ਨਿਗਮ ਖੇਤਰਾਂ ਦੇ ਕਾਂਗਰਸੀ ਵਿਧਾਇਕਾਂ ਦੀ ਮੀਟਿੰਗ ਫਲਾਪ ਸ਼ੋਅ ਸਾਬਤ ਹੋਈ।ਸਿੱਧੂ ਨੇ ਪਟਿਆਲਾ ਨਗਰ ਨਿਗਮ ਖੇਤਰ ਦੇ ਵਿਧਾਇਕ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਮੀਟਿੰਗ ਲਈ ਬੁਲਾਇਆ ਸੀ ਪਰ ਨਾ ਤਾਂ ਮੁੱਖ ਮੰਤਰੀ ਪਹੁੰਚੇ ਅਤੇ ਨਾ ਹੀ ਉਨ੍ਹਾਂ ਦਾ ਸਮਰਥਨ ਕਰਨ ਵਾਲੇ ਮੰਤਰੀਆਂ ਨੇ ਮੀਟਿੰਗ ਵਿੱਚ ਕੋਈ ਦਿਲਚਸਪੀ ਦਿਖਾਈ।

ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਮਨਪ੍ਰੀਤ ਸਿੰਘ ਬਾਦਲ ਅਤੇ ਓਪੀ ਸੋਨੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ, ਜਦੋਂ ਕਿ ਬਲਬੀਰ ਸਿੰਘ ਸਿੱਧੂ ਮਿੰਟਾਂ ਵਿੱਚ ਹੀ ਮੀਟਿੰਗ ਵਿੱਚੋਂ ਚਲੇ ਗਏ। ਇਹ ਮੀਟਿੰਗ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਚੰਡੀਗੜ੍ਹ ਸਥਿਤ ਪੰਜਾਬ ਕਾਂਗਰਸ ਭਵਨ ਵਿਖੇ ਬੁਲਾਈ ਗਈ ਸੀ ਪਰ ਸਿਰਫ ਨਵਜੋਤ ਸਿੱਧੂ ਕਰੀਬ ਡੇਢ ਘੰਟੇ ਦੇਰੀ ਨਾਲ ਪਹੁੰਚੇ।

ਮੀਟਿੰਗ ਵਿੱਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਸ਼ਾਮ ਸੁੰਦਰ ਅਰੋੜਾ, ਕੁਲਜੀਤ ਸਿੰਘ ਨਾਗਰਾ, ਰਜਿੰਦਰ ਬੇਰੀ, ਅਮਿਤ ਵਿਜ, ਪ੍ਰਗਟ ਸਿੰਘ ਅਤੇ ਅਸ਼ਵਨੀ ਸੇਖੜੀ ਸਮੇਤ ਸਿਰਫ ਇੱਕ ਦਰਜਨ ਦੇ ਕਰੀਬ ਵਿਧਾਇਕ ਮੌਜੂਦ ਸਨ। ਮੀਟਿੰਗ ਦੇ ਫਲਾਪ ਹੋਣ ਦਾ ਮੁੱਖ ਕਾਰਨ ਇਹ ਸੀ ਕਿ ਪਾਰਟੀ ਪ੍ਰਧਾਨ ਨੇ ਜਲਦਬਾਜ਼ੀ ਵਿੱਚ ਬੁਲਾਈ ਮੀਟਿੰਗ ਲਈ ਕੋਈ ਏਜੰਡਾ ਤੈਅ ਨਹੀਂ ਕੀਤਾ ਸੀ।

ਮੀਟਿੰਗ ਵਿੱਚ ਸ਼ਾਮਲ ਹੋਏ ਕਿਸੇ ਵੀ ਮੰਤਰੀ ਅਤੇ ਵਿਧਾਇਕ ਨੂੰ ਇਹ ਨਹੀਂ ਪਤਾ ਸੀ ਕਿ ਮੀਟਿੰਗ ਕਿਸ ਮਕਸਦ ਜਾਂ ਏਜੰਡੇ ਲਈ ਬੁਲਾਈ ਗਈ ਸੀ। ਪਾਰਟੀ ਪ੍ਰਧਾਨ ਸਿੱਧੂ ਨੇ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦਿਆਂ ਕਿਹਾ ਕਿ ਵਿਧਾਨ ਸਭਾ ਚੋਣਾਂ -2022 ਦੀਆਂ ਤਿਆਰੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਪਰ ਮੀਟਿੰਗ ਦੌਰਾਨ ਐਲਾਨੇ ਗਏ ਏਜੰਡੇ ਬਾਰੇ ਕੋਈ ਵੀ ਵਿਧਾਇਕ ਤਿਆਰ ਨਹੀਂ ਪਹੁੰਚਿਆ ਅਤੇ ਸਾਰੀ ਮੀਟਿੰਗ ਹਲਕੇ ਵਿਚਾਰ -ਵਟਾਂਦਰੇ ਵਿੱਚ ਸਿਮਟ ਗਈ

NO COMMENTS