ਅੰਮ੍ਰਿਤਸਰ 30,ਜਨਵਰੀ (ਸਾਰਾ ਯਹਾਂ/ਬਿਊਰੋ ਨਿਊਜ਼): ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਅਕਾਲੀ ਲੀਡਰ ਬਿਕਰਮ ਮਜੀਠੀਆ ਨੂੰ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਜੇ ਕਿਸੇ ਕਾਂਗਰਸੀ ਵਰਕਰ ਵੱਲ ਅੱਖ ਚੁੱਕ ਕੇ ਦੇਖਿਆ ਤਾਂ ਗੱਡ ਕੇ ਰੱਖ ਦੂੰਗਾ। ਉਨ੍ਹਾਂ ਕਿਹਾ ਕਿ ਇਹ ਕਾਂਗਰਸ ਦੀ ਸੀਟ ਹੈ ਤੇ ਸਾਡੀ ਵੀ ਮੁੱਛ ਦਾ ਸਵਾਲ ਹੈ।
ਸਿੱਧੂ ਨੇ ਮਜੀਠੀਆ ਤੇ ਸੁਖਬੀਰ ਬਾਦਲ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੀਜਾ-ਸਾਲਾ ਸ਼ਹਿਰ ‘ਚ ਗੁੰਡਾਗਰਦੀ ਕਰਨ ਦੀ ਨਾ ਸੋਚਣ। ਸ਼ਹਿਰ ‘ਚ ਗੁੰਡਾਗਰਦੀ ਨਹੀਂ ਚੱਲਣ ਦੇਣੀ। ਉਨ੍ਹਾਂ ਕਿਹਾ ਕਿ ਅਕਾਲੀ ਲੀਡਰ ਮਜੀਠੀਆ ਕਈ ਤਰ੍ਹਾਂ ਮਾਫੀਆ ਚਲਾ ਰਿਹਾ ਹੈ। ਇਨ੍ਹਾਂ ਚਿੱਟਾ ਵੇਚ ਕੇ ਇੱਕ ਪੀੜੀ ਤਬਾਹ ਕਰ ਦਿੱਤੀ ਹੈ। ਉਹ ਅੱਜ ਵੀ ਮੁਜਰਮ ਹੈ ਤੇ ਜਮਾਨਤ ਮੰਗੀ ਹੋਈ ਹੈ।
ਉਨ੍ਹਾਂ ਕਿਹਾ ਕਿ ਉਹ ਜ਼ਮੀਨਾਂ ਦੱਬਣ ਵਾਲਾ ਮਾਫੀਆ ਹੈ। ਉਹ ਕੇਬਲ ਮਾਫੀਆ ਦਾ ਸਰਗਨਾ ਹੈ। ਇਨ੍ਹਾਂ ਢਾਬੇ ਤਕ ਨਹੀਂ ਛੱਡੇ। ਉਨ੍ਹਾਂ ਕਿਹਾ ਕਿ ਜਿਹੜੇ ਮਜੀਠੀਆ ਨਾਲ ਜਾ ਰਹੇ ਹਨ, ਉਹ ਦੜੇ ਸੱਟੇ ਵਾਲੇ ਹਨ। ਪਿੰਡਾਂ ਵਿੱਚ ਦਾਲ ਨਹੀਂ ਗਲਦੀ, ਹੁਣ ਸ਼ਹਿਰ ਵੱਲ ਆ ਗਏ ਹਨ ਪਰ ਸ਼ਹਿਰ ‘ਚ ਗੁੰਡਾਗਰਦੀ ਨਹੀਂ ਚੱਲਣ ਦੇਣੀ।
ਸਿੱਧੂ ਨੇ ਕਿਹਾ ਕਿ ਮੇਰੇ ਲਈ ਫਖਰ ਦੀ ਗੱਲ ਹੈ ਕਿ ਰਾਹੁਲ ਗਾਂਧੀ ਨੇ ਮੇਰੀ ਗੱਲ ਦੁਹਰਾਈ ਹੈ। ਉਨ੍ਹਾਂ ਕਿਹਾ ਕਿ ਅਕਾਲੀ ਪੰਜਾਬ ਮਾਡਲ ਦਾ ਏਜੰਡਾ ਭਟਕਾਉਣਾ ਚਾਹੁੰਦੇ ਹਨ ਪਰ ਮੈਂ ਅਜਿਹਾ ਨਹੀਂ ਹੋਣ ਦੇਵਾਂਗਾ। ਇਸ ਵਾਰ ਲੋਕ ਸਰਕਾਰ ਕੋਲ ਨਹੀਂ, ਸਰਕਾਰ ਲੋਕਾਂ ਕੋਲ ਜਾਵੇਗੀ। ਅੰਮ੍ਰਿਤਸਰ ਟੂਰਿਜਮ ਹੱਬ ਹੋਵੇਗਾ। ਇੰਸਪੈਕਟਰ ਰਾਜ ਤੋਂ ਸ਼ਹਿਰ ਦਾ ਵਪਾਰੀ ਮੁਕਤ ਹੋਵੇਗਾ। ਸੂਬੇ ਚ ਗੈਂਗਵਾਰਾਂ ਬੰਦ ਹੋਵੇਗੀ ਤੇ ਥਾਂ-ਥਾਂ ਸੀਸੀਟੀਵੀ ਕੈਮਰੇ ਲੱਗਣਗੇ।