*ਨਵਜੋਤ ਸਿੱਧੂ ‘ਤੇ ਬਿਜਲੀ ਮੰਤਰੀ ਦਾ ਪਲਟਵਾਰ, ਜਦ ਮੌਕਾ ਸੀ, ਉਸ ਵੇਲੇ ਕਿਉਂ ਨਹੀਂ ਸੰਭਾਲਿਆ ਬਿਜਲੀ ਵਿਭਾਗ? ਹੁਣ ਧਰਨਿਆਂ ਦਾ ਕੋਈ ਫਾਇਦਾ ਨਹੀਂ*

0
39

ਅੰਮ੍ਰਿਤਸਰ  25 ਅਪ੍ਰੈਲ (ਸਾਰਾ ਯਹਾਂ/ਬਿਊਰੋ ਨਿਊਜ਼): ਕਾਂਗਰਸ ਵੱਲੋਂ ਬਿਜਲੀ ਕੱਟਾਂ ਖਿਲਾਫ ਦਿੱਤਾ ਜਾ ਰਹੇ ਧਰਨੇ ‘ਤੇ ਸੂਬੇ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਨਵਜੋਤ ਸਿੱਧੂ ਕੋਲ ਜਿਸ ਵੇਲੇ ਮੌਕਾ ਸੀ, ਸੂਬੇ ਲਈ ਬਿਜਲੀ ਬਾਬਤ ਕੁਝ ਕਰਨ ਦਾ, ਉਸ ਵੇਲੇ ਤਾਂ ਉਨ੍ਹਾਂ ਨੇ ਵਿਭਾਗ ਨਹੀਂ ਸੰਭਾਲਿਆ ਤੇ ਹੁਣ ਧਰਨਾ ਦੇਣ ਦਾ ਕੋਈ ਫਾਇਦਾ ਨਹੀਂ।

ਬਿਜਲੀ ਮੰਤਰੀ ਨੇ ਕਿਹਾ ਕਿ ਸੂਬੇ ‘ਚ ਗਰਮੀ ਦਾ ਮੌਸਮ ਸ਼ੁਰੂ ਹੋਣ ‘ਤੇ ਸ਼ੁਰੂਆਤੀ ਦੌਰ ‘ਚ ਜ਼ਰੂਰ ਕੁਝ ਸਮੱਸਿਆਵਾਂ ਆਉਂਦੀਆਂ ਹਨ ਪਰ ਸਰਕਾਰ ਵੱਲੋਂ ਮੁਕੰਮਲ ਪ੍ਰਬੰਧ ਕੀਤੇ ਜਾ ਰਹੇ ਹਨ ਤੇ ਝੋਨੇ ਦੇ ਸੀਜਨ ‘ਚ ਕਿਸੇ ਕਿਸਮ ਦੀ ਸਮੱਸਿਆ ਨਹੀਂ ਆਵੇਗੀ ਤੇ ਨਾ ਹੀ ਬਿਜਲੀ ਕਿੱਲਤ ਆਉਣ ਦਿੱਤੀ ਜਾਵੇਗੀ।

ਹਰਭਜਨ ਸਿੰਘ ਅੱਜ ਵਿਸ਼ਵ ਮਲੇਰੀਆ ਦਿਵਸ ਮੌਕੇ ਮਾਨਾਵਾਲਾ ਸਿਵਲ ਹਸਪਤਾਲ ‘ਚ ਕਰਵਾਏ ਗਏ ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਪੁੱਜੇ ਸਨ। ਉਨ੍ਹਾਂ ਨੇ ਦਾਅਵਾ ਕੀਤਾ ਕਿ 2024 ਤਕ ਪੰਜਾਬ ਨੂੰ ਮਲੇਰੀਆ ਮੁਕਤ ਕਰ ਦਿੱਤਾ ਜਾਵੇਗਾ ਜਦਕਿ ਅੰਮ੍ਰਿਤਸਰ ‘ਚ ਪਿਛਲੇ ਵਰ੍ਹੇ ਇੱਕ ਵੀ ਮਲੇਰੀਆ ਦਾ ਕੇਸ ਰਜਿਸਟਰਡ ਨਹੀਂ ਹੋਇਆ ਤੇ ਸਰਕਾਰ ਵੱਲੋਂ ਇਸ ਸਬੰਧੀ ਜ਼ਿਲ੍ਹੇ ਦੀ ਸਿਹਤ ਵਿਭਾਗ ਦੀ ਟੀਮ ਨੂੰ ਸਨਮਾਨਤ ਕੀਤਾ ਜਾਵੇਗਾ।

600 ਯੂਨਿਟ ਬਿਜਲੀ ਮਾਫੀ ਦੇ ਮਾਮਲੇ ਵਿੱਚ ਹਰਭਜਨ ਸਿੰਘ ਨੇ ਕਿਹਾ ਕਿ ਇਸ ਨਾਲ 69 ਲੱਖ ਪਰਿਵਾਰਾਂ ਨੂੰ ਲਾਭ ਮਿਲੇਗਾ ਜਦਕਿ ਕਿਵੇਂ ਮਿਲੇਗਾ, ਇਸ ਤੇ ਉਨ੍ਹਾਂ ਨੇ ਸਾਫ ਜਵਾਬ ਨਹੀਂ ਦਿੱਤਾ। ਦਿੱਲੀ ਦੇ ਭਗਵੰਤ ਮਾਨ ਦੇ ਦੌਰੇ ਸਬੰਧੀ ਵਿਰੋਧੀਆਂ ਵੱਲੋਂ ਚੁੱਕੇ ਜਾ ਰਹੇ ਸਵਾਲ ਤੇ ਹਰਭਜਨ ਸਿੰਘ ਈਟੀਓ ਨੇ ਕਿਹਾ ਪੰਜਾਬ ‘ਚ ਪੰਜਾਬ ਦੇ ਲੋਕਾਂ ਨੂੰ ਪੰਜਾਬ ਮਾਡਲ ਹੀ ਦਿੱਤਾ ਜਾਵੇਗਾ ਜਿਸ ਨਾਲ ਪੰਜਾਬੀਆਂ ਦਾ ਹੀ ਫਾਇਦਾ ਹੋਵੇਗਾ।

ਕੈਬਨਿਟ ਮੰਤਰੀ ਨੇ ਕਿਹਾ ਕਿ ਮੰਡੀਆਂ ਵਿੱਚ ਲਿਫਟਿੰਗ ਸਬੰਧੀ ਕੋਈ ਮੁਸ਼ਕਲ ਨਹੀਂ ਹੈ ਤੇ ਖਰੀਦ ਵਧੀਆ ਚੱਲ ਰਹੀ ਹੈ। ਹਰਭਜਨ ਸਿੰਘ ਨੇ ਕਿਹਾ ਕਿ ਕੋਵਿਡ ਨੂੰ ਲੈ ਕੇ ਸਰਕਾਰ ਵੱਲੋਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਤੇ ਸਰਕਾਰ ਵੱਲੋਂ ਮੁਕੰਮਲ ਅਗੇਤੇ ਪ੍ਰਬੰਧ ਕਰ ਲਏ ਗਏ ਹਨ ਤੇ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ। 

NO COMMENTS