*ਨਵਜੋਤ ਸਿੱਧੂ ਖਿਲਾਫ ਮੈਦਾਨ ‘ਚ ਉੱਤਰੀ ਕੈਪਟਨ ਦੀ ‘ਫੌਜ’, ਹੁਣ ਕਾਂਗਰਸ ‘ਚ ਰਹਿਣਾ ਔਖਾ*

0
97

ਚੰਡੀਗੜ੍ਹ 30,ਅਪ੍ਰੈਲ (ਸਾਰਾ ਯਹਾਂ/ਬਿਊਰੋ ਰਿਪੋਰਟ): ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਸਖ਼ਤ ਰੁਖ਼ ਤੋਂ ਬਾਅਦ ਹੁਣ ਪੰਜਾਬ ਦੇ ਕੁਝ ਕੈਬਨਿਟ ਮੰਤਰੀਆਂ ਨੇ ਵੀ ਨਵਜੋਤ ਸਿੱਧੂ ਨੂੰ ਨਿਸ਼ਾਨੇ ’ਤੇ ਲੈਣਾ ਸ਼ੁਰੂ ਕਰ ਦਿੱਤਾ ਹੈ। ਕਈ ਕੈਬਨਿਟ ਮੰਤਰੀਆਂ ਨੇ ਦੋ-ਹਰਫ਼ੀ ਗੱਲ ਮੁਕਾਉਂਦਿਆਂ ਕਿਹਾ ਹੈ ਕਿ ਕੁਝ ਸਮਾਂ ਪਹਿਲਾਂ ਪਾਰਟੀ ’ਚ ਆਏ ਨਵਜੋਤ ਸਿੱਧੂ ਮੁੱਖ ਮੰਤਰੀ ਦੀ ਕੁਰਸੀ ’ਤੇ ਬੈਠਣ ਦੇ ਸੁਫ਼ਨੇ ਵੇਖ ਰਹੇ ਹਨ। ਵਿਧਾਇਕਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵਜੋਤ ਸਿੱਧੂ ਨੂੰ ਸ਼ੀਸ਼ਾ ਵਿਖਾਉਣਾ ਜ਼ਰੂਰੀ ਸੀ।

ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਜੇ ਸਿੱਧੂ ਨੂੰ ਸਾਡੀ ਜੇ ਸਹੀ ਨਹੀਂ ਲੱਗਦੀ, ਤਾਂ ਉਹ ਕਿਸੇ ਹੋਰ ਪਾਰਟੀ ’ਚ ਚਲੇ ਜਾਣ। ਆਪਣੀ ਪਾਰਟੀ ਬਣਾ ਕੇ ਪ੍ਰਧਾਨ ਬਣ ਜਾਣ। ਕੈਪਟਨ ਅਮਰਿੰਦਰ ਸਿੰਘ ਹੁਣ ਬੇਅਦਬੀ ਦੇ ਆਪਰਾਧੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਕੰਮ ਕਰ ਰਹੇ ਹਨ। ਉਨ੍ਹਾਂ ਅੱਗੇ ਕਿ ਨਵਜੋਤ ਸਿੱਧੂ ਨੂੰ ਬੌਸ ਬਣਨ ਦਾ ਜੇ ਇੰਨਾ ਹੀ ਜ਼ਿਆਦਾ ਸ਼ੌਕ ਹੈ, ਤਾਂ ਆਪਣੀ ਪਾਰਟੀ ਬਣਾ ਕੇ ਹੁਕਮ ਚਲਾਉਣ। ਕਾਂਗਰਸ ਪਾਰਟੀ ’ਚ ਰਹਿੰਦਿਆਂ ਜੋ ਬੌਸ ਹੈ, ਉਸ ਦੀ ਸਭ ਨੂੰ ਇੱਜ਼ਤ ਕਰਨੀ ਹੀ ਪਵੇਗੀ।

ਪੰਜਾਬ ਦੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿ ਨਵਜੋਤ ਸਿੱਧੂ ਦਾ ਵਾਰ-ਵਾਰ ਮੁੱਖ ਮੰਤਰੀ ਵਿਰੁੱਧ ਬੋਲਣਾ ਉਨ੍ਹਾਂ ਦੀ ਪਾਰਟੀ ਪ੍ਰਤੀ ਅਨੁਸ਼ਾਸਨਹੀਣਤਾ ਨੂੰ ਦਰਸਾਉਂਦਾ ਹੈ। ਸਿੱਧੂ ਨੂੰ ਅਨੁਸ਼ਾਸਨ ’ਚ ਰਹਿੰਦਿਆਂ 

 ਪਾਰਟੀ ਦੀਆਂ ਨੀਤੀਆਂ ਦਾ ਆਦਰ ਕਰਨਾ ਚਾਹੀਦਾ ਹੈ। ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਨਵਜੋਤ ਸਿੱਧੂ ਉੱਤੇ ਵਿਅੰਗ ਕੱਸਦਿਆਂ ਆਖਿਆ ਕਿ ਪਾਰਟੀ ਇੱਕ ਪਰਿਵਾਰ ਵਾਂਗ ਹੁੰਦੀ ਹੈ। ਅਸੀਂ ਸਿਆਸਤ ’ਚ ਹਾਂ ਤੇ ਸਾਨੂੰ ਆਪਣੀ ਪਾਰਟੀ ਨੂੰ ਪਰਿਵਾਰ ਵਾਂਗ ਹੀ ਸਮਝਣਾ ਚਾਹੀਦਾ ਹੈ। ਮਾਲ ਮੰਤਰੀ ਸੁੱਖ ਸਰਕਾਰੀਆ ਨੇ ਕਿਹਾ ਕਿ ਨਵਜੋਤ ਸਿੱਧੂ ਨੂੰ ਸਿਰਫ਼ ਅਹੁਦੇ ਦਾ ਲਾਲਚ ਹੈ। ਉਨ੍ਹਾਂ ਨੇ ਪਾਰਟੀ ਤੇ ਮੁੱਦਿਆਂ ਤੋਂ ਕੋਈ ਲੈਣਾ-ਦੇਣਾ ਨਹੀਂ।

ਦੱਸ ਦੇਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ੁਦ ਦੋ ਦਿਨਾਂ ਤੋਂ ਕਾਂਗਰਸੀ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਿਰੁੱਧ ਭੜਾਸ ਕੱਢ ਰਹੇ ਹਨ ਪਰ ਸਿੱਧੂ ਦਾ ਕੋਈ ਰੀਐਕਸ਼ਨ ਨਹੀਂ ਆਇਆ। ਕਾਂਗਰਸ ਨਾਲ ਹੋਰ ਪਾਰਟੀਆਂ ਦੇ ਆਗੂਆਂ ਦੀ ਵੀ ਸਿੱਧੂ ਦੇ ਰੀਐਕਸ਼ਨ ਉੱਤੇ ਨਜ਼ਰ ਹੈ। ਕੀ ਉਹ ਆਪਣੇ ਸੁਭਾਅ ਅਨੁਸਾਰ ਆਪਣੀ ਪਾਰਟੀ ਦੇ ਆਗੂਆਂ ਨੂੰ ਕਰਾਰਾ ਜਵਾਬ ਦਿੰਦੇ ਹਨ ਜਾਂ ਮੌਕੇ ਦੀ ਨਜ਼ਾਕਤ ਵੇਖ ਕੇ ਪਹਿਲਾਂ ਵਾਂਗ ਸਰਗਰਮ ਰਾਜਨੀਤੀ ਤੋਂ ਲਾਂਭੇ ਹੋ ਕੇ ਬੈਠ ਜਾਣਗੇ।

NO COMMENTS