ਨਰਮੇ ਨਾਲ ਭਰੀਆਂ ਟਰਾਲੀਆਂ ਦੀ ਲੱਗੀ ਚਾਰ ਕਿੱਲੋਮੀਟਰ ਕਤਾਰ, ਸਰਕਾਰੀ ਭਾਅ ਤੋਂ ਦੋ ਸੌ ਰੁਪੈ ਘੱਟ ਵਿਕ ਰਿਹੈ ਨਰਮਾ

0
29

ਮਾਨਸਾ – 15 ਅਕਤੂਬਰ (ਸਾਰਾ ਯਹਾ/ਬਲਜੀਤ ਪਾਲ): ਨਰਮੇ ਦੀ ਸਰਕਾਰੀ ਖਰੀਦ ਸ਼ੁਰੂ ਹੁੰਦਿਆਂ ਹੀ ਮਾਨਸਾ ਦੀ ਮੰਡੀ ‘ਚ ਨਰਮੇ ਦੀ ਫਸਲ ਦੀ ਆਮਦ ਤੇਜ ਹੋ ਗਈ ਹੈ। ਅੱਜ ਮਾਨਸਾ ਮੰਡੀ ‘ਚ ਨਰਮੇ ਨਾਲ ਭਰੀਆਂ ਹਜਾਰਾਂ ਟਰਾਲੀਆਂ ਪੁੱਜੀਆਂ । ਮੁੱਖ ਅਨਾਜ ਮੰਡੀ ਅੱਗੇ ਸਿਰਸਾ ਰੋਡ ‘ਤੇ ਨਰਮੇ ਦੀਆਂ ਟਰਾਲੀਆਂ ਦੀ ਚਾਰ ਕਿੱਲੋਮੀਟਰ ਤੱਕ ਕਤਾਰ ਲੱਗ ਗਈ । ਕਿਸਾਨ ਪਹਿਲਾਂ ਵਾਰੀ ਮਿਲਣ ਦੀ ਕਾਹਲ ‘ਚ ਅੱਧੀ ਅੱਧੀ ਰਾਤ ਹੀ ਕਤਾਰ ‘ਚ ਜਾ ਲੱਗਦੇ ਹਨ। ਪਿੰਡ ਜਟਾਣਾ ਖ਼ੁਰਦ ਤੋਂ ਆਏ ਗੁਰਵਿੰਦਰ ਸਿੰਘ ਅਤੇ ਗੁਰਸੇਵਕ ਸਿੰਘ ਨੇ ਦੱਸਿਆ ਕਿ ਅਸੀਂ ਰਾਤ ਬਾਰਾਂ ਵਜੇ ਦੇ ਦਾਣਾ ਮੰਡੀ ਅੱਗੇ ਖੜੇ ਹਾਂ। ਪਿੰਡ ਮਾਖਾ ਤੋਂ ਆਏ ਕਰਤਾਰ ਸਿੰਘ ਤੇ ਬੋਘ ਸਿੰਘ ਨੇ ਦੱਸਿਆ ਅਸੀਂ ਸਵੇਰੇ ਚਾਰ ਵਜੇ ਆਏ ਸੀ ਪਰ ਸਾਡੇ ਤੋਂ ਪਹਿਲਾਂ ਦੋ ਸੌ ਤੋਂ ਵੀ ਜ਼ਿਆਦਾ ਟਰਾਲੀਆਂ ਕਤਾਰ ‘ਚ ਖੜ੍ਹੀਆਂ ਸਨ। ਉਨ੍ਹਾਂ ਦੱਸਿਆ ਕਿ ਜਿਸ ਹਿਸਾਬ ਨਾਲ ਖਰੀਦ ਚੱਲ ਰਹੀ ਹੈ ਸਾਨੂੰ ਅੱਜ ਦੀ ਰਾਤ ਵੀ ਵਾਰੀ ਦੀ ਉਡੀਕ ‘ਚ ਹੀ ਲੰਘਾਉਂਣੀ ਪਵੇਗੀ। ਅੱਜ ਮੰਡੀ ‘ਚ 7010 ਕੁਇੰਟਲ ਨਰਮਾ ਪੁੱਜਿਆ ਜਿਸਦਾ ਵੱਧ ਤੋਂ ਵੱਧ ਭਾਅ 5450 ਰੁਪੈ ਰਿਹਾ । ਕਿਸਾਨਾਂ ਦੱਸਿਆ ਕਿ ਸਰਕਾਰੀ ਭਾਅ 5725 ਤੋਂ ਵੀ ਜ਼ਿਆਦਾ ਮਿਥਿਆ ਹੈ ਪਰ ਵਿਕਰੀ 5400 ਤੋਂ ਸ਼ੁਰੂ ਹੁੰਦੀ ਹੈ। ਇਸ ਤਰੀਕੇ ਹਰ ਕਿਸਾਨ ਨੂੰ ਪ੍ਰਤੀ ਕੁਇੰਟਲ ਦੋ ਸੌ ਤੋਂ ਚਾਰ ਸੌ ਰੁਪੈ ਦੀ ਮਾਰ ਪੈ ਰਹੀ ਹੈ। ਪ੍ਰਾਈਵੇਟ ਮਿਲਾਂ ਵਾਲੇ ਨਰਮੇ ਦੀ ਖਰੀਦ ਪੰਜ ਹਜਾਰ ਰੁਪੈ ਹੀ ਕਰ ਰਹੇ ਹਨ। ਪ੍ਰਾਪਤ ਜਾਣਕਾਰੀ ਮੁਤਾਬਿਕ ਮਾਨਸਾ ਦੀ ਮੰਡੀ ‘ਚ ਹੁਣ ਤੱਕ 42919 ਕੁਇੰਟਲ ਨਰਮਾ ਪਹੁੰਚ ਚੁੱਕਾ ਹੈ ਜਿਸ ਵਿੱਚੋਂ ਸਰਕਾਰੀ ਏਜੰਸੀ ਸੀ ਸੀ ਆਈ ਨੇ 14424 ਕੁਇੰਟਲ ਨਰਮੇ ਦੀ ਖਰੀਦ ਕੀਤੀ ਹੈ ਜਦੋਂ ਕਿ ਪ੍ਰਾਈਵੇਟ ਮਿਲ ਮਾਲਕਾਂ ਨੇ 28495 ਕੁਇੰਟਲ ਨਰਮਾ ਖ਼ਰੀਦਿਆ ਹੈ। ਮਾਰਕੀਟ ਕਮੇਟੀ ਦੇ ਸਕੱਤਰ ਚਮਕੌਰ ਸਿੰਘ ਨੇ ਦੱਸਿਆ ਕਿ ਸਹੀ ਕੀਮਤ ਲਈ ਨਰਮੇ ‘ਚ ਨਮੀ ਦਾ ਪੱਧਰ 8% ਹੋਣਾ ਚਾਹੀਦਾ ਹੈ ਪਰ ਇਸ ਵਕਤ ਨਰਮੇ ‘ਚ ਨਮੀ ਦਾ ਪੱਧਰ ਬਾਰਾਂ ਫੀ ਸਦੀ ਤੋਂ ਵੀ ਜ਼ਿਆਦਾ ਹੈ। ਉਨ੍ਹਾਂ ਦੱਸਿਆ ਅੱਜ ਸਭ ਤੋਂ ਚੰਗੇ ਨਰਮੇ ਦਾ ਭਾਅ 5529 ਰੁਪੈ ਰਿਹਾ।

NO COMMENTS