ਨਰਮੇ ਦੀ ਫਸਲ ਵਿੱਚ ਪੀ.ਏ.ਯੂ. ਦੀਆਂ ਸ਼ਿਫਾਰਿਸ਼ਾਂ ਅਨੁਸਾਰ ਹੀ ਕੀੜੇ ਮਾਰ ਦਵਾਈਆਂ ਦੀ ਵਰਤੋਂ ਕੀਤੀ ਜਾਵੇ : ਮੁੱਖ ਖੇਤੀਬਾੜੀ ਅਫਸਰ

0
19

ਮਾਨਸਾ, 05 ਅਗਸਤ (ਸਾਰਾ ਯਹਾ, ਜੋਨੀ ਜਿੰਦਲ)  : ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਡਾ. ਸੁਤੰਤਰ ਕੁਮਾਰ ਐਰੀ ਦੇ ਦਿਸ਼ਾ ਨਿਰਦੇਸ਼ਾ ਅਧੀਨ ਨਰਮੇ ਦੀ ਫਸਲ ਨੂੰ ਕਾਮਯਾਬ ਕਰਨ ਲਈ ਮੁੱਖ ਖੇਤੀਬਾੜੀ ਅਫ਼ਸਰ ਡਾ. ਮਨਜੀਤ ਸਿੰਘ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਨਰਮੇ ਦੇ ਖੇਤਾਂ ਦਾ ਲਗਾਤਾਰ ਸਰਵੇਖਣ ਕਰਦੇ ਰਹਿਣ ਅਤੇ ਇਸ ਸਮੇਂ ਨਰਮੇ ਦੀ ਫਸਲ ਨੂੰ ਔੜ ਨਾ ਲੱਗਣ ਦੇਣ। ਉਨ੍ਹਾਂ ਦੱਸਿਆ ਕਿ ਨਰਮੇ ਦੇ ਖੇਤਾਂ ਨੂੰ ਪਾਣੀ ਲਗਾਕੇ ਹੀ ਕੀੜੇਮਾਰ ਦਵਾਈਆਂ ਦਾ ਛਿੜਕਾਅ ਕਰਨ।
ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਇਸ ਸਮੇਂ ਤਾਪਮਾਨ ਅਤੇ ਹਵਾ ਵਿੱਚ ਨਮੀ ਜ਼ਿਆਦਾ ਹੋਣ ਕਾਰਨ ਕੀੜੇ-ਮਕੌੜਿਆਂ ਦੀ ਗਿਣਤੀ ਵੱਧ ਸਕਦੀ ਹੈ ਪਰ ਮਾਨਸਾ ਜ਼ਿਲ੍ਹੇ ਵਿੱਚ ਪੈਸਟ ਸਰਵੇਲੈਂਸ ਟੀਮਾਂ ਦੀਆਂ ਰਿਪੋਰਟਾਂ ਅਨੁਸਾਰ ਇਸ ਸਮੇਂ ਚਿੱਟੇ ਮੱਛਰ ਦੀ ਸੰਖਿਆ ਆਰਥਿਕ ਕਗਾਰ ਤੋਂ ਥੋੜ੍ਹੀ ਘੱਟ ਹੈ।ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਖੇਤ ਵਿੱਚ ਚਿੱਟੇ ਮੱਛਰ ਦੀ ਸੰਖਿਆ ਆਰਥਿਕ ਕਗਾਰ ਤੋਂ ਵੱਧ ਹੈ, ਤਾਂ ਖੇਤੀਬਾੜੀ ਯੂਨੀਵਰਸਿਟੀ ਦੀਆਂ ਸ਼ਿਫਾਰਿਸ ਕੀਤੀਆਂ ਗਈਆਂ ਕੀੜੇਮਾਰ ਜਹਿਰਾਂ ਦੀ ਵਰਤੋਂ ਹੀ ਕੀਤੀ ਜਾਵੇ।ਉਨ੍ਹਾਂ ਦੱਸਿਆ ਕਿ ਕੀੜੇਮਾਰ ਦਵਾਈਆਂ ਦੀ ਮਿਕਸਿੰਗ ਕਰਨ ਤੋਂ ਗੁਰੇਜ਼ ਕੀਤਾ ਜਾਵੇ ਅਤੇ ਕੀੜੇਮਾਰ ਦਵਾਈਆਂ ਦੀ ਵਰਤੋਂ ਬਦਲ-ਬਦਲ ਕੇ ਕੀਤੀ ਜਾਵੇ।
ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਚਿੱਟੇ ਮੱਛਰ ਦੀ ਰੋਕਥਾਮ ਲਈ ਓਸ਼ੀਨ (ਡਾਇਨੋਟੈਫੂਰਾਨ)-60 ਗ੍ਰਾਮ, ਲੈਨੋ (ਪਾਈਰੀਪਰੋਕਸੀਫਿਨ)-500 ਮਿ.ਲੀ, ੳਬਰੋਨ/ਵੋਲਟੇਜ਼ (ਸਪੈਰੋਮੈਸੀਫਿਨ)-200 ਮਿ.ਲੀ, ੳਲਾਲਾ (ਫਲੋਨਿਕਾਮਿਡ)-80 ਗ੍ਰਾਮ ਜਾਂ ਪੋਲੋ (ਡਾਈਆਫੈਨਥੂਯੂਰੋਨ)-200 ਗ੍ਰਾਮ ਦੀ ਵਰਤੋਂ ਕੀਤੀ ਜਾ ਸਕਦੀ ਹੈ।ਇਸ ਤੋਂ ਇਲਾਵਾ ਉਨ੍ਹਾਂ ਨੇ ਅਪੀਲ ਕੀਤੀ ਕਿ ਨਰਮੇ ਦੀ ਫਸਲ ਤੋਂ ਵੱਧ ਝਾੜ ਲੈਣ ਲਈ 2% ਪੋਟਾਸ਼ੀਅਮ ਨਾਈਟਰੇਟ (13:0:45) ਦਾ ਛਿੜਕਾਅ ਫੁੱਲਾ ਦੇ ਸ਼ੁਰੂ ਹੋਣ ਤੋਂ ਲੈਕੇ ਇੱਕ-ਇੱਕ ਹਫਤੇ ਦੇ ਵਕਫੇ ‘ਤੇ 4 ਵਾਰ ਕਰੋ।ਉਨ੍ਹਾਂ ਦੱਸਿਆ ਕਿ ਕਿਸਾਨ ਨਰਮੇ ਦੇ ਖੇਤ ਅਤੇ ਖੇਤਾ ਦਾ ਆਲਾ-ਦੁਆਲਾ ਨਦੀਨਾ ਤੋਂ ਮੁਕਤ ਰੱਖਣ।
ਇਸ ਤੋਂ ਇਲਾਵਾ ਮੁੱਖ ਖੇਤੀਬਾੜੀ ਅਫਸਰ ਨੇ ਕੁਆਲਟੀ ਕੰਟਰੋਲ ਟੀਮਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਆਪਣੇ ਆਪਣੇ ਬਲਾਕਾਂ ਵਿੱਚ ਦਵਾਈਆਂ ਦੇ ਵੱਧ ਤੋ ਵੱਧ ਸੈਂਪਲ ਲੈਣ ਤਾਂ ਜੋ ਕਿਸਾਨਾਂ ਨੂੰ ਮਿਆਰੀ ਕੀੜ੍ਹੇਮਾਰ ਦਵਾਈਆਂ ਮੁਹੱਈਆ ਕਰਵਾਈਆਂ ਜਾ ਸਕਣ। ਉਨ੍ਹਾਂ ਕਿਸਾਨਾਂ ਨੂੰ ਵੀ ਕਿਹਾ ਕਿ ਦੁਕਾਨਾਂ ਤੋਂ ਪੱਕਾ ਬਿੱਲ ਲੈਕੇ ਹੀ ਖੇਤੀ ਸਮੱਗਰੀ ਦੀ ਖਰੀਦ ਕੀਤੀ ਜਾਵੇ।

NO COMMENTS