*ਨਰਮੇ ਦੀ ਗੁਲਾਬੀ ਸੁੰਡੀ ਪ੍ਰਤੀ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਵਿਸ਼ੇਸ਼ ਕੈਂਪ ਲਗਾਕੇ ਕੀਤਾ ਜਾ ਰਿਹੈ ਜਾਗਰੂਕ*

0
29

ਮਾਨਸਾ, 09 ਸਤੰਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਡਾ ਸੁਖਦੇਵ ਸਿੰਘ ਸਿੱਧੂ ਦੀਆਂ ਹਦਾਇਤਾਂ ਅਤੇ ਮੁੱਖ ਖੇਤੀਬਾੜੀ ਅਫਸਰ ਮਾਨਸਾ ਡਾ. ਮਨਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ 08 ਅਤੇ 09 ਸਤੰਬਰ 2021 ਨੂੰ ਬਲਾਕ ਮਾਨਸਾ ਦੇ ਪਿੰਡਾਂ ਡੇਲੂਆਣਾ, ਤਾਮਕੋਟ, ਘਰਾਂਗਣਾ, ਖੋਖਰ ਕਲਾਂ, ਰਮਦਿੱਤੇ ਵਾਲਾ, ਖੋਖਰ ਖੁਰਦ, ਖਿਆਲਾ ਖੁਰਦ ਅਤੇ ਖੜਕ ਸਿੰਘ ਵਾਲਾ ਵਿਖੇ ਖੇਤੀਬਾੜੀ ਮਾਹਿਰਾਂ ਦੀਆਂ ਵਿਸ਼ੇਸ਼ ਟੀਮਾਂ ਦੁਆਰਾ ਨਰਮੇ ਦੀ ਗੁਲਾਬੀ ਸੁੰਡੀ ਸਬੰਧੀ ਕਿਸਾਨ ਸਿਖਲਾਈ ਕੈਂਪ ਲਗਾਏ ਗਏ ਅਤੇ ਖੇਤਾਂ ਦਾ ਸਰਵੇਖਣ ਕੀਤਾ ਗਿਆ।  ਕਿਸਾਨਾਂ ਨੂੰ ਸੰਬੋਧਨ ਕਰਦਿਆਂ ਖੇਤੀਬਾੜੀ ਮਾਹਿਰ ਡਾ. ਹਰਮਨਦੀਪ ਸਿੰਘ ਨੇ ਦੱਸਿਆ ਕਿ ਨਰਮੇ ਦੇ ਖੇਤਾਂ ਵਿਚ ਕਿਤੇ-ਕਿਤੇ ਗੁਲਾਬੀ ਸੁੰਡੀ ਦਾ ਹਮਲਾ ਹੋ ਚੁੱਕਾ ਹੈ ਸੋ ਕਿਸਾਨ ਵੀਰਾਂ ਨੂੰ ਲਗਾਤਾਰ ਆਪਣੇ ਖੇਤਾਂ ਵਿਚ ਸਰਵੇਖਣ ਕਰਨ ਦੀ ਲੋੜ ਹੈ, ਜਿਨ੍ਹਾਂ ਫੁੱਲਾਂ ਵਿਚ ਸੁੰਡੀ ਦਾ ਹਮਲਾ ਹੁੰਦਾ ਹੈ ਉਨ੍ਹਾਂ ਨੂੰ ਸੁੰਡੀ ਅੱਗੇ ਤੋਂ ਬੰਦ ਕਰ ਲੈਂਦੀ ਹੈ ਅਤੇ ਅੰਦਰੋ ਅੰਦਰ ਖਾਂਦੀ ਰਹਿੰਦੀ ਹੈ ਇਸ ਕਰਕੇ ਫੁੱਲਾਂ ਨੂੰ ਖੋਲ ਕੇ ਦੇਖਿਆ ਜਾਵੇ।  ਇਸ ਮੌਕੇ ਡਾ. ਸੁਖਜਿੰਦਰ ਸਿੰਘ ਅਤੇ ਡਾ. ਪਰਦੀਪ ਸਿੰਘ ਨੇ ਦੱਸਿਆ ਕਿ ਅਗੇਤੇ ਬੀਜੇ ਨਰਮੇ ਦੇ ਟੀਂਡੇ ਵੀ ਖੋਲ ਕੇ ਦੇਖੇ ਜਾਣ। ਉਨ੍ਹਾਂ ਨੇ ਗੁਲਾਬੀ ਸੁੰਡੀ ਦੇ ਹਮਲੇ ਨੂੰ ਫਿਲਹਾਲ ਆਰਥਿਕ ਕਗਾਰ ਤੋਂ ਥੱਲੇ ਦੱਸਿਆ ਅਤੇ ਕਿਸਾਨਾਂ ਨੂੰ ਲਗਾਤਾਰ ਮਹਿਕਮੇ ਨਾਲ ਰਾਬਤਾ ਕਾਇਮ ਰੱਖਣ ਦੀ ਸਲਾਹ ਦਿੰਦਿਆਂ ਕਿਹਾ ਕਿ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਅਤੇ ਜਲਦਬਾਜ਼ੀ ਵਿੱਚ ਜਿਆਦਾ ਖਰਚਾ ਨਾ ਕਰਿਆ ਜਾਵੇ ਸਗੋ ਆਪਣੇ-ਆਪਣੇ ਖੇਤਾਂ ਦੇ ਹਾਲਾਤ ਮੁਤਾਬਿਕ ਕੀਟਨਾਸ਼ਕਾਂ ਦੀ ਸਪਰੇਅ ਕੀਤੀ ਜਾਵੇ।  ਡਾ ਮਨਦੀਪ ਸਿੰਘ ਨੇ ਦੱਸਿਆ ਕਿ ਖੇਤ ਦੇ ਸਰਵੇਖਣ ਦੌਰਾਨ ਜੇਕਰ 100 ਫੁੱਲਾਂ ਪਿੱਛੇ 5 ਫੁੱਲ ਸੁੰਡੀ ਦੁਆਰਾ ਬੰਦ ਕੀਤੇ ਹੋਏ (ਰੋਜੋਟੈਡ) ਪਾਏ ਜਾਂਦੇ ਹਨ ਭਾਵ  ਸੁੰਡੀ ਦਾ ਹਮਲਾ 5 ਫੀਸਦੀ ਤੱਕ ਹੁੰਦਾ ਹੈ ਤਾਂ ਪ੍ਰੋਫੈਨੋਫ਼ੋਸ 500 ਮਿਲੀ,ਇੰਡੋਕਸਾਕਾਰਬ 200 ਮਿਲੀ, ਏਥਿਓਨ 800 ਮਿਲੀ, ਫੇਮ 40 ਮਿਲੀ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕੀਤੀ ਜਾਵੇ।  ਇਸ ਮੌਕੇ ਪਰਾਗਦੀਪ ਸਿੰਘ ਬੀ.ਟੀ.ਐਮ, ਹਰਚੇਤ ਸਿੰਘ ਏ.ਐਸ.ਆਈ, ਦਵਿੰਦਰ ਸਿੰਘ ਏ.ਐਸ.ਆਈ ਅਤੇ ਗੁਰਬਖਸ ਸਿੰਘ ਏ.ਐਸ.ਆਈ ਮੌਜੂਦ ਸਨ।    

NO COMMENTS