*ਨਰਮੇ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨਗੇ ਕਿਸਾਨ ਮਿੱਤਰ-ਡਿਪਟੀ ਕਮਿਸ਼ਨਰ*

0
7

ਮਾਨਸਾ, 29 ਮਾਰਚ  (ਸਾਰਾ ਯਹਾਂ/  ਮੁੱਖ ਸੰਪਾਦਕ) : ਆਉਣ ਵਾਲੀ ਨਰਮੇ ਦੀ ਫਸਲ ਲਈ ਰੱਖੇ ਗਏ ਕਿਸਾਨ ਮਿੱਤਰਾਂ ਦੀ ਸਿਖਲਾਈ ਮੁੱਖ ਖੇਤੀਬਾੜੀ ਅਫ਼ਸਰ ਡਾ. ਸਤਪਾਲ ਸਿੰਘ ਦੀ ਯੋਗ ਅਗਵਾਈ ਹੇਠ ਕਰਵਾਈ ਗਈ, ਜਿੱਥੇ ਜ਼ਿਲ੍ਹਾ ਮਾਨਸਾ ਅੰਦਰ ਨਰਮੇ ਦੀ ਫਸਲ ਲਈ ਨਿਯੁਕਤ ਕੀਤੇ ਗਏ 165 ਕਿਸਾਨ ਮਿੱਤਰਾਂ ਨੇ ਭਾਗ ਲਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਡਿਪਟੀ ਕਮਿਸ਼ਨਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਮਿੱਤਰਾਂ ਦੀ ਭਰਤੀ ਸਰਕਾਰ ਵੱਲੋਂ ਨਰਮੇ ਦੀ ਆਉਣ ਵਾਲੀ ਫਸਲ ਨੂੰ ਕਾਮਯਾਬ ਕਰਨ ਲਈ ਕੀਤੀ ਗਈ ਹੈ, ਕਿਸਾਨ ਮਿੱਤਰ ਨਰਮੇ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨਗੇ। ਇਸ ਸਿਖਲਾਈ ਵਿੱਚ ਜੋ ਵੀ ਨੁਕਤੇ ਆਪ ਨਾਲ ਖੇਤੀ ਵਿਗਿਆਨੀਆਂ ਵੱਲੋਂ ਸਾਂਝੇ ਕੀਤੇ ਗਏ ਹਨ, ਉਹ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨਾਲ ਸਾਂਝੇ ਕੀਤੇ ਜਾਣੇ ਹਨ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਪੂਰਾ ਤਾਲਮੇਲ ਬਣਾ ਕੇ ਰੱਖਿਆ ਜਾਵੇ ਅਤੇ ਹਰ ਤਰ੍ਹਾਂ ਦੀ ਰਿਪੋਰਟਿੰਗ ਵਿਭਾਗ ਨੂੰ ਸਮੇਂ ਸਿਰ ਕੀਤੀ ਜਾਵੇ ਤਾਂ ਜੋ ਨਰਮੇ ਦੀ ਫਸਲ ਸਬੰਧੀ ਆ ਰਹੀਆਂ ਸਮੱਸਿਆਵਾਂ ਦਾ ਸਮੇਂ ਸਿਰ ਹੱਲ ਕੱਢਿਆ ਜਾ ਸਕੇ।
ਮੁੱਖ ਖੇਤੀਬਾੜੀ ਅਫ਼ਸਰ, ਡਾ. ਸਤਪਾਲ ਸਿੰਘ ਨੇ ਕਿਹਾ ਕਿ ਕਿਹਾ ਕਿਸਾਨ ਮਿੱਤਰ ਹੁਣ ਵਿਭਾਗ ਦਾ ਹੀ ਅੰਗ ਹਨ ਅਤੇ ਵਿਭਾਗ ਵੱਲੋਂ ਸਮੇਂ-ਸਮੇਂ ਸਿਰ ਜਾਰੀ ਕੀਤੀਆਂ ਜਾਣ ਵਾਲੀਆਂ ਸਲਾਹਾਂ/ਸਿਫਾਰਸ਼ਾਂ ਕਿਸਾਨਾ ਤੱਕ ਪਹੁੰਚਾਈਆਂ ਜਾਣ ਤਾਂ ਜੋ ਨਰਮੇ ਦੀ ਫਸਲ ਨੂੰ ਕਾਮਯਾਬ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜ਼ਿਲ੍ਹਾ ਮਾਨਸਾ ਨੂੰ ਦਿੱਤਾ ਗਿਆ 60,000 ਹੈਕਟੇਅਰ ਦਾ ਟੀਚਾ ਪੂਰਾ ਕਰਨ ਲਈ ਹਰ ਇੱਕ ਕਿਸਾਨ ਨੂੰ ਨਰਮੇ ਦੀ ਫਸਲ ਬੀਜਣ ਲਈ ਪ੍ਰੇਰਿਤ ਕੀਤਾ ਜਾਵੇ।
ਇਸ ਸਿਖਲਾਈ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਟੀਮ ਇੰਚਾਰਜ ਡਾ. ਕੁਲਵੀਰ ਸਿੰਘ,ਪਿ੍ਰੰਸੀਪਲ ਐਗਰੋਨੋਮਿਸਟ, ਪੀ.ਏ.ਯੂ, ਖੇਤਰੀ ਖੋਜ਼ ਕੇਂਦਰ, ਫਰੀਦਕੋਟ, ਡਾ. ਸੁਨੀਤ ਪੰਧੇਰ, ਸਹਾਇਕ ਪ੍ਰੋਫੈਸਰ, ਕੀਟ ਵਿਗਿਆਨ ਅਤੇ ਡਾ.ਅਸੋਕ ਕੁਮਾਰ, ਪਲਾਂਟ ਪੈਥੋਲੋਜਿਸਟ ਸਾਮਲ ਸਨ। ਇਨ੍ਹਾਂ ਵਿਗਿਆਨੀਆਂ ਵੱਲੋਂ ਹਾਜਰੀਨ ਕਿਸਾਨ ਮਿੱਤਰਾਂ ਨੂੰ ਨਰਮੇ ਦੀ ਫਸਲ ਦੀਆਂ ਕਿਸਮਾ, ਬਿਜਾਈ ਦੇ ਢੰਗ ਅਤੇ ਸਹੀ ਸਮਾ, ਨਦੀਨਾਂ ਦੀ ਰੋਕਥਾਮ, ਬਿਮਾਰੀਆਂ ਅਤੇ ਕੀੜੇ-ਮਕੌੜਿਆਂ ਦੇ ਹਮਲੇ ਦੀਆਂ ਨਿਸ਼ਾਨੀਆਂ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਬਾਰੇ ਜਾਣੂ ਕਰਵਾਇਆ ਗਿਆ।
ਇਸ ਟੇ੍ਰਨਿੰਗ ਵਿੱਚ ਡਾ. ਸੁਰੇਸ਼ ਕੁਮਾਰ, ਜ਼ਿਲ੍ਹਾ ਸਿਖਲਾਈ ਅਫਸਰ, ਮਾਨਸਾ, ਡਾ. ਹਰਵਿੰਦਰ ਸਿੰਘ, ਖੇਤੀਬਾੜੀ ਅਫਸਰ, ਭੀਖੀ, ਡਾ. ਚਮਨਦੀਪ ਸਿੰਘ, ਡਿਪਟੀ ਪ੍ਰੋਜੈਕਟ ਡਾਇਰੈਕਟਰ (ਆਤਮਾ), ਡਾ.ਜਸਲੀਨ ਕੌਰ ਧਾਲੀਵਾਲ, ਖੇਤੀਬਾੜੀ ਵਿਕਾਸ ਅਫਸਰ, ਮਾਨਸਾ ਵੱਲੋਂ ਨਰਮੇ ਦੀ ਫਸਲ ਸਬੰਧੀ ਤਕਨੀਕੀ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕੀਤੀ ਗਈ।

NO COMMENTS