ਮਾਨਸਾ, 10 ਮਈ (ਸਾਰਾ ਯਹਾਂ/ ਮੁੱਖ ਸੰਪਾਦਕ) :: ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਡਾ. ਗੁਰਵਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮੁੱਖ ਖੇਤੀਬਾੜੀ ਅਫ਼ਸਰ ਡਾ. ਸਤਪਾਲ ਸਿੰਘ ਦੀ ਅਗਵਾਈ ਹੇਠ ਬਲਾਕ ਮਾਨਸਾ ਦੇ ਪਿੰਡ ਦੂਲੋਵਾਲ ਵਿਖੇ 1 ਏਕੜ ਰਕਬੇ ਵਿੱਚ ਨਰਮੇ ਦੀ ਬਿਜਾਈ ਕਰਵਾਈ ਗਈ।
ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਨੇ ਮੌਕੇ ‘ਤੇ ਹਾਜਰ ਕਿਸਾਨਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਮਿਸ਼ਨ ਉੱਨਤ ਕਿਸਾਨ ਅਧੀਨ ਪੰਜਾਬ ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਫਸਲੀ ਵਿਭਿੰਨਤਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਕਿਉਕਿ ਨਰਮੇ ਦੀ ਫਸਲ ਨੂੰ ਝੋਨੇ ਦੀ ਫਸਲ ਨਾਲੋਂ 75 ਫ਼ੀਸਦੀ ਪ੍ਰਤੀਸ਼ਤ ਪਾਣੀ ਦੀ ਘੱਟ ਜਰੂਰਤ ਹੁੰਦੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਨਰਮੇ ਦੀ ਕਾਸ਼ਤ ਕੀਤੀ ਜਾਵੇ। ਉਨ੍ਹਾਂ ਕਿਸਾਨਾਂ ਨੂੰ ਮੂੰਗੀ ਦੀ ਫਸਲ ਦੀ ਕਾਸ਼ਤ ਨਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਮੂੰਗੀ ਦੀ ਫਸਲ ਦੀ ਬਿਜਾਈ ਨਾਲ ਨਰਮੇ ਦੀ ਫਸਲ ਤੇ ਚਿੱਟੀ ਮੱਖੀ ਦੇ ਹਮਲੇ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸੇ ਕਰਕੇ ਪੰਜਾਬ ਸਰਕਾਰ ਵੱਲੋਂ ਨਰਮਾ ਪੱਟੀ ਵਾਲੇ ਜ਼ਿਲਿ੍ਹਆਂ ਵਿੱਚ ਨਰਮੇ ਦੀ ਫਸਲ ਦੀ ਖਰੀਦ ਤੇ ਐਮ.ਐਸ.ਪੀ. ਨਾ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਡਾ. ਮਨੋਜ ਕੁਮਾਰ, ਖੇਤੀਬਾੜੀ ਅਫਸਰ ਨੇ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਫਾਰਸ਼ਸ਼ੁਦਾ ਨਰਮੇ ਦੀਆਂ ਕਿਸਮਾਂ ਦੀ ਹੀ ਬਿਜਾਈ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਰਮੇ ਦਾ ਬੀਜ 33 ਫ਼ੀਸਦੀ ਸਬਸਿਡੀ ਤੇ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਲਈ ਕਿਸਾਨ ਵੱਲੋਂ ਪੋਰਟਲ ਤੇ ਅਲਪਾਈ ਕਰਨ ਦੀ ਆਖਰੀ ਮਿਤੀ 31 ਮਈ 2023 ਹੈ। ਉਨਾਂ ਦੱਸਿਆ ਕਿ ਬਲਾਕ ਮਾਨਸਾ ਦੇ ਪਿੰਡ ਗੇਹਲੇ, ਉੱਭਾ, ਜਵਾਹਰਕੇ, ਨੰਗਲ ਕਲਾਂ, ਮਾਨਬੀਬੜੀਆਂ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਏ ਗਏ, ਇਨ੍ਹਾਂ ਕੈਂਪਾਂ ਵਿੱਚ ਲੱਗਭੱਗ 150 ਕਿਸਾਨਾਂ ਨੇ ਭਾਗ ਲਿਆ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਵਿਭਾਗ ਵੱਲੋਂ ਲਗਾਏ ਜਾ ਰਹੇ ਕੈਂਪਾਂ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਭਾਗ ਲੈਣ ਅਤੇ ਨਰਮੇ ਦੀ ਫਸਲ ਸਬੰਧੀ ਲੋੜੀਂਦੀ ਤਕਨੀਕੀ ਜਾਣਕਾਰੀ ਪ੍ਰਾਪਤ ਕਰਕੇ ਨਰਮੇ ਦੀ ਫਸਲ ਨੂੰ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ।
ਡਾ. ਚਮਨਦੀਪ ਸਿੰਘ, ਡਿਪਟੀ ਪ੍ਰੋਜੈਕਟ ਡਾਇਰੈਕਟਰ (ਆਤਮਾ) ਵੱਲੋਂ ਕਿਸਾਨਾਂ ਨੂੰ ਵਿਭਾਗ ਅੰਦਰ ਚੱਲ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ। ਸ੍ਰੀ ਹਰਚੇਤ ਸਿੰਘ, ਖੇਤੀਬਾੜੀ ਉਪ ਨਿਰੀਖਕ ਅਤੇ ਸ੍ਰੀ ਸੁਖਵਿੰਦਰ ਸਿੰਘ, ਖੇਤੀਬਾੜੀ ਉਪ ਨਿਰੀਖਕ ਵੱਲੋਂ ਵੀ ਕਿਸਾਨਾਂ ਨੂੰ ਸੰਬੋਧਨ ਕੀਤਾ ਗਿਆ। ਕੈਂਪ ਵਿੱਚ ਪਿੰਡ ਦੇ ਮੋਹਤਬਰ ਕਿਸਾਨ ਸ੍ਰੀ ਪਰਗਟ ਸਿੰਘ, ਸ੍ਰੀ ਭੋਲਾ ਸਿੰਘ, ਸ੍ਰੀ ਚੂਹੜ ਸਿੰਘ ਅਤੇ ਸ੍ਰੀ ਬਲਵੀਰ ਸਿੰਘ ਹਾਜਰ ਸਨ।