*ਨਗਰ ਸੁਧਾਰ ਸਭਾ ਵੱਲੋਂ ਸ਼ਹਿਰ ਦੇ ਮੰਗਾਂ ਮਸਲਿਆਂ ਸਬੰਧੀ ਵਿੱਢੇ ਸੰਘਰਸ਼ ਨੂੰ ਤੇਜ਼ ਕਰਨ ਦਾ ਐਲਾਨ*

0
206

ਬੁਢਲਾਡਾ – 5 ਅਗੱਸਤ – (ਸਾਰਾ ਯਹਾਂ/ਮਹਿਤਾ ਅਮਨ) – ਅੱਜ ਨਗਰ ਸੁਧਾਰ ਸਭਾ ਬੁਢਲਾਡਾ ਵੱਲੋਂ ਸ਼ਹਿਰ ਵਿੱਚ ਸੀਵਰੇਜ਼ ਸਿਸਟਮ ਦੇ ਮਾੜੇ ਪ੍ਰਬੰਧਾਂ ਅਤੇ ਹੋਰ ਮੰਗਾਂ ਸਬੰਧੀ ਸੱਦੇ ਸ਼ਹਿਰਵਾਸੀਆਂ ਦੇ ਇਕੱਠ ਵਿੱਚ ਫੈਸਲਾ ਕੀਤਾ ਗਿਆ ਕਿ 12 ਅਗੱਸਤ ਤੱਕ ਸੀਵਰੇਜ਼ ਸਮੇਤ ਸਾਰੇ ਮੰਗਾਂ ਮਸਲੇ ਹੱਲ ਨਾ ਕੀਤੇ ਸਖ਼ਤ ਐਕਸ਼ਨ ਕੀਤਾ ਜਾਵੇਗਾ। ਇਸ ਫੈਸਲੇ ਨੂੰ ਸ਼ਹਿਰਵਾਸੀਆਂ ਨੇ ਹੱਥ ਖੜ੍ਹੇ ਕਰਕੇ ਪਾਸ ਕੀਤਾ ਗਿਆ। ਅੱਜ ਦੀ ਮੀਟਿੰਗ ਵਿੱਚ ਵਪਾਰ ਮੰਡਲ , ਆੜਤੀਆ ਐਸੋਸੀਏਸ਼ਨ , ਰੇੜ੍ਹੀ ਫੜੀ ਯੂਨੀਅਨ ਸਮੇਤ ਵੱਖ ਵੱਖ ਸੰਸਥਾਵਾਂ ਦੇ ਆਗੂ ਪੂਰੇ ਉਤਸ਼ਾਹ ਨਾਲ ਸ਼ਾਮਲ ਹੋਏ।

      ਸੰਸਥਾ ਦੇ ਸੀਨੀਅਰ ਆਗੂਆਂ ਸਤਪਾਲ ਸਿੰਘ  , ਪ੍ਰੇਮ ਸਿੰਘ ਦੋਦੜਾ , ਐਡਵੋਕੇਟ ਸਵਰਨਜੀਤ ਸਿੰਘ ਦਲਿਓ , ਤਰਜੀਤ ਸਿੰਘ ਚਹਿਲ , ਹਰਪ੍ਰੀਤ ਸਿੰਘ ਪਿਆਰੀ ਅਤੇ ਖੇਮ ਸਿੰਘ  ਨੇ ਭਰਵੇਂ ਇਕੱਠ ਵਿੱਚ ਬੋਲਦਿਆਂ ਕਿਹਾ ਕਿ ਪਿਛਲੇ ਦਿਨਾਂ ਤੋਂ ਨਗਰ ਸੁਧਾਰ ਸਭਾ ਨੇ ਸੀਵਰੇਜ਼ ਸਿਸਟਮ ਦੇ ਨਾਕਸ ਪ੍ਰਬੰਧ , ਪੀਣ ਦੇ ਪਾਣੀ ਵਿੱਚ ਮਿਕਸ ਗੰਦੇ ਪਾਣੀ ਦੀ ਸਪਲਾਈ , ਐਨ.ਓ.ਸੀ. ਸਬੰਧੀ  ਖੱਜਲ ਖ਼ੁਆਰੀ ਅਤੇ ਲੁੱਟ ਖਸੁੱਟ , ਆਵਾਰਾ ਪਸ਼ੂਆਂ ਦੀ ਸਮੱਸਿਆ ਆਦਿ ਸਬੰਧੀ ਮੁਹਿੰਮ ਚਲਾਈ ਹੋਈ ਸੀ , ਜਿਸ ਕਾਰਨ ਨਗਰ ਕੌਂਸਲ , ਜੀ.ਡੀ.ਸੀ.ਐਲ. ਕੰਪਨੀ , ਪ੍ਰਸ਼ਾਸਨ ਅਤੇ ਸਰਕਾਰ ਨੇ ਥੋੜੀ ਬਹੁਤੀ ਸੀਵਰੇਜ਼ ਦੀ ਸਮੱਸਿਆ ਵੱਲ ਧਿਆਨ ਦਿੱਤਾ ਹੈ ਪਰ ਹਾਲਾਂ ਵੀ ਇਸ ਸਮੱਸਿਆ ਦਾ ਸਥਾਈ ਬੰਦੋਬਸਤ ਨਹੀਂ ਕੀਤਾ। ਮਸ਼ੀਨਾਂ ਖ਼ਰੀਦਣ ਸਬੰਧੀ ਟੈਂਡਰ ਖੁੱਲ੍ਹਣ ਸਬੰਧੀ ਗੁੰਮਰਾਹਕੁੰਨ ਪ੍ਰਚਾਰ ਕੀਤਾ ਗਿਆ ਹੈ ਸੱਚਾਈ ਇਹ ਹੈ ਕਿ ਉਕਤ ਟੈਂਡਰ ਪਾਏ ਹੀ ਨਹੀਂ ਗਏ।

       ਆਗੂਆਂ ਨੇ ਕਿਹਾ ਕਿ ਹਾਲਾਂ ਕਿ ਬਰਸਾਤ ਨਹੀਂ ਹੋਈ ਜੇਕਰ ਆਉਂਦੇ ਦਿਨਾਂ ਵਿੱਚ ਭਰਵੀਂ ਬਾਰਸ਼ ਹੁੰਦੀ ਹੈ ਤਾਂ ਸ਼ਹਿਰ ਦੀ ਹਾਲਤ ਕਾਫੀ ਗੰਭੀਰ ਹੋ ਜਾਵੇਗੀ। ਪ੍ਰਸ਼ਾਸਨ ਅਤੇ ਸਰਕਾਰ ਨੂੰ ਸ਼ਹਿਰ ਦੇ ਲੋਕਾਂ ਦੇ ਧਰਨਿਆਂ- ਪ੍ਰਦਰਸ਼ਨਾਂ ਦੇ ਰੂਪ ਵਿੱਚ ਗ਼ੁੱਸੇ ਦਾ ਸਾਹਮਣਾ ਕਰਨਾ ਪਵੇਗਾ। ਆਗੂਆਂ ਨੇ ਕਿਹਾ ਕਿ ਨਗਰ ਕੌਂਸਲ ਨੇ ਨਕਸ਼ਿਆਂ ਦੇ ਰੇਟਾਂ ਵਿੱਚ ਭਾਰੀ ਵਾਧਾ ਕਰ ਦਿੱਤਾ ਹੈ , ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

    ਇਸ ਮੌਕੇ ‘ਤੇ ਪੰਜਾਬ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਬੁਲਾਰਿਆਂ ਨੇ ਕਿਹਾ ਕਿ ਸਮੁੱਚੀ ਬੁਢਲਾਡਾ ਸਬ ਡਵੀਜ਼ਨ ਲਵਾਰਿਸ ਜਾਪ ਰਹੀ ਹੈ। ਸ਼ਹਿਰਾਂ ਅਤੇ ਪਿੰਡਾਂ ਦੇ ਵਿਕਾਸ ਕੰਮਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਸੜਕਾਂ , ਗਲੀਆਂ , ਪੀਣ ਦੇ ਪਾਣੀ , ਸਿਹਤ ਸਹੂਲਤਾਂ ਜਿਹੀਆਂ ਬੁਨਿਆਦੀ ਸਹੂਲਤਾਂ ਤੋਂ ਲੋਕ ਸੱਖਣੇ ਹਨ। ਸੱਤਾਧਾਰੀ ਧਿਰ ਸਿਰਫ਼ ਗੱਲਾਂ ਦਾ ਕੜਾਹ ਬਣਾਉਣ ਤੋਂ ਬਿਨਾਂ ਹੋਰ ਕੁਝ ਨਹੀਂ ਕਰ ਰਹੀ।

      ਬੁਲਾਰਿਆਂ ਨੇ ਦੋਸ਼ ਲਾਇਆ ਕਿ ਸਬ ਡਵੀਜ਼ਨ ਦੇ ਸਾਰੇ ਦਫ਼ਤਰਾਂ ਖਾਸ ਕਰਕੇ ਤਹਿਸੀਲ ਅਤੇ ਨਗਰ ਕੌਂਸਲ ਵਿੱਚ ਕਥਿਤ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਸੱਤਾਧਾਰੀ ਧਿਰ ਦੁਆਰਾ ਧਾਰੀ ਖਾਮੋਸ਼ੀ ਕਈ ਤਰ੍ਹਾਂ ਦੇ ਸ਼ੰਕੇ ਅਤੇ ਸਵਾਲ ਖੜ੍ਹੇ ਕਰਦੀ ਹੈ। ਖਾਸ ਚਹੇਤਿਆਂ ਕੋਲ਼ ਨਵੀਆਂ ਲਗਜ਼ਰੀ ਗੱਡੀਆਂ ਅਤੇ ਸ਼ਾਹੀ ਰਹਿਣ ਸਹਿਣ ਦੀ ਲੋਕਾਂ ਵਿੱਚ ਕਾਫ਼ੀ ਚਰਚਾ ਹੈ।

         ਅੱਜ ਦੇ ਇਕੱਠ ਵਿੱਚ ਹੋਰਨਾਂ ਤੋਂ ਇਲਾਵਾ ਨਰੇਸ਼ ਕੁਮਾਰ ਐਮ.ਸੀ. , ਪ੍ਰੇਮ ਕੁਮਾਰ ਗਰਗ ਐਮ.ਸੀ , ਦਰਸ਼ਨ ਸਿੰਘ ਦਰਸ਼ੀ ਐਮ.ਸੀ. , ਕੁਸ਼ ਸ਼ਰਮਾ ,  , ਹਰਦਿਆਲ ਸਿੰਘ ਦਾਤੇਵਾਸ , ਕਾ. ਚਿਮਨ ਲਾਲ ਕਾਕਾ , ਭੂਸ਼ਨ , ਜਸਦੇਵ ਸਿੰਘ ਅੱਕਾਂਵਾਲੀ , ਇੰਸਪੈਕਟਰ ਬਖਤੌਰ ਸਿੰਘ , ਪੂਰਨ ਸਿੰਘ ਫਰੀਡਮ ਫਾਈਟਰ ,  ਕਾ. ਰਾਏਕੇ , ਰਾਮ ਚੰਦਰ , ਸੰਤੋਖ ਸਿੰਘ , ਮਲਕੀਤ ਸਿੰਘ ਆਦਿ ਮੌਜੂਦ ਸਨ।

NO COMMENTS