ਬੁਢਲਾਡਾ – 10 ਜੂਨ (ਸਾਰਾ ਯਹਾਂ/ਅਮਨ ਮੇਹਤਾ) – ਸ਼ਹਿਰ ਦੀ ਸੰਸਥਾ ਨਗਰ ਸੁਧਾਰ ਸਭਾ ਬੁਢਲਾਡਾ ਨੇ ਸ਼ਹਿਰ ਦੀ ਨਰਕਮੲੀ ਹਾਲਤ ਸਬੰਧੀ ਜਿਲ੍ਹਾ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਬੁਢਲਾਡਾ ਸ਼ਹਿਰ ਦੇ ਸੀਵਰੇਜ਼ ਦੇ ਪ੍ਰਬੰਧ , ਅਧੂਰੀਆਂ ਸੜਕਾਂ , ਗੰਦੇ ਪਾਣੀ ਦੀ ਨਿਕਾਸੀ , ਅੱਧ-ਵਿਚਕਾਰ ਲਟਕੇ ਵਿਕਾਸ ਕੰਮਾਂ ਸਬੰਧੀ ਜਲਦੀ ਕੋਈ ਠੋਸ ਕਦਮ ਨਾ ਚੁੱਕੇ ਤਾਂ ਸੰਸਥਾ ਸਮੁੱਚੇ ਸ਼ਹਿਰ ਵਾਸੀਆਂ ਨੂੰ ਨਾਲ ਲੈ ਕੇ ਵੱਡਾ ਸੰਘਰਸ਼ ਆਰੰਭ ਦੇਵੇਗੀ। ਅੱਜ ਨਗਰ ਸੁਧਾਰ ਸਭਾ ਬੁਢਲਾਡਾ ਦੀ ਕੋਰ ਕਮੇਟੀ ਦੀ ਹੋਈ ਮੀਟਿੰਗ ਵਿੱਚ ਸ਼ਹਿਰਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ‘ਤੇ ਗੰਭੀਰਤਾ ਨਾਲ ਵਿਚਾਰ-ਚਰਚਾ ਕੀਤੀ। ਮੀਟਿੰਗ ਦੀ ਪ੍ਰਧਾਨਗੀ ਸ: ਪ੍ਰੇਮ ਸਿੰਘ ਦੋਦੜਾ ਪ੍ਰਧਾਨ ਨਗਰ ਸੁਧਾਰ ਸਭਾ ਬੁਢਲਾਡਾ ਨੇ ਕੀਤੀ। ਮੀਟਿੰਗ ਦੇ ਆਰੰਭ ਵਿੱਚ ਪਿਛਲੇ ਸਮੇਂ ਦੌਰਾਨ ਸ਼ਹਿਰ ਦੀਆਂ ਵੱਖ-ਵੱਖ ਸ਼ਖਸ਼ੀਅਤਾਂ ਦੀਆਂ ਹੋਈਆਂ ਬੇਵਕਤੀਆਂ ਮੌਤਾਂ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਅਤੇ ਦੋ ਮਿੰਟ ਦਾ ਮੌਨ ਧਾਰਕੇ ਸਰਧਾਂਜਲੀ ਭੇਟ ਕੀਤੀ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਰਿਲੀਜ਼ ਕਰਦਿਆਂ ਨਗਰ ਸੁਧਾਰ ਸਭਾ ਬੁਢਲਾਡਾ ਦੇ ਜਨਰਲ ਸਕੱਤਰ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਨੇ ਦੱਸਿਆ ਕਿ ਸ਼ਹਿਰ ਦੀ ਹਾਲਤ ਬਹੁਤ ਮਾੜੀ ਹੋਈ ਪੲੀ ਹੈ। ਸੜਕਾਂ ਦੇ ਨਿਰਮਾਣ ਦਾ ਕੰਮ ਰੁਕਿਆ ਪਿਆ ਹੈ ਅਤੇ ਸੜਕਾਂ ਦੇ ਦੋਵੇਂ ਪਾਸੀਂ ਇੰਟਰਲੌਕਿੰਗ ਅਤੇ ਹੋਰ ਵਿਕਾਸ ਕੰਮ ਲੰਬੇ ਸਮੇਂ ਤੋਂ ਅਧੂਰੇ ਪੲੇ ਹਨ। ਜਿਸ ਕਰਕੇ ਦੁਕਾਨਦਾਰਾਂ ਨੂੰ ਗ੍ਰਾਹਕਾਂ ਨਾਲ ਪੂਰਾ ਰਾਬਤਾ ਨਹੀਂ ਬਣ ਰਿਹਾ ਕਿਉਂਕਿ ਹਰ ਦੁਕਾਨ ਅਤੇ ਕਾਰੋਬਾਰੀ ਅਦਾਰੇ ਦੇ ਅੱਗੇ ਇੱਟਾਂ-ਰੋੜੇ , ਟੁੱਟ ਭੱਜ ਦਾ ਸਮਾਨ ਖਿੱਲਰਿਆ ਪਿਆ ਹੈ। ਸੰਸਥਾ ਨੇ ਇਸ ਗੱਲ ਗੰਭੀਰਤਾ ਨਾਲ ਨੋਟ ਕੀਤਾ ਹੈ ਕਿ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਸ਼ਹਿਰ ਦੇ ਸੀਵਰੇਜ਼ ਅਤੇ ਹੋਰ ਗੰਦੇ ਪਾਣੀ ਦੀ ਨਿਕਾਸੀ ਸਬੰਧੀ ਕੁੱਝ ਨਹੀਂ ਕੀਤਾ ਜਾ ਰਿਹਾ। ਸਗੋਂ ਇਸਦੇ ਉਲਟ ਘੂਕ ਸੁੱਤਾ ਪਿਆ ਹੈ। ਮੀਟਿੰਗ ਵਿੱਚ ਆਗੂਆਂ ਨੇ ਕਿਹਾ ਕਿ ਨਗਰ ਕੌਂਸਲ ਬੁਢਲਾਡਾ ਦੀ ਨਵੀਂ ਚੋਣ ਉਪਰੰਤ ਸ਼ਹਿਰਵਾਸੀਆਂ ਨੂੰ ਕੁੱਝ ਉਮੀਦ ਬੱਝੀ ਸੀ ਪਰ ਅਮਲ ਦੇ ਵਿੱਚ ਕੁੱਝ ਨਹੀਂ ਹੋਇਆ। ਸ਼ਹਿਰ ਦੇ ਸਾਰੇ ਕਾਰੋਬਾਰੀ ਲਗਭੱਗ ਡੇਢ- ਦੋ ਸਾਲ ਤੋਂ ਗੰਭੀਰ ਮੰਦਵਾੜੇ ਦੇ ਦੌਰ ਵਿੱਚੋਂ ਲੰਘ ਰਹੇ ਹਨ। ਸ਼ਹਿਰ ਦੀ ਨਰਕਮੲੀ ਹਾਲਤ ਦਾ ਲੋਕਾਂ ਦੇ ਕੰਮਾਂ-ਕਾਰਾਂ ‘ਤੇ ਮਾੜਾ ਅਸਰ ਪੈ ਰਿਹਾ ਹੈ ਕਿਉਂਕਿ ਇਲਾਕੇ ਦੇ ਲੋਕ ਖਰੀਦੋ- ਫਰੋਖਤ ਅਤੇ ਹੋਰ ਕੰਮ- ਧੰਦਿਆਂ ਲਈ ਬੁਢਲਾਡਾ ਸ਼ਹਿਰ ਨੂੰ ਛੱਡਕੇ ਦੂਜੀਆਂ ਮੰਡੀਆਂ ਅਤੇ ਸ਼ਹਿਰਾਂ ਨੂੰ ਤਰਜੀਹ ਦੇਣ ਲੱਗ ਪੲੇ ਹਨ। ਜਿਸ ਕਾਰਨ ਦੁਕਾਨਦਾਰਾਂ, ਵਪਾਰੀਆਂ , ਵਰਕਸ਼ਾਪਾਂ ਵਾਲਿਆਂ ਆਦਿ ਨੂੰ ਬਹੁਤ ਜਿਆਦਾ ਆਰਥਿਕ ਨੁਕਸਾਨ ਹੋ ਰਿਹਾ ਹੈ। ਇਸ ਕਰਕੇ ਸ਼ਹਿਰ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸੰਸਥਾ ਦੇ ਆਗੂਆਂ ਨੇ ਕਿਹਾ ਕਿ ਸੜਕਾਂ ਅਤੇ ਗਲੀਆਂ ਵਿੱਚ ਸੀਵਰੇਜ਼ ਦਾ ਗੰਦਾ ਪਾਣੀ ਥਾਂ ਥਾਂ ‘ਤੇ ਖੜਾ ਹੈ। ਲੋਕਾਂ ਦਾ ਘਰਾਂ ਅਤੇ ਦੁਕਾਨਾਂ ਵਿੱਚੋਂ ਨਿਕਲਣਾ ਔਖਾ ਹੋਇਆ ਪਿਆ ਹੈ। ਬਦਬੋ ਵਾਲੇ ਪਾਣੀ ਨੇ ਲੋਕਾਂ ਦਾ ਰਹਿਣਾ ਅਤੇ ਰਾਹਗੀਰਾਂ ਦਾ ਤੁਰਨਾ ਫਿਰਨਾ ਮੁਸ਼ਕਿਲ ਕੀਤਾ ਹੋਇਆ ਹੈ। ਗੰਭੀਰ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਅੱਗੇ ਬਰਸਾਤਾਂ ਦਾ ਮੌਸਮ ਹੈ ਇਸ ਕਰਕੇ ਨਗਰ ਕੌਂਸਲ ਬੁਢਲਾਡਾ , ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਨੂੰ ਸ਼ਹਿਰ ਦੇ ਸਾਰੇ ਵਿਕਾਸ ਕਾਰਜਾਂ ਖਾਸ ਕਰਕੇ ਗੰਦੇ ਪਾਣੀ ਦੀ ਨਿਕਾਸੀ ਦੇ ਮਸਲੇ ਨੂੰ ਫੌਰੀ ਤੌਰ ‘ਤੇ ਹੱਲ ਕਰਨਾ ਚਾਹੀਦਾ ਹੈ। ਨਗਰ ਸੁਧਾਰ ਸਭਾ ਬੁਢਲਾਡਾ ਨੇ ਚੇਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜੇਕਰ ਹਫਤੇ ਤੱਕ ਬਣਦੀ ਕਾਰਵਾਈ ਨਾ ਕੀਤੀ ਤਾਂ ਤਿੱਖੇ ਰੂਪ ਵਿੱਚ ਸੰਘਰਸ਼ ਆਰੰਭ ਕਰ ਦਿੱਤਾ ਜਾਵੇਗਾ। ਮੀਟਿੰਗ ਵਿੱਚ ਸੰਸਥਾ ਦੇ , ਐਡਵੋਕੇਟ ਸੁਸ਼ੀਲ ਕੁਮਾਰ ਬਾਂਸਲ , ਪਵਨ ਨੇਵਟੀਆ , ਜੱਸੀ ਪ੍ਰਧਾਨ ਸਵਰਨਕਾਰ ਸੰਘ , ਵਿਸ਼ਾਲ ਰਿਸ਼ੀ , ਸੀਲਾ ਸਾਊਂਡ , ਅਵਤਾਰ ਸਿੰਘ ਅੌਲਖ ,ਸੋਨੂੰ ਕੋਹਲੀ , ਹਰਦਿਆਲ ਸਿੰਘ ਦਾਤੇਵਾਸ , ਗਗਨ ਦਾਸ ਵੈਰਾਗੀ ਆਦਿ ਮੌਜੂਦ ਸਨ।