ਨਗਰ ਸੁਧਾਰ ਸਭਾ ਨੇ ਲਿਆ ਸ਼ਹਿਰ ਦੀ ਰੇਲਵੇ ਰੋਡ ਦੇ ਫੁੱਟਪਾਥ ਅਤੇ ਹੋਰ ਵਿਕਾਸ ਕਾਰਜਾਂ ‘ਚ ਬੇਨਿਯਮੀਆਂ ਦਾ ਸਖਤ ਨੋਟਿਸ

0
103

ਬੁਢਲਾਡਾ -16 ਜਨਵਰੀ (ਸਾਰਾ ਯਹਾ /ਅਮਨ ਮਹਿਤਾ ਅਮਿਤ ਜਿਦਲ):: ਨਗਰ ਸੁਧਾਰ ਸਭਾ ਨੇ ਨਗਰ ਕੌਂਸਲ ਬੁਢਲਾਡਾ ਵੱਲੋਂ ਰੇਲਵੇ ਰੋਡ ‘ਤੇ ਫੁੱਟਪਾਥ ਦੇ ਕੰਮ ਵਿੱਚ ਮਟੀਰੀਅਲ ਘੱਟ ਵਰਤੇ ਜਾਣ ਦਾ ਗੰਭੀਰ ਨੋਟਿਸ ਲਿਆ ਹੈ। ਸੰਸਥਾ ਦਾ ਕਹਿਣਾ ਹੈ ਕਿ ਸ਼ਹਿਰ ਦੇ ਬਾਕੀ ਥਾਵਾਂ ‘ਤੇ ਚੱਲ ਰਹੇ ਵਿਕਾਸ ਕੰਮਾਂ ਦੇ ਮਾਮਲੇ ਵਿੱਚ ਵੀ ਇਹੀ ਹਾਲ ਹੈ। ਸੰਸਥਾ ਦੇ ਮੁੱਖ ਦਫਤਰ ਵਿਖੇ ਸਬੰਧਤ ਦੁਕਾਨਦਾਰਾਂ ਅਤੇ ਸ਼ਹਿਰੀਆਂ ਨੇ ਉਕਤ ਮਾਮਲਾ ਨਗਰ ਸੁਧਾਰ ਸਭਾ ਦੇ ਧਿਆਨ ਵਿੱਚ ਲਿਆਂਦਾ ਹੈ। ਸੰਸਥਾ ਦੇ ਪ੍ਰਧਾਨ ਪ੍ਰੇਮ ਸਿੰਘ ਦੋਦੜਾ ਅਤੇ ਹੋਰ ਅਹੁਦੇਦਾਰਾਂ ਨੇ ਕੰਮ ਦਾ ਖੁਦ ਨਿਰੀਖਣ ਵੀ ਕੀਤਾ ਹੈ , ਜਿਸ ਉਪਰੰਤ ਪਾਇਆ ਗਿਆ ਕਿ ਪੁਲਿਸ ਥਾਣਾ ਸਿਟੀ ਦੇ ਸਾਹਮਣੇ ਗਟਕਾ ਅਤੇ ਹੋਰ ਮਟੀਰੀਅਲ ਘੱਟ ਪਾਇਆ ਜਾ ਰਿਹਾ ਸੀ , ਜਿਸ ਸਬੰਧੀ ਇਤਰਾਜ਼ ਕਰਨ ‘ਤੇ ਪੂਰਾ ਕੀਤਾ ਗਿਆ। ਬਾਕੀ ਥਾਵਾਂ ‘ਤੇ ਵੀ ਇਹੋ ਹਾਲ ਹੈ। ਇਸ ਕਰਕੇ ਸ਼ਹਿਰ ਦੇ ਲੋਕਾਂ ਨੂੰ ਕਥਿਤ ਤੌਰ ‘ਤੇ ਇਨ੍ਹਾਂ ਵਿਕਾਸ ਕੰਮਾਂ ਦੇ ਨਿਰਮਾਣ ਵਿੱਚ ਵੱਡੇ ਘਪਲੇ ਦਾ ਖਦਸ਼ਾ ਜਾਹਿਰ ਕੀਤਾ ਜਾ ਰਿਹਾ ਹੈ।  ਇਸ ਸਬੰਧੀ ਬੀਤੇ ਸ਼ੁੱਕਰਵਾਰ ਨੂੰ ਸੰਸਥਾ ਦੇ ਮੁੱਖ ਦਫਤਰ ਵਿਖੇ ਮੀਟਿੰਗ ਕੀਤੀ ਗਈ ਅਤੇ ਸ਼ਹਿਰ ਸਬੰਧੀ ਵਿਚਾਰ-ਚਰਚਾ ਕੀਤੀ। ਨਗਰ ਸੁਧਾਰ ਸਭਾ ਦੇ ਪ੍ਰਧਾਨ ਪ੍ਰੇਮ ਸਿੰਘ ਦੋਦੜਾ , ਚੇਅਰਮੈਨ ਸਤਪਾਲ ਸਿੰਘ ਕਟੌਦੀਆ , ਜਨਰਲ ਸਕੱਤਰ ਸਵਰਨਜੀਤ ਸਿੰਘ ਦਲਿਓ ਅਤੇ ਐਡਵੋਕੇਟ ਸੁਸ਼ੀਲ ਕੁਮਾਰ ਬਾਂਸਲ   ਨੇ ਦੱਸਿਆ ਕਿ ਰੇਲਵੇ ਰੋਡ ‘ਤੇ ਬਣਾਈ ਨਾਲੀ ਨੂੰ ਪਲੱਸਤਰ ਵੀ ਨਹੀਂ ਕੀਤਾ ਜਾ ਰਿਹਾ। ਆਗੂਆਂ ਨੇ ਕਿਹਾ ਕਿ ਇਸ ਨਾਲੀ ‘ਤੇ ਪੱਥਰ ਨੂੰ ਫਿਕਸ ਕੀਤਾ ਜਾ ਰਿਹਾ ਹੈ। ਭਵਿੱਖ ਵਿੱਚ ਨਾਲੀ ਦੀ ਸਫ਼ਾਈ ਕਿਵੇਂ ਹੋਵੇਗੀ ? ਇਹ ਸਵਾਲ ਵੀ ਸਬੰਧਤ ਦੁਕਾਨਦਾਰਾਂ ਵੱਲੋਂ ਉਠਾਇਆ ਜਾ ਰਿਹਾ ਹੈ।ਆਗੂਆਂ ਨੇ ਕਿਹਾ ਕਿ ਜਿਹੜੇ ਏਰੀਏ ਵਿੱਚ ਫੁੱਟਪਾਥ ‘ਤੇ ਪੱਥਰ ਲਾਉਣ ਦਾ ਕੰਮ ਮੁਕੰਮਲ ਨਹੀਂ ਹੋਇਆ। ਉਸ ਏਰੀਏ ਦੇ ਕਾਰੋਬਾਰੀਆਂ ਨੇ ਦੁਕਾਨ-ਮਕਾਨ ਵਿੱਚ ਆਉਣ-ਜਾਣ ਲਈ ਆਰਜੀ ਇੰਤਜਾਮ ਕੀਤੇ ਹੋਏ ਹਨ ਪ੍ਰੰਤੂ ਨਗਰ ਕੌਂਸਲ ਦੇ ਅਧਿਕਾਰੀ ਸਬੰਧਤ ਕਾਰੋਬਾਰੀਆਂ ਨੂੰ ਤੰਗ-ਪਰੇਸ਼ਾਨ ਕਰ ਰਹੇ ਹਨ , ਜੋ ਨਿੰਦਣਯੋਗ ਹੈ।ਆਗੂਆਂ ਨੇ ਇਸ ਗੱਲ ਦਾ ਵੀ ਸਖਤ ਨੋਟਿਸ ਲਿਆ ਕਿ ਇਸ ਰੋਡ ‘ਤੇ ਪੁਰਾਣੇ ਸਮੇਂ ਤੋਂ ਕੲੀ ਇਮਾਰਤਾਂ ‘ਤੇ ਛੱਤਾਂ ਤੋਂ ਨਾਲੀਆਂ ਬਾਹਰੋਂ ਪਾਇਪ ਪਾ ਕੇ ਨਾਲੀ ਵਿੱਚ ਪਾਈਆਂ ਹੋਈਆਂ ਹਨ, ਇਨ੍ਹਾਂ ਨੂੰ ਬਿਲਡਿੰਗ ਦੇ ਵਿੱਚੋਂ ਦੀ ਝਿਰੀ ਮਾਰਕੇ ਕਰਨ ਸਬੰਧੀ ਨਾਦਰਸ਼ਾਹੀ ਫੁਰਮਾਨ ਜਾਰੀ ਕੀਤੇ ਜਾ ਰਹੇ ਹਨ , ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸੰਸਥਾ ਦੇ ਆਗੂਆਂ ਨੇ ਕਿਹਾ ਕਿ ਜੂਨ-ਜੁਲਾਈ ਭਾਵ 6-7 ਮਹੀਨਿਆਂ ਤੋਂ ਰੇਲਵੇ ਰੋਡ ਨੂੰ ਪੁੱਟਿਆ ਪਿਆ ਹੈ ਅਤੇ ਨਿਰਮਾਣ ਕਾਰਜਾਂ ਦਾ ਕੰਮ ਬਹੁਤ ਹੀ ਢਿੱਲੀ ਰਫਤਾਰ ਨਾਲ ਚੱਲ ਰਿਹਾ ਹੈ। ਆਗੂਆਂ ਨੇ ਮੰਗ ਕੀਤੀ ਕਿ ਵਿਕਾਸ ਕੰਮਾਂ ਦੇ ਮਾਪਦੰਡ , ਮਟੀਰੀਅਲ ਆਦਿ ਵੇਰਵਾ ਦਰਸਾਉਂਦੇ  ਬੋਰਡ ਲਗਾਉਣ ਅਤੇ ਇਨ੍ਹਾਂ ਵਿਕਾਸ ਕੰਮਾਂ ਸਬੰਧੀ ਸਬੰਧਤ ਏਰੀਏ , ਗਲੀ ਜਾਂ ਮੁਹੱਲਾ ਆਦਿ ਮੁਤਾਬਕ ਨਿਗਰਾਨ ਕਮੇਟੀਆਂ ਬਣਾਈਆਂ ਜਾਣ।  ਨਗਰ ਸੁਧਾਰ ਸਭਾ ਜਿਲ੍ਹਾ ਪ੍ਰਸ਼ਾਸਨ , ਸਬੰਧਤ ਸਥਾਨਕ ਸਰਕਾਰਾਂ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ ਸਾਰੇ ਵਿਕਾਸ ਕੰਮਾਂ ਨੂੰ ਸਮਾਂਬੱਧ ਅਰਸੇ ਵਿੱਚ ਜਲਦੀ ਮੁਕੰਮਲ ਕੀਤਾ ਜਾਵੇ ਅਤੇ ਉਕਤ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ। ਆਗੂਆਂ ਨੇ ਇੰਨਸਾਫ ਨਾ ਮਿਲਣ ‘ਤੇ ਨਗਰ ਸੁਧਾਰ ਸਭਾ ਵੱਲੋਂ ਸ਼ਹਿਰਵਾਸ਼ੀਆਂ ਨੂੰ ਨਾਲ ਲੈ ਕੇ ਸੰਘਰਸ਼ ਆਰੰਭਣ ਦੀ ਚੇਤਾਵਨੀ ਦਿੱਤੀ ਹੈ।

SARA YAHA

NO COMMENTS