*ਨਗਰ ਸੁਧਾਰ ਟਰੱਸਟ ਵੱਲੋਂ ਰਿਹਾਇਸ਼ੀ ਅਤੇ ਵਪਾਰਕ ਜਾਇਦਾਦਾਂ ਵੇਚਣ ਲਈ ਈ-ਨਿਲਾਮੀ ਪ੍ਰਕਿਰਿਆ 20 ਤੋਂ 22 ਫਰਵਰੀ ਤੱਕ*

0
47

ਜਨਵਰੀ 29 (ਸਾਰਾ ਯਹਾਂ/ਬਿਊਰੋ ਨਿਊਜ਼)ਕੈਬਨਿਟ ਮੰਤਰੀ ਨੇ ਕਿਹਾ ਕਿ ਨਗਰ ਸੁਧਾਰ ਟਰੱਸਟ ਹੁਸ਼ਿਆਰਪੁਰ ਵੱਲੋਂ ਆਪਣੀਆਂ ਵਿਕਾਸ ਸਕੀਮਾਂ ਵਿਚ ਰਿਹਾਇਸ਼ੀ ਅਤੇ ਵਪਾਰਕ ਜਾਇਦਾਦਾਂ ਨੂੰ ਆਨਲਾਈਨ ਵਿਧੀ ਰਾਹੀਂ ਈ-ਨਿਲਾਮੀ ਪ੍ਰਕਿਰਿਆ ਨਾਲ ਵੇਚਣ ਸਬੰਧੀ 20 ਫਰਵਰੀ ਤੋਂ 22 ਫਰਵਰੀ ਤੱਕ ਈ-ਨਿਲਾਮੀ ਰੱਖੀ ਗਈ ਹੈ।

ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਨਗਰ ਸੁਧਾਰ ਟਰੱਸਟ ਹੁਸ਼ਿਆਰਪੁਰ ਵੱਲੋਂ ਸ਼ਹਿਰ ਦਾ ਸਰਵਪੱਖੀ ਵਿਕਾਸ ਕੀਤਾ ਜਾ ਰਿਹਾ ਹੈ, ਜਿਸ ਲਈ ਟਰੱਸਟ ਵੱਲੋਂ ਲਗਾਤਾਰ ਕੰਮ ਕੀਤੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਪਾਰਦਰਸ਼ੀ ਨੀਤੀ ਤਹਿਤ ਨਗਰ ਸੁਧਾਰ ਟਰੱਸਟ ਦਫ਼ਤਰ ਵੱਲੋਂ ਈ-ਨਿਲਾਮੀ ਕੀਤੀ ਜਾ ਰਹੀ ਹੈ, ਜਿਸ ਵਿਚ ਸ਼ਹਿਰ ਵਾਸੀਆਂ ਲਈ ਖਾਸ ਤੌਰ ’ਤੇ ਜਾਇਦਾਦ ਦੀ ਕੀਮਤ ਵੀ ਘਟਾਈ ਗਈ ਹੈ।

ਉਹ ਅੱਜ ਨਗਰ ਸੁਧਾਰ ਟਰੱਸਟ ਦਫ਼ਤਰ ਵਿਖੇ ਈ-ਨਿਲਾਮੀ ਸਬੰਧੀ ਆਯੋਜਿਤ ਕੀਤੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਨਾਲ ਚੇਅਰਮੈਨ ਨਗਰ ਸੁਧਾਰ ਟਰੱਸਟ ਹਰਮੀਤ ਸਿੰਘ ਔਲਖ ਵੀ ਮੌਜੂਦ ਸਨ।

ਕੈਬਨਿਟ ਮੰਤਰੀ ਨੇ ਕਿਹਾ ਕਿ ਨਗਰ ਸੁਧਾਰ ਟਰੱਸਟ ਹੁਸ਼ਿਆਰਪੁਰ ਵੱਲੋਂ ਆਪਣੀਆਂ ਵਿਕਾਸ ਸਕੀਮਾਂ ਵਿਚ ਰਿਹਾਇਸ਼ੀ ਅਤੇ ਵਪਾਰਕ ਜਾਇਦਾਦਾਂ (ਪਲਾਟਾਂ, ਦੁਕਾਨਾਂ ਅਤੇ ਐਸ.ਸੀ.ਓ-ਕਮ-ਆਫਿਸ ਸਾਈਟਾਂ) ਨੂੰ ਆਨਲਾਈਨ ਵਿਧੀ ਰਾਹੀਂ ਈ-ਨਿਲਾਮੀ ਪ੍ਰਕਿਰਿਆ ਨਾਲ ਵੇਚਣ ਸਬੰਧੀ 20 ਫਰਵਰੀ ਤੋਂ 22 ਫਰਵਰੀ ਤੱਕ ਈ-ਨਿਲਾਮੀ ਰੱਖੀ ਗਈ ਹੈ। ਈ-ਨਿਲਾਮੀ ਸਬੰਧੀ ਵੈਬਸਾਈਟ https://www.tenderwiard.com/4L7P ’ਤੇ ਰਜਿਸਟ੍ਰੇਸ਼ਨ ਕਰਨ ਦੀ ਮਿਤੀ 26 ਜਨਵਰੀ 2024 ਸਵੇਰੇ 10 ਵਜੇ ਤੋਂ ਸ਼ੁਰੂ ਕੀਤੀ ਜਾ ਚੁੱਕੀ ਹੈ।

ਇਸ ਦੇ ਨਾਲ ਹੀ ਰਜਿਸਟ੍ਰੇਸ਼ਨ ਬੰਦ ਹੋਣ ਦੀ ਮਿਤੀ 16 ਫਰਵਰੀ ਸ਼ਾਮ 5 ਵਜੇ ਤੱਕ ਹੈ। ਉਨ੍ਹਾਂ ਕਿਹਾ ਕਿ ਟਰੱਸਟ ਵਲੋਂ ਚੇਅਰਮੈਨ ਹਰਮੀਤ ਸਿੰਘ ਔਲਖ ਦੀ ਅਗਵਾਈ ਵਿਚ ਨਵੀਂ ਸਕੀਮ 7.72 ਏਕੜ ਵਿਚ ਵਿਕਸਿਤ ਕੀਤੀ ਜਾ ਰਹੀ ਹੈ। ਜਿਸ ਵਿਚ ਸ਼ਹਿਰ ਵਾਸੀਆਂ ਲਈ ਰਿਹਾਇਸ਼ੀ ਪਲਾਟਾਂ ਦਾ ਡਰਾਅ ਵੀ ਕੱਢਿਆ ਜਾਵੇਗਾ। ਬਾਕੀ ਜਾਇਦਾਦ ਈ-ਨਿਲਾਮੀ ਵਿਧੀ ਰਾਹੀਂ ਵੇਚੀ ਜਾਵੇਗੀ।

ਸ਼ਹਿਰ ਵਿਚ ਵਿਕਸਿਤ ਸਕੀਮਾਂ ਵਿੱਚ ਅਤਿ-ਆਧੁਨਿਕ ਸੁਵਿਧਾਵਾਂ ਦੇਣ ਦਾ ਯਤਨ ਕੀਤਾ ਜਾਵੇਗਾ। ਸ਼ਹਿਰ ਵਿਚ ਪੁਰਾਣੀ ਕਚਹਿਰੀ ਵਾਲੀ ਥਾਂ ’ਤੇ ਪੰਜਾਬ ਸਰਕਾਰ ਵਲੋਂ ਵਧੀਆ ਪ੍ਰੋਜੈਕਟ ਲਿਆਂਦਾ ਜਾਵੇਗਾ।

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਚੇਅਰਮੈਨ ਨਗਰ ਸੁਧਾਰ ਟਰੱਸਟ ਹਰਮੀਤ ਸਿੰਘ ਔਲਖ ਨੇ ਦੱਸਿਆ ਕਿ ਸ਼ਹਿਰ ਦੇ ਵਿਕਾਸ ਵਿਚ ਕੋਈ ਕਮੀ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਸਾਰਾ ਕੰਮ ਪਾਰਦਰਸ਼ੀ ਢੰਗ ਨਾਲ ਕੀਤਾ ਜਾਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਦਫ਼ਤਰ ਨਗਰ ਸੁਧਾਰ ਟਰੱਸਟ ਹੁਸ਼ਿਆਰਪੁਰ ਵੱਲੋਂ ਰੱਖੀ ਗਈ ਈ-ਨਿਲਾਮੀ ਵਿਚ ਵੱਧ-ਚੜ੍ਹ ਕੇ ਹਿੱਸਾ ਲੈ ਕੇ ਸਰਕਾਰ ਦੀਆਂ ਸੇਵਾਵਾਂ ਦਾ ਲਾਭ ਲੈਣ।

ਉਨ੍ਹਾਂ ਦੱਸਿਆ ਕਿ ਸਕੀਮ ਨੰਬਰ 2 ਵਿਚ 14 ਰਿਹਾਇਸ਼ੀ ਪਲਾਟ ਅਤੇ ਇਕ ਬਣੀ ਹੋਈ ਦੁਕਾਨ, ਸਕੀਮ ਨੰਬਰ 10 ਵਿੱਚ 6 ਸ਼ਾਪ-ਕਮ-ਆਫਿਸ ਸਾਈਟ ਅਤੇ ਸਕੀਮ ਨੰਬਰ 11 ਵਿੱਚ 2 ਰਿਹਾਇਸ਼ੀ ਪਲਾਟ, ਬਣੀ ਹੋਈ ਦੁਕਾਨ (ਗਰਾਊਂਡ ਫਲੋਰ), 28 ਬਣੀਆਂ ਹੋਈਆਂ ਦੁਕਾਨਾਂ (ਫਸਟ ਫਲੋਰ) ਅਤੇ ਇਕ ਬਣੀ ਹੋਈ ਦੁਕਾਨ (ਫਸਟ ਫਲੋਰ) ਦੀ ਨਿਲਾਮੀ ਕੀਤੀ ਜਾਵੇਗੀ।

NO COMMENTS