*ਨਗਰ ਕੌਂਸਲ ਮਾਨਸਾ ਵੱਲੋਂ ‘ਇਕ ਤਾਰੀਖ, ਇਕ ਘੰਟਾ, ਇਕ ਸਾਥ’ ਸਫਾਈ ਮੁਹਿੰਮ ਤਹਿਤ ਸ਼ਹਿਰ ਦੀਆਂ ਜਨਤਕ ਥਾਵਾਂ ਦੀ ਸਫਾਈ ਕੀਤੀ*

0
32

ਮਾਨਸਾ, 01 ਅਕਤੂਬਰ: (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):
ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਦੀਆਂ ਹਦਾਇਤਾਂ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਵਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਨਗਰ ਕੌਂਸਲ ਮਾਨਸਾ ਵੱਲੋਂ ਗਾਂਧੀ ਜਯੰਤੀ ਦੇ ਮੱਦੇਨਜ਼ਰ ਪ੍ਰਧਾਨ ਨਗਰ ਕੌਂਸਲ ਸ੍ਰੀ ਵਿਜੇ ਕੁਮਾਰ ਅਤੇ ਕਾਰਜਸਾਧਕ ਅਫ਼ਸਰ ਸ੍ਰੀ ਬਿਪਨ ਕੁਮਾਰ ਦੀ ਅਗਵਾਈ ਵਿਚ ‘ਇਕ ਤਾਰੀਖ, ਇਕ ਘੰਟਾ, ਇੱਕ ਸਾਥ’  ਸਫਾਈ ਮੁਹਿੰਮ ਚਲਾਈ ਗਈ।
       ਕਾਰਜ ਸਾਧਕ ਅਫਸਰ ਸ੍ਰੀ ਬਿਪਨ ਕੁਮਾਰ ਨੇ ਦੱਸਿਆ ਕਿ ਇਸ ਦਿਨ ਵੱਖ ਵੱਖ ਸੰਸਥਾਵਾਂ ਅਤੇ ਨਗਰ ਕੌਂਸਲ ਮਾਨਸਾ ਦੇ ਸਮੂਹ ਸਟਾਫ ਵੱਲੋ ਸਹਿਰ ਦੀਆ ਵੱਖ ਵੱਖ ਜਨਤਕ ਥਾਵਾਂ ’ਤੇ ਸਫਾਈ ਕੀਤੀ ਗਈ ਅਤੇ ਇੰਨ੍ਹਾਂ ਥਾਵਾਂ ਦੇ ਆਸ ਪਾਸ ਤੋ ਪਲਾਸਟਿਕ, ਕੁੜਾ ਆਦਿ ਇੱਕਠਾ ਕਰਕੇ ਸ਼ਹਿਰ ਦੇ ਵੱਖ ਵੱਖ ਐਮ.ਆਰ.ਐਫ.ਸੈਡਾਂ ’ਚ ਭੇਜਿਆ ਗਿਆ।
      ਇਸ ਦੌਰਾਨ ਪ੍ਰਧਾਨ ਨਗਰ ਕੌਂਸਲ ਸ੍ਰੀ ਵਿਜੈ ਕੁਮਾਰ ਵੱਲੋ ਇਸ ਮੁਹਿਮ ਨੂੰ ਸਫਲ ਕਰਨ ਲਈ ਖੁਦ ਨੂੰ ਸਫਾਈ ਅਭਿਆਨ ਵਿਚ ਸ਼ਾਮਲ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮਾਨਸਾ ਸ਼ਹਿਰ ਨੂੰ ਸਾਫ ਸੁਥਰਾ ਬਣਾਉਣ ਲਈ ਦਿਨ ਰਾਤ ਯਤਨ ਕੀਤੇ ਜਾ ਰਹੇ ਹਨ ਅਤੇ ਸਹਿਰ ਵਿੱਚ ਕੋਈ ਵੀ ਕੂੜੇ ਦਾ ਢੇਰ ਨਹੀਂ ਰਹਿਣ ਦਿੱਤਾ ਜਾਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸਿੰਗਲ ਯੂਜ ਪਲਾਸਟਿਕ, ਪਲਾਸਟਿਕ ਦੇ ਲਿਫਾਫੇ ਅਤੇ ਹੋਰ ਪਲਾਸਟਿਕ ਥਰਮੋਕੋਲ ਮਟੀਰੀਅਲ ਦੀ ਵਰਤੋਂ ਨਾ ਕੀਤੀ ਜਾਵੇ ਅਤੇ ਕੂੜਾ ਨਾ ਜਲਾਇਆ ਜਾਵੇ, ਕਿਉਕਿ ਇਹ ਸਿਹਤ ਅਤੇ ਵਾਤਾਵਰਨ ਲਈ ਬਹੁਤ ਹੀ ਹਾਨੀਕਾਰਕ ਹਨ।
       ਉਨ੍ਹਾਂ ਕਿਹਾ ਕਿ ਘਰਾਂ ਅਤੇ ਦੁਕਾਨਾ ਵਿੱਚ ਇਕੱਠਾ ਹੋਏ ਗਿੱਲੇ ਅਤੇ ਸੁੱਕੇ ਕੂੜੇ ਨੂੰ ਅਲੱਗ ਅਲੱਗ ਕਰਕੇ ਕੂੜਾ ਇੱਕਠਾ ਕਰਨ ਵਾਲੀਆਂ ਰੇਹੜ੍ਹੀਆਂ ਵਿਚ ਪਾਇਆ ਜਾਵੇ ਤਾਂ ਜੋ ਇਸ ਕੂੜੇ ਨੂੰ ਐਮ.ਆਰ.ਐਫ. ਸ਼ੈੱਡ ਵਿਚ ਭੇਜ ਕੇ ਰੀਸਾਇਕਲ ਕਰਕੇ ਉਸ ਨੂੰ ਖਤਮ ਕੀਤਾ ਜਾ ਸਕੇ। ਉਨ੍ਹਾਂ ਲੋਕਾਂ ਨੂੰ ਸਾਫ ਸਫਾਈ ਦੀ ਇਸ ਮੁਹਿੰਮ ’ਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ।

NO COMMENTS