ਮਾਨਸਾ 17 ਮਈ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)ਨਗਰ ਕੌਂਸਲ ਮਾਨਸਾ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਆਪਣੇ ਸਾਥੀਆਂ ਸੋਸ਼ਲਿਸਟ ਪਾਰਟੀ ਦੇ ਆਗੂ ਹਰਿੰਦਰ ਸਿੰਘ ਮਾਨਸ਼ਾਹੀਆ, ਸਮਾਜ ਸੇਵੀ ਡਾਕਟਰ ਲਖਵਿੰਦਰ ਸਿੰਘ ਮੂਸਾ, ਨਰਿੰਦਰ ਕੁਮਾਰ ਟੀਨੂੰ ਜੀ ਅਤੇ ਜਗਦੀਪ ਸਿੰਘ ਤੋਤੀ ਮਾਨਸ਼ਾਹੀਆ ਨਾਲ ਅੱਜ ਲੜੀਵਾਰ ਭੁੱਖ ਹੜਤਾਲ ਤੇ ਬੈਠ ਗਏ। ਉਹਨਾਂ ਨੇ ਸਖ਼ਤ ਸ਼ਬਦਾਂ ਵਿੱਚ ਅਫ਼ਸਰਸ਼ਾਹੀ ਦੇ ਸੀਵਰੇਜ ਦੀ ਸਮੱਸਿਆ ਦੇ ਹੱਲ ਨੂੰ ਤਰਜੀਹ ਨਾ ਦੇਣ ਦੀ ਅਲੋਚਨਾ ਕਰਦਿਆਂ ਕਿਹਾ ਕਿ ਹਾਲੇ ਤੱਕ ਸੁਪਰ ਸੱਕਸ਼ਨ ਮਸ਼ੀਨਾਂ ਨਾ ਚੱਲਣਾ ਵੀ ਲੋਕਾਂ ਨੂੰ ਸੜਕਾਂ ਤੇ ਉਤਰਨ ਲਈ ਮਜ਼ਬੂਰ ਕਰ ਰਿਹਾ ਹੈ। ਉਹਨਾਂ ਕਿਹਾ ਕਿ ਜਿੱਥੇ ਐਨੀ ਗਰਮੀ ਵਿਚ ਲੋਕ ਪਿਛਲੇ 17 ਦਿਨ ਤੋਂ ਲੜੀਵਾਰ ਭੁੱਖ ਹੜਤਾਲ ਤੇ ਬੈਠ ਰਹੇ ਹਨ ਉਥੇ ਪ੍ਰਸ਼ਾਸਨ ਪਤਾ ਨਹੀਂ ਕਿਉਂ ਮਸਲਾ ਹੱਲ ਨਹੀਂ ਕਰਨਾ ਚਾਹੁੰਦਾ ਹੈ ਤੇ ਇਸੇ ਤਹਿਤ ਹੀ ਉਂਚ ਅਧਿਕਾਰੀਆਂ ਦੀ ਥਰਮਲ ਪਲਾਂਟ ਬਣਾਂਵਾਲੀ ਨੂੰ ਟਰੀਟਮੈਂਟ ਪਲਾਂਟ ਦਾ ਪਾਣੀ ਲੈਣ ਲਈ ਦਬਾਅ ਬਣਾਉਣ ਵਾਸਤੇ ਰੱਖੀ ਗਈ ਮੀਟਿੰਗ ਵੀ ਨਹੀਂ ਹੋ ਸਕੀ ਹੈ। ਇਸ ਮੌਕੇ ਬੋਲਦਿਆਂ ਕਾਮਰੇਡ ਸ਼ਿਵ ਚਰਨ ਸੂਚਨ ਨੇ ਸਰਕਾਰ ਨੂੰ ਮੁਢਲੀਆਂ ਸਹੂਲਤਾਂ ਵੀ ਨਾ ਦੇ ਸਕਣ ਕਰਕੇ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਚੋਣ ਜ਼ਾਬਤੇ ਵਿੱਚ ਇਸ ਸਮੱਸਿਆ ਦੇ ਹੱਲ ਲਈ ਫੰਡ ਜਾਰੀ ਕਰਾਉਣ ਲਈ ਉਪਰਾਲੇ ਨਾ ਕਰਨਾ ਲੋਕ ਭਲਾਈ ਲਈ ਵਚਨਬੱਧ ਨਾ ਹੋਣ ਦਾ ਹੀ ਨਤੀਜਾ ਹੈ। ਜ਼ਿਲ੍ਹਾ ਮਾਨਸਾ ਦੇ ਸਮੂਹ ਪੈਨਸ਼ਨਰਜ਼ ਐਸੋਸੀਏਸ਼ਨ ਦੇ ਮੈਂਬਰਾਂ ਨੇ ਵੀ ਅੱਜ ਧਰਨੇ ਵਿੱਚ ਭਾਗ ਲਿਆ ਤੇ ਉਹਨਾਂ ਦੇ ਆਗੂ ਲਖਣ ਲਾਲ ਮੌੜ ਨੇ ਸ਼ਹਿਰ ਵਿੱਚ ਪੈਨਸ਼ਨਰਜ਼ ਨੂੰ ਸੀਵਰੇਜ਼ ਦੀ ਸਮੱਸਿਆ ਕਰਕੇ ਹੋਣ ਵਾਲੀਆਂ ਬੀਮਾਰੀਆਂ ਤੋਂ ਵੀ ਬਚਾਅ ਕਰਨ ਲਈ ਪ੍ਰਸ਼ਾਸਨ ਤੋਂ ਮੰਗ ਕੀਤੀ। ਬਿਜਲੀ ਬੋਰਡ ਪੈਨਸ਼ਨਰਜ਼ ਯੂਨੀਅਨ ਆਗੂ ਸਤਿਨਾਮ ਚੰਦ ਨੇ ਕਵਿਤਾ ਦੇ ਰੂਪ ਵਿੱਚ ਸੀਵਰੇਜ਼ ਦੀ ਸਮੱਸਿਆ ਤੇ ਵਿਚਾਰ ਪੇਸ਼ ਕਰਦਿਆਂ ਇਸ ਸਮੱਸਿਆ ਦੇ ਹੱਲ ਲਈ ਲੋਕਾਂ ਦੀ ਮੰਗ ਮੁਤਾਬਿਕ ਕੰਮ ਨਾ ਕਰ ਸਕਣ ਲਈ ਜ਼ਿਲ੍ਹਾ ਅਤੇ ਸਥਾਨਕ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ। ਸਾਬਕਾ ਕੌਂਸਲਰ ਜਤਿੰਦਰ ਆਗਰਾ, ਸਾਬਕਾ ਪੀ ਸੀ ਐਸ ਅਧਿਕਾਰੀ ਸੇਠੀ ਸਿੰਘ ਸਰਾਂ, ਨਰਿੰਦਰ ਸ਼ਰਮਾ ਐਸ ਡੀ ਓ ਨੇ ਪ੍ਰਸ਼ਾਸਨ ਨੂੰ ਲੋਕਾਂ ਕੇ ਦੀ ਮੰਗ ਪ੍ਰਤੀ ਗੰਭੀਰ ਹੋਣ ਦੀ ਸਲਾਹ ਦਿੰਦਿਆਂ ਕਿਹਾ ਕਿ 17 ਦਿਨਾਂ ਵਿਚ ਵੀ ਸ਼ਹਿਰ ਵਿਚ ਸਫਾਈ ਲਈ ਮਸ਼ੀਨਾਂ ਨਾ ਚੱਲਣ ਕਰਕੇ ਲੋਕਾਂ ਵਿਚ ਰੋਸ ਦਿਨੋਂ ਦਿਨ ਵਧ ਰਿਹਾ ਹੈ ਤੇ ਹੁਣ ਲੋਕ ਲਹਿਰ ਨੂੰ ਹੋਰ ਮਜ਼ਬੂਤ ਕਰਨ ਲਈ ਸ਼ਹਿਰ ਦੀਆਂ ਸਾਰੀਆਂ ਸਮਾਜਿਕ ਜਥੇਬੰਦੀਆਂ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਜਲਦੀ ਹੀ ਕੋਈ ਵੱਡੇ ਪ੍ਰੋਗਰਾਮ ਦੇਣ ਲਈ ਤਤਪਰ ਹਨ। ਇਸ ਮੌਕੇ ਸੀਨੀਅਰ ਸਿਟੀਜਨ ਆਗੂ ਬਿੱਕਰ ਸਿੰਘ ਮਘਾਣੀਆਂ ਨੇ ਮਰਨ ਵਰਤ ਤੇ ਬੈਠਣ ਲਈ ਆਪਣੇ ਆਪ ਨੂੰ ਪੇਸ਼ ਕੀਤਾ। ਸ਼ਾਮ ਨੂੰ ਧਰਨੇ ਤੇ ਬੈਠੇ ਵਿਅਕਤੀਆਂ ਨੂੰ ਜੂਸ ਪਿਲਾਉਣ ਸਮੇਂ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਵਾਇਸ ਆਫ ਮਾਨਸਾ ਸੰਸਥਾ ਨੂੰ ਪ੍ਰਧਾਨ ਨੇ ਸਨਾਤਨ ਧਰਮ ਸਭਾ, ਆੜਤੀਆਂ ਯੂਨੀਅਨ, ਜ਼ਿਲ੍ਹਾ ਬਾਲ ਐਸੋਸੀਏਸ਼ਨ, ਪੈਨਸ਼ਨਰਜ਼ ਯੂਨੀਅਨ ਵੱਲੋਂ ਲਗਾਤਾਰ ਧਰਨੇ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ। ਹਰਿੰਦਰ ਸਿੰਘ ਮਾਨਸ਼ਾਹੀਆ ਨੇ ਇਸ ਮੌਕੇ ਕਿਹਾ ਕਿ ਵੱਖ ਵੱਖ ਵਾਰਡਾਂ ਦੇ ਵਿਚ ਗੰਦਾ ਪਾਣੀ ਖੜ੍ਹਾ ਹੋਣਾ ਦਿਨੋਂ ਦਿਨ ਵੱਧ ਰਿਹਾ ਹੈ ਤੇ ਜਿਸ ਕਰਕੇ ਭਿਆਨਕ ਬੀਮਾਰੀਆਂ ਦਾ ਫੈਲਾਅ ਹੋਣ ਦੀ ਸੰਭਾਵਨਾ ਬਹੁਤ ਵੱਧ ਗਈ ਹੈ। ਉਹਨਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਇਸ ਸਮੱਸਿਆ ਨੂੰ ਤਰਜੀਹ ਦੇ ਆਧਾਰ ਤੇ ਹੱਲ ਕਰਨ ਦੀ ਮੰਗ ਵੀ ਕੀਤੀ। ਇਸ ਮੌਕੇ ਜਗਸੀਰ ਸਿੰਘ ਢਿੱਲੋਂ, ਬਿਕਰਮਜੀਤ ਟੈਕਸਲਾ, ਇਕਬਾਲ ਸਿੰਘ, ਮੇਜਰ ਸਿੰਘ, ਦਰਸ਼ਨ ਸਿੰਘ, ਏਕਨੂਰ ਵੇਲਫੇਅਰ ਸੋਸਾਇਟੀ ਦੀਆਂ ਵਲੰਟੀਅਰ ਔਰਤਾਂ ਵੀ ਵੱਡੀ ਗਿਣਤੀ ਵਿੱਚ ਧਰਨੇ ਵਿੱਚ ਸ਼ਾਮਿਲ ਹੋਈਆਂ।