09 ਜੂਨ (ਸਾਰਾ ਯਹਾਂ/ਬਿਊਰੋ ਨਿਊਜ਼)ਜਲੰਧਰ ਦੇ ਨਕੋਦਰ ਰੇਲਵੇ ਸਟੇਸ਼ਨ ‘ਤੇ ਬਿਜਲੀ ਦਾ ਕਰੰਟ ਲੱਗਣ ਕਰਕੇ ਇਕ ਮੁਲਾਜ਼ਮ ਦੀ ਮੌਤ ਹੋ ਗਈ।
ਜਲੰਧਰ ਦੇ ਨਕੋਦਰ ਰੇਲਵੇ ਸਟੇਸ਼ਨ ‘ਤੇ ਬਿਜਲੀ ਦਾ ਕਰੰਟ ਲੱਗਣ ਕਰਕੇ ਇਕ ਮੁਲਾਜ਼ਮ ਦੀ ਮੌਤ ਹੋ ਗਈ। 35 ਸਾਲਾ ਦੁਰਗੇਸ਼ ਕੁਮਾਰ ਨਕੋਦਰ ਰੇਲਵੇ ਸਟੇਸ਼ਨ ਦੇ ਆਊਟਰ ਸਿਗਨਲ ‘ਤੇ ਕੰਮ ਕਰ ਰਿਹਾ ਸੀ। ਇਸ ਦੌਰਾਨ ਇਹ ਹਾਦਸਾ ਵਾਪਰਿਆ। ਦੱਸ ਦਈਏ ਕਿ ਦੁਰਗੇਸ਼ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ। ਜਲੰਧਰ ਜੀਆਰਪੀ ਥਾਣੇ ਦੀ ਪੁਲਿਸ ਨੇ ਦੁਰਗੇਸ਼ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਨਕੋਦਰ ਸਿਵਲ ਹਸਪਤਾਲ ਭੇਜ ਦਿੱਤਾ ਹੈ।
ਥਾਣਾ ਜੀਆਰਪੀ ਦੇ ਏਐਸਆਈ ਜਸਪਾਲ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਸ਼ਾਮ ਨੂੰ ਸੂਚਨਾ ਮਿਲੀ ਸੀ ਕਿ ਉਕਤ ਥਾਂ ‘ਤੇ ਅਜਿਹਾ ਹਾਦਸਾ ਵਾਪਰ ਗਿਆ ਹੈ। ਜਿਸ ਤੋਂ ਬਾਅਦ ਉਹ ਤੁਰੰਤ ਆਪਣੀ ਟੀਮ ਨਾਲ ਮੌਕੇ ‘ਤੇ ਪਹੁੰਚ ਗਏ। ਜਾਂਚ ‘ਚ ਸਾਹਮਣੇ ਆਇਆ ਕਿ ਦੁਰਗੇਸ਼ ਸਣੇ ਨਕੋਦਰ ਸਟੇਸ਼ਨ ‘ਤੇ ਕਰੀਬ 10 ਤੋਂ 12 ਵਿਅਕਤੀ ਸਿਗਨਲ ਰਿਪੇਅਰ ਦਾ ਕੰਮ ਕਰ ਰਹੇ ਸਨ। ਆਊਟਰ ਰੋਡ ਸਿਗਨਲ ਦੀ ਮੁਰੰਮਤ ਕਰਦਿਆਂ ਹੋਇਆਂ ਉਸ ਨੂੰ ਅਚਾਨਕ ਬਿਜਲੀ ਦਾ ਕਰੰਟ ਲੱਗ ਗਿਆ।
ਉਸ ਨੂੰ ਤੁਰੰਤ ਨਕੋਦਰ ਸਿਵਲ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਦੁਰਗੇਸ਼ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਨਕੋਦਰ ਦੇ ਮੁਰਦਾ ਘਰ ਵਿੱਚ ਰਖਵਾਇਆ ਗਿਆ ਹੈ। ਅੱਜ ਡਾਕਟਰਾਂ ਦਾ ਇੱਕ ਪੈਨਲ ਦੁਰਗੇਸ਼ ਦਾ ਪੋਸਟਮਾਰਟਮ ਕਰੇਗਾ। ਇਸ ਦੇ ਨਾਲ ਹੀ ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਨੂੰ ਸਾਰੀ ਘਟਨਾ ਦੀ ਜਾਣਕਾਰੀ ਦੇ ਦਿੱਤੀ ਹੈ। ਪਰਿਵਾਰ ਦੇ ਆਉਣ ਤੋਂ ਬਾਅਦ ਉਨ੍ਹਾਂ ਦੇ ਬਿਆਨ ਦਰਜ ਕੀਤੇ ਜਾਣਗੇ। ਜਿਸ ਤੋਂ ਬਾਅਦ ਪੁਲਿਸ ਅਗਲੀ ਕਾਰਵਾਈ ਕਰੇਗੀ।