*ਪ੍ਰਧਾਨ ਮੰਤਰੀ ਮੋਦੀ ਨਾਲ ਮੀਟਿੰਗ ‘ਚ ਹੀ ਕੇਜਰੀਵਾਲ ਨੇ ਕਰ ਦਿੱਤਾ ਕਾਂਡ, ਤਿੱਖੇ ਸਵਾਲ ਹੋ ਗਏ ਟੀਵੀ ‘ਤੇ ਪ੍ਰਸਾਰਿਤ*

0
129

ਨਵੀਂ ਦਿੱਲੀ 23 ਅਪ੍ਰੈਲ (ਸਾਰਾ ਯਹਾਂ/ਬਿਊਰੋ ਰਿਪੋਰਟ): ਦੇਸ਼ ਭਰ ’ਚ ਕੋਰੋਨਾ ਸੰਕਟ ਦੌਰਾਨ ਆਕਸੀਜਨ ਤੇ ਹਸਪਤਾਲਾਂ ’ਚ ਬਿਸਤਰਿਆਂ ਦੀ ਕਮੀ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 10 ਸਭ ਤੋਂ ਵੱਧ ਪ੍ਰਭਾਵਿਤ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਕੀਤੀ। ਵੀਡੀਓ ਕਾਨਫ਼ਰੰਸਿੰਗ ਰਾਹੀਂ ਹੋਈ ਇਸ ਮੀਟਿੰਗ ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਹਿੱਸਾ ਲਿਆ ਤੇ ਰਾਜਧਾਨੀ ’ਚ ਆਕਸੀਜਨ ਦੀ ਕਮੀ ਦਾ ਮੁੱਦਾ ਚੁੱਕਿਆ। ਮੀਟਿੰਗ ਦੇ ਹਿੱਸੇ ਟੀਵੀ ਉੱਤੇ ਸਿੱਧੇ ਪ੍ਰਸਾਰਿਤ ਹੋਏ; ਜਿਸ ਵਿੱਚ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਦੇ ਸਾਹਮਣੇ ਕੁਝ ਤਿੱਖੇ ਸੁਆਲ ਕੀਤੇ।

ਅਰਵਿੰਦ ਕੇਜਰੀਵਾਲ ਨੇ ਕਿਹਾ,‘ਸਾਨੂੰ ਤੁਹਾਡੇ ਮਾਰਗ ਦਰਸ਼ਨ ਦੀ ਜ਼ਰੂਰਤ ਹੈ। ਦਿੱਲੀ ’ਚ ਆਕਸੀਜਨ ਦੀ ਭਾਰੀ ਕਿੱਲਤ ਹੈ। ਜੇ ਇੱਥੇ ਆਕਸੀਜਨ ਦਾ ਪਲਾਂਟ ਨਹੀਂ, ਤਾਂ ਕੀ ਦਿੱਲੀ ਦੇ ਲੋਕਾਂ ਨੂੰ ਆਕਸੀਜਨ ਨਹੀਂ ਮਿਲੇਗੀ? ਕ੍ਰਿਪਾ ਕਰਕੇ ਮੈਨੂੰ ਦੱਸੋ ਕਿ ਜਦੋਂ ਦਿੱਲੀ ਲਈ ਅਧਿਕਾਰਤ ਆਕਸੀਜਨ ਟੈਂਕਰ ਕਿਸੇ ਹੋਰ ਰਾਜ ਵਿੱਚ ਰੋਕ ਲਿਆ ਜਾਂਦਾ ਹੈ, ਤਾਂ ਅਜਿਹੀ ਹਾਲਤ ਵਿੱਚ ਕੇਂਦਰ ਵਿੱਚ ਮੈਂ ਕਿਸ ਨਾਲ ਗੱਲ ਕਰਾਂ?’

ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੰਗਾਲ ਤੇ ਓੜੀਸ਼ਾ ਜਿਹੇ ਰਾਜਾਂ ਨੂੰ ਅਕਾਸੀਜਨ ਸਿਲੰਡਰ ਏਅਰ ਲਿਫ਼ਟ ਕਰਵਾਉਣ ਦਾ ਸੁਝਾਅ ਵੀ ਦਿੱਤਾ। ਕੇਜਰੀਵਾਲ ਨੇ ਕਿਹਾ ਪੀਐਮ ਸਰ, ਪਲੀਜ਼ ਇਨ੍ਹਾਂ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਫ਼ੋਨ ਕਰੋ, ਜਿੱਥੇ ਸਭ ਤੋਂ ਜ਼ਿਆਦਾ ਟੈਂਕਰ ਰੁਕੇ ਹੋਏ ਹਨ, ਤਾਂ ਜੋ ਆਕਸੀਜਨ ਦਿੱਲੀ ਪੁੱਜ ਸਕੇ।

ਕੇਜਰੀਵਾਲ ਜਦੋਂ ਪ੍ਰਧਾਨ ਮੰਤਰੀ ਮੋਦੀ ਸਾਹਮਣੇ ਆਪਣੀਆਂ ਗੱਲਾਂ ਰੱਖ ਰਹੇ ਸਨ, ਉਸ ਸੈਸ਼ਨ ਨੂੰ ਕੁਝ ਪ੍ਰਾਈਵੇਟ ਨਿਊਜ਼ ਚੈਨਲਾਂ ਰਾਹੀਂ ਟੀਵੀ ਉੱਤੇ ਸਿੱਧਾ ਵਿਖਾਇਆ ਗਿਆ। ਐੱਨਡੀਟੀਵੀ ਦੀ ਰਿਪੋਰਟ ਅਨੁਸਾਰ ਸਰਕਾਰ ਦੇ ਸੂਤਰਾਂ ਨੇ ਦੱਸਿਆ ਕਿ ਇਹ ਪਹਿਲਾਂ ਤੋਂ ਤੈਅ ਨਹੀਂ ਸੀ। ਸਰਕਾਰੀ ਸੂਤਰ ਹੁਣ ਕੇਜਰੀਵਾਲ ਉੱਤੇ ਪੂਰੇ ਮੁੱਦੇ ਨੂੰ ਲੈ ਕੇ ਟੀਵੀ ਰਾਹੀਂ ਸਿਆਸਤ ਕਰਨ ਦਾ ਦੋਸ਼ ਲਾ ਰਹੇ ਹਨ।

ਇੱਕ ਸੂਤਰ ਨੇ ਕਿਹਾ ਕਿ ਪਹਿਲੀ ਵਾਰ ਪੀਐਮ ਦੀ ਮੁੱਖ ਮੰਤਰੀਆਂ ਨਾਲ ਨਿੱਜੀ ਮੀਟਿੰਗ ਨੂੰ ਟੈਲੀਵਿਜ਼ਨ ਉੱਤੇ ਵਿਖਾਇਆ ਗਿਆ। ਇੰਝ ਜਾਪਦਾ ਹੈ ਕਿ ਉਨ੍ਹਾਂ ਦਾ ਪੂਰਾ ਭਾਸ਼ਣ ਕਿਸੇ ਹੱਲ ਦੀ ਕੋਸ਼ਿਸ਼ ਨਹੀਂ ਸੀ, ਸਗੋਂ ਸਿਆਸਤ ਖੇਡਣ ਤੇ ਜ਼ਿੰਮੇਵਾਰੀ ਕਿਸੇ ਹੋਰ ਦੇ ਮੋਢੇ ਉੱਤੇ ਪਾਉਣ ਦੀ ਸੀ।

ਸੂਤਰ ਇਹ ਦੋਸ਼ ਵੀ ਲਾ ਰਹੇ ਹਨ ਪਿਛਲੀ ਕੋਵਿਡ ਮੀਟਿੰਗ ਵਿੱਚ ਕੇਜਰੀਵਾਲ ‘ਹੱਸਦਿਆਂ ਉਬਾਸੀ ਲੈਂਦੇ’ ਵਿਖਾਈ ਦਿੱਤੇ ਸਨ। ਗ਼ੌਰਤਲਬ ਹੈ ਕਿ ਦਿੱਲੀ ਦੇ ਕਈ ਹਸਪਤਾਲਾਂ ਵਿੱਚ ਪਿਛਲੇ ਕੁਝ ਦਿਨਾਂ ਤੋਂ ਆਕਸੀਜਨ ਦੀ ਕਮੀ ਹੈ। ਸਰ ਗੰਗਾਰਾਮ ਹਸਪਤਾਲ ’ਚ ਹੀ ਪਿਛਲੇ 24 ਘੰਟਿਆਂ ਅੰਦਰ ਆਕਸੀਜਨ ਦੀ ਘਾਟ ਕਾਰਣ 25 ਮਰੀਜ਼ਾਂ ਦੀ ਮੌਤ ਦੀ ਖ਼ਬਰ ਆਈ ਹੈ। ਕੁਝ ਅਜਿਹੇ ਹੀ ਹਾਲਾਤ ਮੈਕਸ ਸਾਕੇਤ ਹਸਪਤਾਲ ਦੇ ਵੀ ਸਨ। ਸ਼ੁੱਕਰਵਾਰ ਸਵੇਰੇ ਇਨ੍ਹਾਂ ਥਾਵਾਂ ਉੱਤੇ ਆਕਸੀਜਨ ਪਹੁੰਚਾਈ ਗਈ।

ਦੱਸਦੇ ਚੱਲੀਏ ਕਿ ਭਾਰਤ ’ਚ ਕੋਰੋਨਾ ਦੀ ਲਾਗ ਦੇ ਪਿਛਲੇ 24 ਘੰਟਿਆਂ ਅੰਦਰ ਤਿੰਨ ਲੱਖ 32 ਹਜ਼ਾਰ 730 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ 2,263 ਵਿਅਕਤੀਆਂ ਦੀ ਜਾਨ ਵੀ ਚਲੀ ਗਈ ਹੈ। ਇਸ ਦੇ ਨਾਲ ਹੀ ਦੇਸ਼ ਵਿੱਚ ਕੋਰੋਨਾ ਕਰ ਕੇ ਮਰਨ ਵਾਲਿਆਂ ਦੀ ਗਿਣਤੀ ਹੁਣ 1 ਲੱਖ 86 ਹਜ਼ਾਰ 920 ਹੋ ਗਈ ਹੈ। ਇਸ ਵੇਲੇ ਦੇਸ਼ ਅੰਦਰ ਐਕਟਿਵ ਕੇਸ 24 ਲੱਖ 28 ਹਜ਼ਾਰ 616 ਹਨ।

NO COMMENTS