28,ਮਾਰਚ (ਸਾਰਾ ਯਹਾਂ/ਜੋਨੀ ਜਿੰਦਲ) : ਇੱਥੇ ਵਾਟਰ ਵਰਕਸ ਰੋਡ ਸਥਿਤ ਕੇਨਰਾ ਬੈਂਕ ਦੀ ਸ਼ਾਖਾ ਦੇ ਬਾਹਰ ਆਲ ਇੰਡੀਆ ਬੈਂਕ ਇੰਮਲਾਈਜ ਐਸੋਸੀਏਸ਼ਨ ਅਤੇ ਆਲ ਇੰਡੀਆ ਬੈਂਕ ਆਫੀਸਰ ਐਸੋਸੀਏਸ਼ਨ ਦੇ ਬੈਨਰ ਹੇਠ ਦਸ ਹੋਰ ਟਰੇਡ ਯੂਨੀਅਨਾਂ ਨਾਲ ਮਿਲਕੇ ਮੁਲਾਜਮ ਜੱਥੇਬੰਦੀਆਂ ਦੇ ਵੱਖ-ਵੱਖ ਬੈਂਕਾਂ ਦੇ ਬੈਂਕ ਕਰਮਚਾਰੀਆਂ ਤੇ ਅਧਿਕਾਰੀਆ ਨੇ ਕੇਂਦਰ ਸਰਕਾਰ ਵਿਰੁੱਧ ਜਬਰਦਸਤ ਨਾਹਰੇਬਾਜੀ ਤੇ ਤਿੱਖੀ ਸੁਰ ਵਿੱਚ ਤਕਰੀਰਾਂ ਕੀਤੀਆਂ। ਜਿਕਰਯੋਗ ਹੈ ਕਿ ਅੱਜ ਦੇਸ਼ ਭਰ ਦੇ ਲਗਭਗ 5 ਲੱਖ ਮੁਲਾਜ਼ਮ ਅਤੇ ਅਧਿਕਾਰੀ ਸਰਕਾਰ ਦੁਆਰਾ ਬੈਂਕਾਂ ਦਾ ਨਿੱਜੀਕਰਨ ਕਰਨ ਦੇ ਫੈਸਲੇ ਦੇ ਖਿਲਾਫ ਹੜਤਾਲ ਤੇ ਹਨ। ਇੰਨਾ ਵਿਚ ਪੁਰਾਣੀ ਪੈਨਸ਼ਨ ਬਹਾਲ ਕਰਨ, ਕੱਚੇ ਕਾਮਿਆਂ ਨੂੰ ਪੱਕੇ ਕਰਨ, ਆਊਟਸੋਰਸਿੰਗ ਬੰਦ ਕਰਨ, ਸੰਯੁਕਤ ਕਿਸਾਨ ਮੋਰਚੇ ਦੀਆਂ ਮੰਗਾ ਵੀ ਸ਼ਾਮਿਲ ਸਨ।
ਬੈਂਕ ਕਰਮੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੇਨਰਾ ਬੈਂਕ ਯੂਨੀਅਨ ਦੇ ਸਟੇਟ ਮੈਂਬਰ ਕਾਮਰੇਡ ਕੁਲਦੀਪ ਰਾਏ ਨੇ ਦੱਸਿਆ ਕਿ ਅੱਜ ਦੀ ਹੜਤਾਲ ਦੇਸ਼ ਦੀ ਤਾਨਾਸ਼ਾਹ ਮੋਦੀ ਹਕੂਮਤ ਦੇ ਖਿਲਾਫ ਹੈ ਜੋ ਕਿ ਹਰ ਪਬਲਿਕ ਸੈਕਟਰ ਅਦਾਰੇ ਨੂੰ ਨਿੱਜੀ ਹੱਥਾਂ ਵਿੱਚ ਸੌਂਪਣ ਜਾ ਰਹੀ ਹੈ। ਇਸੇ ਤਰਜ਼ ਉੱਪਰ ਹੁਣ ਮੋਦੀ ਹਕੂਮਤ ਦੀ ਨਿਗ੍ਹਾ ਦੇਸ਼ ਦੀ ਆਰਥਿਕਤਾ ਦਾ ਧੁਰਾ ‘ਸਰਕਾਰੀ ਬੈਂਕਾਂ’ ਉੱਪਰ ਆ ਟਿਕੀ ਹੈ ਅਤੇ ਹੁਣ ਇਹ ਇਹਨਾਂ ਬੈਂਕਾਂ ਨੂੰ ਆਪਣੇ ਚੰਦ ‘ਜੁੰਡੀ ਦੇ ਯਾਰਾਂ’ ਨੂੰ ਸੌਂਪਣ ਤੇ ਤੁਲੀ ਹੈ।
ਮੁਲਾਜਮ ਵਰਗ ਦੇ ਜੁਝਾਰੂ ਆਗੂ ਕਾਮਰੇਡ ਜਸਵੀਰ ਸਿੰਘ ਸਟੇਟ ਬੈਂਕ ਆਫ ਇੰਡੀਆ ਅਤੇ ਸੰਜੀਵ ਅਰੋੜਾ ਬੈਂਕ ਆਫ ਬੜੌਦਾ ਨੇ ਮੋਦੀ ਸਰਕਾਰ ਤੇ ਤਾਬੜਤੋੜ ਵਰ੍ਹਦਿਆਂ ਕਿਹਾ ਕਿ ਸਰਕਾਰ ਮੁੱਠੀ ਭਰ ਸਰਮਾਏਦਾਰਾਂ ਦੀ ਕਠਪੁਤਲੀ ਬਣ ਕੇ ਰਹਿ ਗਈ ਹੈ। ਸਰਕਾਰ ਸਾਰੇ ਦੇ ਸਾਰੇ ਸਰਕਾਰੀ ਬੈਂਕਾਂ ਨੂੰ ਜਾਣ ਬੁੱਝ ਕੇ ਘਾਟੇ ਚ ਦਿਖਾ ਕੇ ਖਤਮ ਕਰਕੇ ਅੰਬਾਨੀਆਂ-ਅਡਾਨੀਆਂ ਦੇ ਸਪੁਰਦ ਕਰਨ ਲਈ ਪੱਬਾਂ ਭਾਰ ਨਜਰ ਆ ਰਹੀ ਹੈ।
ਸਰਕਾਰ ਦੀਆਂ ਸਾਰੀਆਂ ਯੋਜਨਾਵਾਂ ਸਰਕਾਰੀ ਬੈਂਕਾਂ ਦੁਆਰਾ ਲਾਗੂ ਕੀਤੀਆਂ ਜਾਂਦੀਆਂ ਹਨ।ਉਹਨਾਂ ਕਿਹਾ ਕਿ ਸਰਕਾਰ ਦਾ ਬੈਂਕ ਨੂੰ ਖਤਮ ਕਰਨ ਦਾ ਕੰਮ ਬਿਲਕੁਲ ਉਸੇ ਤਰ੍ਹਾਂ ਦਾ ਹੈ ਜਿਸ ਤਰ੍ਹਾਂ ਕੋਈ ਦਰੱਖਤ ਦੇ ਡਾਹਣੇ ਉੱਪਰ ਬੈਠ ਕੇ ਉਸੇ ਨੁੰ ਵੱਢ ਰਿਹਾ ਹੋਵੇ।
ਇਸ ਤੋਂ ਇਲਾਵਾ ਸਾਹਿਲ ਜੈਨ, ਨੀਰਜ ਕੁਮਾਰ, ਰਾਕੇਸ਼ ਕੁਮਾਰ, ਅੰਜਲੀ, ਜਸਵੀਰ ਸਿੰਘ, ਵਿਨੋਦ, ਜਗਤਾਰ ਅਤੇ ਹੋਰ ਵੱਖ ਕਾਮਰੇਡਾਂ ਨੇ ਇਸ ਰੋਸ ਪ੍ਰਦਰਸ਼ਨ ਵਿਚ ਹਿੱਸਾ ਲਿਆ।