ਦੋਧੀਆ ਨੇ ਭੇਜੀਆ ਕਿਸਾਨਾ ਲਈ ਅੰਦੋਲਨ ਚ ਸੱਤ ਕੁਇੰਟਲ ਪਿੰਨੀਆਂ ਕੀਤਾ ਟਰੱਕ ਰਵਾਨਾ

0
256

ਬੁਢਲਾਡਾ 28 ਦਸੰਬਰ (ਸਾਰਾ ਯਹਾ /ਅਮਨ ਮਹਿਤਾ):   ਤਿੱਨ ਖੇਤੀ ਕਿਸਾਨ ਵਿਰੋਧੀ ਆਰਡੀਨੈਂਸਾਂ ਦੇ ਖ਼ਿਲਾਫ਼ ਪਿਛਲੇ ਲਗਪਗ ਇੱਕ ਮਹੀਨੇ ਤੋਂ ਦਿੱਲੀ ਦੀਆਂ ਸਰਹੱਦਾਂ ਤੇ ਧਰਨਾ  ਦੇ ਰਹੇ ਕਿਸਾਨਾਂ ਲਈ ਦੋਧੀ ਯੂਨੀਅਨ ਬੁਢਲਾਡਾ ਵੱਲੋਂ  ਖਾਣ ਪੀਣ ਦੀਆਂ ਵਸਤਾਂ ਲੈ ਕੇ ਧਰਨੇ ਵਿੱਚ ਸ਼ਮੂਲੀਅਤ ਕਰਨ ਲਈ ਟਰੱਕ ਰਵਾਨਾ ਕੀਤਾ ਗਿਆ।  ਇਸ ਸੰਬੰਧੀ ਜਾਣਕਾਰੀ ਦਿੰਦਿਆਂ  ਦੋਧੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਮੱਲ ਸਿੰਘ ਵਾਲਾ ਅਤੇ ਪ੍ਰਧਾਨ ਬਲਜੀਤ ਸਿੰਘ ਬਰ੍ਹੇ ਨੇ ਕਿਹਾ ਕਿ  ਪਿਛਲੇ ਲੰਬੇ ਸਮੇਂ ਤੋਂ ਸਾਡੇ ਕਿਸਾਨ ਵੀਰ ਅਤੇ ਹੋਰ ਜਥੇਬੰਦੀਆਂ ਤਿੰਨ ਖੇਤੀ ਕਿਸਾਨ ਵਿਰੋਧੀ ਆਰਡੀਨੈਂਸਾਂ ਦੇ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ ਤੇ ਧਰਨਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕਿਸਾਨ ਵਿਰੋਧੀ ਆਰਡੀਨੈਂਸਾਂ ਦਾ ਨੁਕਸਾਨ ਸਿਰਫ਼ ਕਿਸਾਨ ਨੂੰ ਹੀ ਨਹੀਂ ਬਲਕਿ ਸਮੂਹ ਵਰਗ ਨੂੰ ਹੈ। ਉਨ੍ਹਾਂ ਕਿਹਾ ਕਿ ਦੋਧੀਆਂ ਅਤੇ ਡੇਅਰੀਆਂ ਦਾ ਕੰਮਕਾਜ ਵੀ ਇਨ੍ਹਾਂ ਕਿਸਾਨਾਂ ਦੇ ਸਿਰ ਤੇ ਹੀ ਚਲਦਾ ਹੈ।  ਜਿਸ ਕਰਕੇ  ਇਸ ਧਰਨੇ ਵਿੱਚ ਸ਼ਮੂਲੀਅਤ ਕਰਨ ਲਈ ਦੋਧੀ ਯੂਨੀਅਨ ਵੱਲੋਂ 7 ਕੁਇੰਟਲ ਦੇ ਕਰੀਬ ਖੋਏ ਦੀਆਂ ਪਿੰਨੀਆਂ ਅਤੇ ਸਬਜ਼ੀ ਦੁੱਧ ਆਦਿ ਵਸਤੂਆਂ ਲੈ ਕੇ ਟਰੱਕ ਰਵਾਨਾ ਕੀਤਾ ਜਾ ਰਿਹਾ ਹੈ।ਉਨ੍ਹਾਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ  ਧਰਨੇ ਵਿੱਚ ਆਪਣੀ ਹਾਜ਼ਰੀ ਜ਼ਰੂਰ ਲਵਾਉਣ ਤਾਂ ਜੋ ਸਮੂਹ ਭਾਈਚਾਰਾ ਮਿਲ ਕੇ ਇਨ੍ਹਾਂ ਤਿੰਨ ਖੇਤੀ ਵਿਰੋਧੀ ਆਰਡੀਨੈਂਸਾਂ ਨੂੰ ਰੱਦ ਕਰਵਾ ਸਕੇ  ਅਤੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਪ੍ਰਾਈਵੇਟ ਅਦਾਰਿਆਂ ਉਤੇ ਜਾਣ ਤੋਂ ਰੋਕਿਆ ਜਾ ਸਕੇ। ਇਸ ਮੌਕੇ ਸਕੱਤਰ ਜਸਪਾਲ ਸਿੰਘ ਦਰੀਆਪੁਰ, ਮੀਤ ਪ੍ਰਧਾਨ ਹਰਵਿੰਦਰ ਸਿੰਘ, ਖਜ਼ਾਨਚੀ ਜਤਿੰਦਰ ਸਿੰਘ ਅਤੇ ਸਮੂਹ ਦੋਧੀ ਯੂਨੀਅਨ ਦੇ ਆਗੂ ਅਤੇ ਵਰਕਰ ਹਾਜ਼ਰ ਸਨ।  

NO COMMENTS